
ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 18,44,723 ਲੋਕਾਂ ਦਾ ਕੋਵਿਡ ਟੀਕਾਕਰਨ
18 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਦਿੱਤੀ ਜਾ ਚੁੱਕੀ ਹੈ ਤੀਜੀ (ਬੂਸਟਰ ਡੋਜ)
ਜ਼ਿਲ੍ਹੇ ਵਿੱਚ ਘਰ-ਘਰ ਜਾ ਕੇ ਕੋਵਿਡ-ਰੋਕੂ ਟੀਕਾਕਰਨ ਮੁਹਿੰਮ ਜੰਗੀ ਪੱਧਰ ’ਤੇ ਜਾਰੀ: ਸਿਵਲ ਸਰਜਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
‘ਕਰੋਨਾ ਵਾਇਰਸ’ ਮਹਾਮਾਰੀ ਤੋਂ ਬਚਾਅ ਲਈ ‘ਹਰ ਘਰ ਦਸਤਕ’ ਮੁਹਿੰਮ ਤਹਿਤ ਮੁਹਾਲੀ ਜ਼ਿਲ੍ਹੇ ਵਿੱਚ ਘਰ-ਘਰ ਜਾ ਕੇ ਕੋਵਿਡ-ਰੋਕੂ ਟੀਕਾਕਰਨ ਮੁਹਿੰਮ ਜੰਗੀ ਪੱਧਰ ’ਤੇ ਚੱਲ ਰਹੀ ਹੈ। ਅੱਜ ਇੱਥੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿੱਚ ਹੁਣ ਤੱਕ 18 ਲੱਖ 44 ਹਜ਼ਾਰ 723 ਲੋਕਾਂ ਦਾ ਕੋਵਿਡ-ਰੋਕੂ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਸ ਤਹਿਤ 11,03,040 ਲੋਕਾਂ ਨੂੰ ਪਹਿਲੀ ਅਤੇ 7,23,038 ਲੋਕਾਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਜਦੋਂਕਿ 18,645 ਵਿਅਕਤੀਆਂ ਨੂੰ ਤੀਜੀ (ਬੂਸਟਰ ਡੋਜ) ਲੱਗ ਚੁੱਕੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀ ਜ਼ਿਲ੍ਹੇ ਦੇ ਤਿੰਨ ਸਿਹਤ ਬਲਾਕਾਂ-ਘੜੂੰਆਂ, ਬੂਥਗੜ੍ਹ, ਡੇਰਾਬੱਸੀ ਅਧੀਨ ਪੈਂਦੇ ਪਿੰਡਾਂ ਅਤੇ ਹੋਰ ਸ਼ਹਿਰਾਂ ਵਿੱਚ ਘਰ-ਘਰ ਜਾ ਕੇ ਲੋਕਾਂ ਦੇ ਕੋਵਿਡ-ਰੋਕੂ ਟੀਕੇ ਲਗਾ ਰਹੇ ਹਨ। ਉਨ੍ਹਾਂ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਕਿ ਹਾਲੇ ਵੀ ਲੋਕ ਪਹਿਲਾਂ ਜਾਂ ਦੂਜਾ ਟੀਕਾ ਲਗਵਾਉਣ ਤੋਂ ਝਿਜਕ ਰਹੇ ਹਨ। ਹਾਲਾਂਕਿ ਲੋਕਾਂ ਨੂੰ ਕੋਵਿਡ ਟੀਕਾਕਰਨ ਦੇ ਫਾਇਦੇ ਦੱਸੇ ਰਹੇ ਹਨ ਪਰ ਫਿਰ ਵੀ ਉਹ ਟੀਕਾਕਰਨ ਲਈ ਤਿਆਰ ਨਹੀਂ ਹੁੰਦੇ। ਉਨ੍ਹਾਂ ਕਿਹਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਜ਼ਰੂਰੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਜੇ ਦੂਜਾ ਟੀਕਾ ਤੈਅ ਸਮੇਂ ਵਿੱਚ ਨਹੀਂ ਲਗਵਾਇਆ ਜਾਂਦਾ ਤਾਂ ਪਹਿਲਾ ਟੀਕਾ ਲਗਵਾਉਣ ਦਾ ਕੋਈ ਫਾਇਦਾ ਨਹੀਂ। ਜਦ ਦੋਵੇਂ ਟੀਕੇ ਲੱਗ ਜਾਂਦੇ ਹਨ, ਤਦ ਹੀ ਸਰੀਰ ਅੰਦਰ ਕਰੋਨਾ ਮਹਾਮਾਰੀ ਨਾਲ ਲੜਨ ਦੀ ਤਾਕਤ ਪੂਰੀ ਤਰ੍ਹਾਂ ਪੈਦਾ ਹੁੰਦੀ ਹੈ। ਇਸ ਵੇਲੇ ਕੋਵੀਸ਼ੀਲਡ ਅਤੇ ਕੋਵੈਕਸੀਨ ਦਵਾਈ ਦੇ ਟੀਕੇ ਲਾਏ ਜਾ ਰਹੇ ਹਨ। ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ। ਇਸ ਵੇਲੇ 15 ਤੋਂ 18 ਸਾਲ ਤੱਕ ਦੇ ਨੌਜਵਾਨਾਂ ਸਮੇਤ ਇਸ ਤੋਂ ਵੱਡੀ ਉਮਰ ਦੇ ਵਿਅਕਤੀਆਂ ਦੇ ਟੀਕਾਕਰਨ ਤੋਂ ਇਲਾਵਾ 60 ਸਾਲ ਤੋਂ ਉਪਰਲੇ ਵਿਅਕਤੀਆਂ, ਫਰੰਟਲਾਈਨ ਕਾਮਿਆਂ ਅਤੇ ਸਿਹਤ ਕਾਮਿਆਂ ਨੂੰ ਬੂਸਟਰ ਡੋਜ਼ ਦਿੱਤੀ ਜਾ ਰਹੀ ਹੈ।
ਡਾ. ਆਦਰਸ਼ਪਾਲ ਕੌਰ ਨੇ ਇਕ ਵਾਰ ਫਿਰ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੀ ਮਾਰੂ ਬੀਮਾਰੀ ਤੋਂ ਬਚਾਅ ਲਈ ਤਮਾਮ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਇਸ ਬੀਮਾਰੀ ’ਤੇ ਕਾਬੂ ਪਾਉਣ ਲਈ ਪੂਰੀ ਜੱਦੋਜਹਿਦ ਕਰ ਰਿਹਾ ਹੈ ਪਰ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਮਾਸਕ ਪਾਉਣ, ਇਕ ਦੂਜੇ ਤੋਂ ਸਮਾਜਕ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਜਿਹੇ ਬੁਨਿਆਦੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇ ਲਗਾਤਾਰ ਖੰਘ, ਜ਼ੁਕਾਮ, ਬੁਖ਼ਾਰ ਆਦਿ ਜਿਹੀ ਤਕਲੀਫ਼ ਹੋਵੇ ਤਾਂ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਡਾਕਟਰ ਦੀ ਸਲਾਹ ਲਈ ਜਾਵੇ ਅਤੇ ਕੋਵਿਡ ਟੈਸਟ ਕਰਵਾਇਆ ਜਾਵੇ। ਸਿਹਤ ਸਬੰਧੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ 104 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।