Share on Facebook Share on Twitter Share on Google+ Share on Pinterest Share on Linkedin ਮੁਹਾਲੀ ਜ਼ਿਲ੍ਹੇ ਵਿੱਚ 55 ਸਰਕਾਰੀ ਸਿਹਤ ਸੰਸਥਾਵਾਂ ਵਿੱਚ ਹੋ ਰਿਹੈ ਕੋਵਿਡ ਟੀਕਾਕਰਨ ਦਵਾਈ ਦੀ ਕੋਈ ਘਾਟ ਨਹੀਂ, ਸਾਰੇ ਲਾਭਪਾਤਰੀ ਟੀਕਾ ਲਗਵਾਉਣ: ਸਿਵਲ ਸਰਜਨ ਜ਼ਿਲ੍ਹੇ ਵਿੱਚ ਹੁਣ ਤੱਕ 4 ਲੱਖ 51 ਹਜ਼ਾਰ 134 ਲੋਕਾਂ ਨੂੰ ਲਗਾਈ ਜਾ ਚੁੱਕੀ ਹੈ ਕੋਵਿਡ ਵੈਕਸੀਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ: ਜ਼ਿਲ੍ਹਾ ਐਸ.ਏ.ਐਸ ਨਗਰ ਵਿਚ ਇਸ ਵੇਲੇ ਕੁਲ 55 ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਟੀਕੇ ਲਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਕਾਰਜਕਾਰੀ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਿਕਰਾਂਤ ਨਾਗਰਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਵੇਲੇ ਜਿਲ਼੍ਹੇ ਵਿਚ ਕੋਵਿਡ ਰੋਕੂ ਦਵਾਈ ਦੀ ਕੋਈ ਘਾਟ ਨਹੀਂ ਹੈ ਅਤੇ ਸਾਰੇ ਯੋਗ ਲਾਭਪਾਤਰੀਆਂ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਦਸਿਆ ਕਿ ਇਸ ਵੇਲੇ ਜ਼ਿਲ੍ਹਾ ਭਰ ਵਿੱਚ 11 ਪੱਕੇ ਅਤੇ 44 ਆਰਜ਼ੀ ਟੀਕਾਕਰਨ ਕੇਂਦਰ ਚੱਲ ਰਹੇ ਹਨ। ਜ਼ਿਲ੍ਹੇ ਦੇ ਕੋਵਿਡ ਟੀਕਾਕਰਨ ਕੇਂਦਰਾਂ ਦੇ ਸਥਾਨ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਿਹਤ ਅਧਿਕਾਰੀਆਂ ਨੇ ਦਸਿਆ ਕਿ ਇਸ ਵੇਲੇ ਮੋਹਾਲੀ ਸ਼ਹਿਰ ਵਿੱਚ ਫੇਜ਼-6 ਦੇ ਜ਼ਿਲ੍ਹਾ ਹਸਪਤਾਲ ਦੇ ਸਾਹਮਣੇ ਸਰਕਾਰੀ ਕਾਲਜ, ਡੇਰਾਬੱਸੀ, ਖਰੜ, ਘੜੂੰਆਂ, ਕੁਰਾਲੀ, ਬੂਥਗੜ੍ਹ, ਢਕੋਲੀ, ਬਨੂੜ ਅਤੇ ਲਾਲੜੂ ਦੇ ਸਰਕਾਰੀ ਹਸਪਤਾਲਾਂ, ਕਮਿਊਨਿਟੀ ਸੈਂਟਰ ਫੇਜ਼-7 ਅਤੇ ਡੇਰਾਬੱਸੀ ਦੇ ਸਿਵਲ ਹਸਪਤਾਲ ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੱਕੇ ਤੌਰ ‘ਤੇ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਭਰ ਵਿਚ ਆਰਜ਼ੀ ਟੀਕਾਕਰਨ ਕੇਂਦਰ ਬਣਾਏ ਗਏ ਹਨ। ਜਿਨ੍ਹਾਂ ਵਿਚ ਅਰਬਨ ਪ੍ਰਾਇਮਰੀ ਹੈਲਥ ਸੈਂਟਰ, ਫੇਜ਼-1, ਫੇਜ਼-7, ਫੇਜ਼-11, ਈਐਸਆਈ ਡਿਸਪੈਂਸਰੀ ਫੇਜ਼-3 ਮੁਹਾਲੀ, ਅਰਬਨ ਪ੍ਰਾਇਮਰੀ ਹੈਲਥ ਸੈਂਟਰ (ਯੂਪੀਐਚਸੀ) ਮੁੰਡੀ ਖਰੜ, ਨਵਾਂ ਗਰਾਓਂ, ਸਿਵਲ ਹਸਪਤਾਲ ਖਰੜ ਪੁਰਾਣਾ ਟਰੇਨਿੰਗ ਸੈਂਟਰ, ਯੂਪੀਐਚਸੀ ਬਲਟਾਣਾ, ਪ੍ਰੀਤ ਕਾਲੋਨੀ ਜ਼ੀਰਕਪੁਰ, ਬੂਥਗੜ੍ਹ ਬਲਾਕ ਵਿਚ ਖ਼ਿਜ਼ਰਾਬਾਦ, ਪਲਹੇੜੀ, ਬਹਿਲੋਲਪੁਰ, ਬੜੌਦੀ, ਚਟੋਲੀ, ਪਡਿਆਲਾ, ਪੜੌਲ ਅਤੇ ਤੋਗਾਂ ਦੇ ਸਿਹਤ ਕੇਂਦਰਾਂ ਵਿਚ ਟੀਕਾਕਰਨ ਹੋ ਰਿਹਾ ਹੈ। ਡੇਰਾਬੱਸੀ ਬਲਾਕ ਵਿਚ ਬਸੋਲੀ, ਪੰਡਵਾਲਾ, ਅਮਲਾਲਾ, ਭੁੱਖੜੀ, ਦੱਪਰ, ਛੱਤ, ਭਬਾਤ ਦੇ ਸਿਹਤ ਕੇਂਦਰਾਂ, ਘੜੂੰਆਂ ਬਲਾਕ ਵਿਚ ਬੱਤਾ, ਸਕਰੁੱਲਾਪੁਰ, ਬਡਾਲੀ, ਜੰਗੋੜੀ, ਗੜਾਂਗਾਂ, ਬਸੀਆਂ, ਸਨੇੋਟਾ, ਝੰਜੇੜੀ, ਚਡਿਆਲਾ, ਬਾਕਰਪੁਰ, ਮੱਛਲੀ ਕਲਾਂ, ਨਯਾਗਾਉਂ, ਸੋਹਾਣਾ, ਮਨੌਲੀ, ਦਾਊਂ ਮਾਜਰਾ, ਦਾਊਂ, ਮਟੌਰ, ਚੰਦੋਂ, ਮਜਾਤ, ਲਾਂਡਰਾਂ, ਮੁੱਲਾਂਪੁਰ ਦੇ ਸਿਹਤ ਕੇਂਦਰਾਂ ਵਿਚ ਵੀ ਟੀਕਾਕਰਨ ਹੋ ਰਿਹਾ ਹੈ। ਡਾ. ਵਿਕਰਾਂਤ ਨੇ ਦਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 4,51,134 ਲੋਕਾਂ ਨੂੰ ਕੋਵਿਡ ਰੋਕੂ ਟੀਕੇ ਲਾਏ ਜਾ ਚੁੱਕੇ ਹਨ। ਜਿਨ੍ਹਾਂ ’ਚੋਂ 402299 ਲੋਕਾਂ ਨੂੰ ਪਹਿਲੀ ਖ਼ੁਰਾਕ ਅਤੇ 48835 ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਡਾ. ਵਿਕਰਾਂਤ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਸਰਕਾਰ ਦੀ ਦਵਾਈ ਨਾਲ 18 ਤੋਂ 44 ਸਾਲ ਦੇ ਵਿਅਕਤੀਆਂ ਦਾ ਟੀਕਾਕਰਨ ਹੋ ਰਿਹਾ ਹੈ ਜਿਨ੍ਹਾਂ ਵਿਚ ਰਜਿਸਟਰਡ ਸਨਅਤੀ ਕਾਮੇ, ਉਸਾਰੇ ਕਾਮੇ, ਹੈਲਥ ਕੇਅਰ ਵਰਕਰਾਂ ਦੇ ਪਰਵਾਰਕ ਜੀਅ ਅਤੇ ਗੰਭੀਰ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਵੀ ਕਵਰ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੀ ਦਵਾਈ ਨਾਲ 45 ਤੋਂ ਉਪਰਲੇ ਵਿਅਕਤੀਆਂ ਦਾ ਟੀਕਾਕਰਨ ਹੋ ਰਿਹਾ ਹੈ ਜਿਨ੍ਹਾਂ ਵਿਚ ਹੈਲਥ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰ ਵੀ ਸ਼ਾਮਲ ਹਨ। ਉਨ੍ਹਾਂ ਦਸਿਆ ਕਿ 21 ਜੂਨ ਤੋਂ ਭਾਰਤ ਸਰਕਾਰ ਦੁਆਰਾ ਭੇਜੀ ਜਾਣ ਵਾਲੀ ਦਵਾਈ ਨਾਲ ਟੀਕਾਕਰਨ ਦਾ ਦਾਇਰਾ 18 ਤੋਂ ਉਪਰਲੀ ਉਮਰ ਦੇ ਸਾਰੇ ਵਿਅਕਤੀਆਂ ਤਕ ਵਧਾ ਦਿਤਾ ਜਾਵੇਗਾ। ਡਾ. ਵਿਕਰਾਂਤ ਨੇ ਕਿਹਾ ਕਿ ਟੀਕਾਕਰਨ ਤੋਂ ਬਾਅਦ ਵੀ ਸਾਰੀਆਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਜ਼ਰੂਰੀ ਹੈ ਜਿਵੇਂ ਮਾਸਕ ਪਾਉਣਾ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਣਾ ਅਤੇ ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣਾ। ਸਿਹਤ ਸਬੰਧੀ ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ