
ਫਰਜ਼ੀ ਟੀ-20 ਮੈਚ: ਅਦਾਲਤ ਨੇ ਡੰਡੀਵਾਲ ਤੇ ਸਾਥੀ ਨੂੰ ਲੁਧਿਆਣਾ ਜੇਲ੍ਹ ਭੇਜਿਆ
ਪਿੰਡ ਸਵਾੜਾ ਦੇ ਗਰਾਊਂਡ ਵਿੱਚ ਖੇਡੇ ਫਰਜ਼ੀ ਮੈਚ ਦਾ ਸ੍ਰੀਲੰਕਾ ਤੋਂ ਦਿਖਾਇਆ ਸੀ ਆਨਲਾਈਨ ਪ੍ਰਸਾਰਨ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਲਾਂਡਰਾਂ-ਸਰਹਿੰਦ ਮੁੱਖ ਮਾਰਗ ’ਤੇ ਸਥਿਤ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਫਰਜ਼ੀ ਟੀ-20 ਕ੍ਰਿਕਟ ਟੂਰਨਾਮੈਂਟ ਦੀ ਆੜ ਵਿੱਚ ਕਰੋੜਾ ਰੁਪਏ ਦਾ ਸੱਟਾ ਲਗਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁੱਖ ਮੁਲਜ਼ਮ ਰਵਿੰਦਰ ਸਿੰਘ ਡੰਡੀਵਾਲ ਵਾਸੀ ਨੌਹਰ (ਰਾਜਸਥਾਨ) ਅਤੇ ਦੁਰਗੇਸ਼ ਨੂੰ ਅੱਜ 5 ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਅਧੀਨ ਲੁਧਿਆਣਾ ਭੇਜ ਦਿੱਤਾ। ਮੁਹਾਲੀ ਦੀ ਐਸਪੀ (ਦਿਹਾਤੀ) ਸ੍ਰੀਮਤੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਫਰਜ਼ੀ ਮੈਚ ਮਾਮਲੇ ਵਿੱਚ ਹੁਣ ਤੱਕ ਮੁੱਖ ਮੁਲਜ਼ਮ ਡੰਡੀਵਾਲ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਦੋ ਮੁਲਜ਼ਮ ਪੰਕਜ ਅਰੋੜਾ ਵਿਕਟੋਰੀਆ ਹਾਈਟਸ ਸੁਸਾਇਟੀ ਪੀਰ ਮੁਛੱਲਾ (ਜ਼ੀਰਕਪੁਰ) ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਵਰੀਦਰਾਵਨ ਗਾਰਡਨ ਸੁਸਾਇਟੀ (ਜ਼ੀਰਕਪੁਰ) ਪਹਿਲਾਂ ਤੋਂ ਜੇਲ੍ਹ ਵਿੱਚ ਹਨ। ਮੁਲਜ਼ਮ ਦੁਰਗੇਸ਼ ’ਤੇ ਫਰਜ਼ੀ ਮੈਚਾਂ ਲਈ ਹਾਈਟੈੱਕ ਕੈਮਰੇ ਮੁਹੱਈਆ ਕਰਵਾਉਣ ਦਾ ਦੋਸ਼ ਹੈ।
ਐਸਪੀ ਗਰੇਵਾਲ ਨੇ ਦੱਸਿਆ ਕਿ ਪੁਲੀਸ ਨੇ ਦੁਰਗੇਸ਼ ਦੀ ਨਿਸ਼ਾਨਦੇਹੀ ’ਤੇ ਹਾਈਟੈੱਕ ਕੈਮਰੇ ਵੀ ਬਰਾਮਦ ਕਰ ਲਏ ਹਨ। ਇਸ ਤੋਂ ਪਹਿਲਾਂ ਮੈਚ ਖੇਡਣ ਲਈ ਖਿਡਾਰੀਆਂ ਨੂੰ ਦਿੱਤੀਆਂ ਜਰਸੀਆਂ ਸਮੇਤ ਗਰਾਊਂਡ ਵਿੱਚ ਲੱਗੇ ਹੋਰਡਿੰਗ ਵੀ ਕਬਜ਼ੇ ਵਿੱਚ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੁਰਗੇਸ਼ ਨੇ ਮੈਚ ਲਈ ਹਾਈਟੈੱਕ ਕੈਮਰੇ ਹਿਸਾਰ ਤੋਂ ਖਰੀਦੇ ਸੀ। ਜਿਨ੍ਹਾਂ ਨੂੰ ਅੱਗੇ ਫਰੀਦਕੋਟ ਦੇ ਵਸਨੀਕ ਰਾਹੀਂ ਡੰਡੀਵਾਲ ਤੱਕ ਪਹੁੰਚਾਇਆ ਗਿਆ।
ਮਹਿਲਾ ਅਧਿਕਾਰੀ ਨੇ ਦੱਸਿਆ ਕਿ 22 ਖਿਡਾਰੀਆਂ ਦੀ ਪਛਾਣ ਕਰ ਲਈ ਗਈ ਹੈ। ਜਿਨ੍ਹਾਂ ’ਚੋਂ ਚੱਪੜਚਿੜੀ ਦੇ ਚਾਰ ਖਿਡਾਰੀਆਂ ਦੇ ਬਿਆਨ ਪਹਿਲਾਂ ਹੀ ਦਰਜ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਖਿਡਾਰੀਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਅਤੇ ਬਿਆਨ ਦਰਜ ਕਰਵਾਉਣ ਲਈ ਥਾਣੇ ਸੱਦਿਆ ਗਿਆ ਹੈ। ਇੱਥੇ ਕਰਵਾਏ ਫਰਜ਼ੀ ਮੈਚ ਦਾ ਸ੍ਰੀਲੰਕਾ ਤੋਂ ਸਿੱਧਾ ਪ੍ਰਸਾਰਨ ਦਿਖਾਉਣ ਵਾਲਿਆਂ (ਆਨਲਾਈਨ ਐਪਜ਼) ਦੇ ਕਾਨੂੰਨੀ ਸੈੱਲ ਦੇ ਨੁਮਾਇੰਦੇ ਵੀ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ। ਇਸ ਤੋਂ ਪਹਿਲਾਂ ਸਵਾੜਾ ਦੇ ਜ਼ਮੀਨ ਮਾਲਕ ਅਤੇ ਕ੍ਰਿਕਟ ਅਕੈਡਮੀ ਦੇ ਸੰਚਾਲਕ ਦੇ ਬਿਆਨ ਦਰਜ ਕੀਤੇ ਗਏ ਹਨ।