
ਪੰਜਾਬ ਭਰ ਵਿੱਚ ਕੋਵਿਡ-19 ਟੀਕੇ ਦਾ ਅਭਿਆਸ ਰਿਹਾ ਕਾਮਯਾਬ: ਬਲਬੀਰ ਸਿੱਧੂ
ਕੋਵਿਡ ਟੀਕੇ ਦੀਆਂ ਰੋਜ਼ਾਨਾ 4 ਲੱਖ ਖ਼ੁਰਾਕਾਂ ਦਾ ਪ੍ਰਬੰਧਨ ਕਰਨ ਲਈ ਪੰਜਾਬ ਪੂਰੀ ਤਰ੍ਹਾਂ ਸਮਰੱਥ
ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਸਾਰੇ ਸੂਬਿਆਂ ਲਈ ਮੁਫ਼ਤ ਟੀਕਾ ਮੁਹੱਈਆ ਕਰਾਉਣ ਦੀ ਵਕਾਲਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਜਦੋਂ ਦੇਸ਼ ਕੋਵਿਡ-19 ਟੀਕਾਕਰਨ ਦੇ ਵਿਆਪਕ ਪ੍ਰੋਗਰਾਮ ਵੱਲ ਕਦਮ ਵਧਾ ਰਿਹਾ ਹੈ, ਪੰਜਾਬ ਟੀਕਾਕਰਨ ਦੇ ਪ੍ਰਬੰਧਨ ਲਈ ਤਿਆਰ-ਬਰ-ਤਿਆਰ ਹੈ ਅਤੇ ਜਦੋਂ ਵੀ ਵੈਕਸੀਨ ਦੀ ਸਪਲਾਈ ਪ੍ਰਾਪਤ ਹੁੰਦੀ ਹੈ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ 6-ਫੇਜ਼ ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿਖੇ ਕੋਵਿਡ ਟੀਕਾਕਰਨ ਅਭਿਆਸ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਟੀਕਾਕਰਨ ਅਭਿਆਸ ਸੂਬਾ ਪੱਧਰ ’ਤੇ ਲੋੜੀਂਦੇ ਅਮਲੇ ਅਤੇ ਸਮੱਗਰੀ ਨਾਲ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਸਬੰਧੀ ਸਾਰੀਆਂ ਵਿਉਂਤਬੰਦੀਆਂ ਕਰ ਲਈਆਂ ਗਈਆਂ ਹਨ। ਪਹਿਲਾਂ ਹੀ ਟੀਕਾਕਰਨ ਪ੍ਰਕਿਰਿਆ ਦਾ ਟਰਾਇਲ ਕੀਤਾ ਗਿਆ ਸੀ ਅਤੇ ਅਮਲੇ ਨੂੰ ਟੀਕਾਕਰਨ ਦੇ ਅਸਲ ਪ੍ਰਬੰਧਨ ਦੇ ਸਾਰੇ ਪਹਿਲੂਆਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਕਾਰਜਸ਼ੀਲ ਪਹਿਲੂਆਂ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ ਗਈ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਕੋਲ 1000 ਸਿਖਲਾਈ ਪ੍ਰਾਪਤ ਵੈਕਸੀਨੇਟਰ ਹਨ ਅਤੇ ਪ੍ਰਤੀ ਵੈਕਸੀਨੇਟਰ ਕਰੀਬ ਚਾਰ ਸਹਿਯੋਗੀ ਟੀਮ ਮੈਂਬਰ ਕੰਮ ਲਈ ਤਿਆਰ ਹਨ ਅਤੇ ਕੋਵਿਡ ਟੀਕੇ ਦੀਆਂ ਰੋਜ਼ਾਨਾ 4 ਲੱਖ ਖ਼ੁਰਾਕਾਂ ਦਾ ਪ੍ਰਬੰਧਨ ਕਰਨ ਲਈ ਪੰਜਾਬ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਟੀਕਾ ਪਹਿਲਾਂ ਤੋਂ ਰਜਿਸਟਰ ਹੋਏ ਲੋਕਾਂ/ਲਾਭਪਾਤਰੀਆਂ ਦੀ ਸਹਿਮਤੀ ਨਾਲ ਲਗਾਇਆ ਜਾਵੇਗਾ ਅਤੇ ਟੀਕਾਕਰਨ ਦੇ ਪਹਿਲੇ ਪੜਾਅ ਵਿੱਚ ਪ੍ਰਾਈਵੇਟ ਅਤੇ ਜਨਤਕ ਸਹੂਲਤਾਂ ਨਾਲ ਸਬੰਧਤ 1.6 ਲੱਖ ਸਿਹਤ ਸੰਭਾਲ ਕਾਮਿਆਂ ਦੇ ਲਗਾਇਆ ਜਾਵੇਗਾ। ਇਸ ਤੋਂ ਬਾਅਦ ਇਹ ਟੀਕਾ ਪੁਲੀਸ ਸਮੇਤ ਫਰੰਟਲਾਈਨ ਕਰੋਨਾ ਯੋਧੇ, ਮਾਲ ਅਧਿਕਾਰੀ ਅਤੇ ਹੋਰ ਫੀਲਡ ਸਟਾਫ਼ ਅਤੇ ਫਿਰ ਬਜ਼ੁਰਗਾਂ ਅਤੇ ਸਹਿ-ਰੋਗਾਂ ਤੋਂ ਪੀੜਤ ਆਬਾਦੀ ਦੇ ਲਗਾਇਆ ਜਾਵੇਗਾ।
ਸ੍ਰੀ ਸਿੱਧੂ ਨੇ ਦੱਸਿਆ ਕਿ ਉਹ ਕੇਂਦਰੀ ਸਿਹਤ ਮੰਤਰੀ ਦੇ ਸੰਪਰਕ ਵਿੱਚ ਹਨ ਅਤੇ ਸਾਰੇ ਰਾਜਾਂ ਲਈ ਕੋਵਿਡ ਟੀਕਾ ਮੁਫ਼ਤ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਕਰੋਨਾ ਟੀਕੇ ਦੀ ਅਸਲ ਵੰਡ ਵੱਲ ਵਧਦਿਆਂ ਪੰਜਾਬ ਸਰਕਾਰ ਨੇ ਅੱਜ ਜ਼ਿਲ੍ਹਾ ਹਸਪਤਾਲਾਂ, ਮੈਡੀਕਲ ਕਾਲਜਾਂ/ਨਿੱਜੀ ਸਿਹਤ ਸਹੂਲਤਾਂ ਅਤੇ ਸ਼ਹਿਰੀ/ਪੇਂਡੂ ਆਊਟਰੀਚ ਕੇਂਦਰਾਂ ਵਿੱਚ ਗਠਿਤ ਸਾਰੀਆਂ ਸੈਸ਼ਨ ਸਾਈਟਾਂ ਵਿੱਚ ਟੀਕੇ ਸਬੰਧੀ ਅਭਿਆਸ ਸਫਲਤਾਪੂਰਵਕ ਪੂਰਾ ਕੀਤਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨਿਰਧਾਰਿਤ ਸ਼ਡਿਊਲ ਤਹਿਤ ਲਾਭਪਾਤਰੀ ਜਾਂ ਮਰੀਜ਼ ਨੂੰ ਕੁੱਲ 2 ਖ਼ੁਰਾਕਾਂ ਦਿੱਤੀਆਂ ਜਾਣਗੀਆਂ ਅਤੇ ਦੂਜੀ ਖੁਰਾਕ ਪਹਿਲੀ ਤੋਂ 28 ਦਿਨਾਂ ਦੇ ਵਕਫ਼ੇ ਵਿੱਚ ਦਿੱਤੀ ਜਾਵੇਗੀ। ਹਰੇਕ ਵਿਅਕਤੀ ਨੂੰ ਟੀਕਾ ਲਗਾਉਣ ਪਿੱਛੋਂ ਆਬਜ਼ਰਵੇਸ਼ਨ ਰੂਮ ਵਿੱਚ 30 ਮਿੰਟ ਇੰਤਜ਼ਾਰ ਕਰਨਾ ਹੋਵੇਗਾ ਤਾਂ ਜੋ ਟੀਕਾਕਰਨ ਬਾਅਦ ਕਿਸੇ ਕਿਸਮ ਦੇ ਮਾੜੇ ਪ੍ਰਭਾਵ ਜਾਂ ਪ੍ਰੇਸ਼ਾਨੀ ਨੂੰ ਵਾਚਿਆ ਜਾ ਸਕੇ।
ਇਸ ਮੌਕੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਜੀਬੀ ਸਿੰਘ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਰਪੰਚ ਛੱਜਾ ਸਿੰਘ, ਜੀਐਸ ਰਿਆੜ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਮੌਜੂਦ ਸਨ।