ਕੌਂਸਲਰ ਕੁਲਜੀਤ ਬੇਦੀ ਨੇ ਨਵਜੋਤ ਸਿੱਧੂ ਨੂੰ ਲਿਖਿਆ ਪੱਤਰ, ਕਰਮਚਾਰੀ ਵਾਪਸ ਭੇਜਣ ਦੀ ਮੰਗ

ਕਿਹਾ ‘ਨਗਰ ਨਿਗਮ ਮੁਹਾਲੀ ਦੇ ਅਧਿਕਾਰੀ ਤੇ ਕਰਮਚਾਰੀ ਵੱਖ ਵੱਖ ਵਿਭਾਗਾਂ ’ਚੋਂ ਵਾਪਸ ਨਿਗਮ ਵਿੱਚ ਭੇਜੇ ਜਾਣ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਮੁਹਾਲੀ ਨਗਰ ਨਿਗਮ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਤੇ ਲੋਕਲ ਬਾੱਡੀਜ਼ ਵਿਭਾਗ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਕੰਮ ਕਰ ਰਹੇ ਹਨ ਜਦਕਿ ਉਨ੍ਹਾਂ ਨੂੰ ਤਨਖਾਹ ਨਗਰ ਨਿਗਮ ਮੁਹਾਲੀ ਵੱਲੋਂ ਦਿੱਤੀ ਜਾਂਦੀ ਹੈ। ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਗਮ ਦਫ਼ਤਰ ਵਿੱਚ ਵਾਪਿਸ ਮੰਗਵਾਉਣ ਲਈ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਲੋਕਲ ਬਾੱਡੀਜ਼ ਵਿਭਾਗ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖਿਆ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹਾਲੀ ਨਿਗਮ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਨਖ਼ਾਹ ਸ਼ਹਿਰ ਦੇ ਲੋਕਾਂ ਤੋਂ ਇਕੱਠੇ ਕੀਤੇ ਜਾਂਦੇ ਟੈਕਸ ਦੇ ਪੈਸੇ ਨਾਲ ਦਿੱਤੀ ਜਾਂਦੀ ਹੈ। ਇਸ ਲਈ ਜੇਕਰ ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੰਮ ਬਾਹਰ ਕਰਨਾ ਹੈ ਤਾਂ ਇਨ੍ਹਾਂ ਦਾ ਮਾਲੀ ਬੋਝ ਨਿਗਮ ’ਤੇ ਨਹੀਂ ਪੈਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦਾ ਇੱਕ ਸੁਪਰਡੈਂਟ, ਕਈ ਕਲਰਕ, ਇੱਕ ਐਮ.ਟੀ.ਸੀ., ਇੱਕ ਫ਼ਾਇਰਮੈਨ, ਐਸ.ਡੀ.ਓ., ਸਫ਼ਾਈ ਸੇਵਕ ਅਤੇ ਸੇਵਾਦਾਰ ਵੱਖ ਵੱਖ ਬਰਾਂਚਾਂ ਵਿੱਚ ਕੰਮ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸਭ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਗਜ਼ਾਂ ਵਿੱਚ ਇਹੀ ਦਰਸਾਇਆ ਜਾ ਰਿਹਾ ਹੈ ਕਿ ਇਹ ਮੁਹਾਲੀ ਵਿੱਚ ਹੀ ਕੰਮ ਕਰ ਰਹੇ ਹਨ ਜਦਕਿ ਹਕੀਕਤ ਇਹ ਹੈ ਕਿ ਇਹ ਚੰਡੀਗੜ੍ਹ ਅਤੇ ਮੁਹਾਲੀ ਦੇ ਵੱਖ ਵੱਖ ਦਫ਼ਤਰਾਂ ਵਿੱਚ ਕੰਮ ਕਰਦੇ ਹਨ।
ਕੌਂਸਲਰ ਬੇਦੀ ਨੇ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ‘ਜਿਹੜਾ ਜਿੱਥੇ ਕੰਮ ਕਰਦਾ ਹੈ, ਉਥੋਂ ਹੀ ਤਨਖਾਹ ਲਵੇ’ ਲਏ ਫ਼ੈਸਲੇ ਦੀ ਉਦਾਹਰਨ ਦਿੰਦਿਆਂ ਲੋਕਲ ਬਾਡੀਜ਼ ਮੰਤਰੀ ਨੂੰ ਕਿਹਾ ਕਿ ਸਰਕਾਰ ਦੇ ਫ਼ੈਸਲੇ ’ਤੇ ਅਮਲ ਕਰਦਿਆਂ ਇਨ੍ਹਾਂ ਵੱਖ ਵੱਖ ਵਿਭਾਗਾਂ ਅਤੇ ਦਫ਼ਤਰਾਂ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤੁਰੰਤ ਵਾਪਸ ਨਗਰ ਨਿਗਮ ਮੁਹਾਲੀ ਦੇ ਦਫ਼ਤਰ ਵਿੱਚ ਭੇਜਿਆ ਜਾਵੇ ਤਾਂ ਜੋ ਨਿਗਮ ਦਾ ਕੰਮ ਵਧੀਆ ਅਤੇ ਸੁਚਾਰੂ ਢੰਗ ਨਾਲ ਹੋ ਸਕੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…