‘ਕੋਵਿਡ ਟੀਕਾਕਰਨ’ ਮੁਹਿੰਮ ਤਹਿਤ ਕਰੋਨਾ ਯੋਧਿਆਂ ਨੂੰ ਦੂਜੀ ਖ਼ੁਰਾਕ ਦੇਣ ਦੀ ਕਵਾਇਦ ਸ਼ੁਰੂ

ਸਿਵਲ ਸਰਜਨ ਦੀ ਮੌਜੂਦਗੀ ਵਿੱਚ 25 ਸਿਹਤ ਅਧਿਕਾਰੀਆਂ ਨੇ ਟੀਕਾ ਲਗਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਮੁਹਾਲੀ ਜ਼ਿਲ੍ਹੇ ਦੀਆਂ ਚੋਣਵੀਂਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੋਵਿਡ ਟੀਕਾਕਰਨ ਪ੍ਰੋਗਰਾਮ ਦੀ ਦੂਜੀ ਖ਼ੁਰਾਕ ਦੇਣ ਦੀ ਕਵਾਇਦ ਅੱਜ ਤੋਂ ਸ਼ੁਰੂ ਹੋ ਗਈ। ਪਹਿਲੇ ਪੜਾਅ ਤਹਿਤ ਸਿਹਤ ਮੁਲਾਜ਼ਮਾਂ ਨੂੰ ਟੀਕਾ ਲਾਇਆ ਗਿਆ ਸੀ ਅਤੇ ਅੱਜ ਤੋਂ ਦੂਜੇ ਪੜਾਅ ਤਹਿਤ ਜ਼ਿਲ੍ਹਾ ਹਸਪਤਾਲ ਵਿਖੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਇਸ ਮੁਹਿੰਮ ਦੀ ਸ਼ੁਰੂਆਤ ਕਰਵਾਈ। ਅੱਜ ਕੁਲ 25 ਅਧਿਕਾਰੀਆਂ ਅਤੇ ਹੋਰ ਮੁਲਾਜ਼ਮਾਂ ਨੂੰ ਟੀਕਾ ਲਾਇਆ ਗਿਆ।
ਸਿਵਲ ਸਰਜਨ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਇਸ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਟੀਕਾ ਲਗਾਉਣ ਦਾ ਕੰਮ ਮਾਹਰ ਡਾਕਟਰਾਂ ਦੀ ਦੇਖਰੇਖ ਹੇਠ ਕੀਤਾ ਜਾ ਰਿਹਾ ਹੈ। ਇਹ ਦਵਾਈ ਬੇਹੱਦ ਸੁਰੱਖਿਅਤ ਹੈ ਅਤੇ ਹਾਲੇ ਤੱਕ ਕਿਸੇ ਵੀ ਵਿਅਕਤੀ ਅੰਦਰ ਇਸ ਦਵਾਈ ਦਾ ਮਾੜਾ ਅਸਰ ਨਹੀਂ ਦਸਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਬੀਮਾਰੀ ਦਾ ਟੀਕਾ ਬਣ ਗਿਆ ਹੈ ਪਰ ਹਾਲੇ ਵੀ ਸਾਵਧਾਨ ਰਹਿਣ ਦੀ ਬਹੁਤ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਰੂਰੀ ਕੰਮ ਪੈਣ ’ਤੇ ਹੀ ਆਪਣੇ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਜਾਣ ਸਮੇਂ ਮਾਸਕ, ਰੁਮਾਲ, ਕੱਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰੱਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫਾਸਲਾ ਰੱਖਿਆ ਜਾਵੇ। ਸਾਬਣ ਨਾਲ ਵਾਰ-ਵਾਰ ਹੱਥ ਧੋਣੇ ਅਤੇ ਸੈਨੇਟਾਈਜ਼ਰ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸਐਮਓ ਡਾ. ਵਿਜੇ ਭਗਤ, ਡਾ. ਹਰਮਿੰਦਰਪਾਲ ਸਿੰਘ ਚੀਮਾ, ਡਾ. ਸੰਦੀਪ ਸਿੰਘ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੀ 16 ਜਨਵਰੀ ਨੂੰ ਸਿਹਤ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਦੇਣ ਦੀ ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ ਸੀ। ਇਸ ਮੌਕੇ ਗੱਲਬਾਤ ਕਰਦਿਆਂ ਡਾ.ਆਦਰਸ਼ਪਾਲ ਕੌਰ ਨੇ ਦੱਸਿਆ ਕਿ ਸਿਹਤ ਮੁਲਾਜ਼ਮਾਂ ਨੂੰ ‘ਕਰੋਨਾ ਵਾਇਰਸ’ ਮਹਾਮਾਰੀ ਤੋਂ ਬਚਾਅ ਲਈ ‘ਕੋਵੀਸ਼ੀਲਡ’ ਟੀਕਾ ਲਗਾਏ ਗਏ ਹਨ। ਇਸ ਤੋਂ ਪਹਿਲਾਂ ਸਿਵਲ ਸਰਜਨ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜਰੇਵਾਲ, ਜ਼ਿਲ੍ਹਾ ਹਸਪਤਾਲ ਦੇ ਐਸਐਮਓ ਡਾ. ਵਿਜੇ ਭਗਤ, ਐਸਐਮਓ 2 ਡਾ. ਹਰਮਿੰਦਰਜੀਤ ਸਿੰਘ ਚੀਮਾ ਸਮੇਤ ਕਈ ਸਿਹਤ ਅਧਿਕਾਰੀ ਤੇ ਹੋਰ ਮੁਲਾਜ਼ਮ ਟੀਕਾ ਲਗਵਾ ਚੁੱਕੇ ਹਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…