
ਜ਼ਿਲ੍ਹਾ ਮੁਹਾਲੀ ਵਿੱਚ 95 ਫੀਸਦੀ ਆਬਾਦੀ ਦਾ ਹੋਇਆ ਕੋਵਿਡ ਟੀਕਾਕਰਨ: ਸਿਵਲ ਸਰਜਨ
31 ਫੀਸਦੀ ਆਬਾਦੀ ਨੇ ਦੋਵੇਂ ਟੀਕੇ ਲਗਵਾਏ, ਟੀਕਾਕਰਨ ਮੁਹਿੰਮ ਜੰਗੀ ਪੱਧਰ ’ਤੇ ਜਾਰੀ
ਦੂਜਾ ਟੀਕਾ ਨਾ ਲਗਵਾਉਣ ’ਤੇ ਪਹਿਲਾ ਟੀਕਾ ਵੀ ਬੇਅਸਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਜੰਗੀ ਪੱਧਰ ’ਤੇ ਟੀਕਾਕਰਨ ਮੁਹਿੰਮ ਜਾਰੀ ਹੈ ਅਤੇ ਹੁਣ ਤੱਕ ਸਮੁੱਚੇ ਜ਼ਿਲ੍ਹੇ ਅੰਦਰ ਲਗਪਗ 95 ਫੀਸਦੀ ਆਬਾਦੀ ਦਾ ਟੀਕਾਕਰਨ ਹੋ ਚੁੱਕਾ ਹੈ। ਜਿਸ ’ਚੋਂ 31 ਫੀਸਦੀ ਆਬਾਦੀ ਨੂੰ ਦੋਵੇਂ ਕੋਵਿਡ-ਰੋਕੂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਇੱਥੇ ਇਹ ਜਾਣਕਾਰੀ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਵਿਕਰਾਂਤ ਨਾਗਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 18 ਸਾਲ ਤੋਂ ਉੱਪਰਲੀ ਕੁੱਲ ਆਬਾਦੀ 7,72,826 ਹੈ। ਜਿਸ ’ਚੋਂ 7,35,772 ਲੋਕਾਂ ਨੂੰ ਕੋਵਿਡ ਰੋਕੂ ਟੀਕੇ ਲਾਏ ਜਾ ਚੁੱਕੇ ਹਨ। ਉਂਜ ਹੁਣ ਤੱਕ ਕੁੱਲ 9,63,542 ਟੀਕੇ ਲਾਏ ਜਾ ਚੁੱਕੇ ਹਨ। ਜਿਸ ’ਚੋਂ 7,35,772 ਲੋਕਾਂ ਨੂੰ ਪਹਿਲੀ ਖੁਰਾਕ ਅਤੇ 2,27,770 ਵਿਅਕਤੀਆਂ ਨੂੰ ਦੋਵੇਂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 60 ਸਾਲ ਦੀ ਉਮਰ ਤੋਂ ਉੱਪਰਲੇ 1,41,831 ਲੋਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ। 7,56,833 ਲੋਕਾਂ ਨੂੰ ਕੋਵੀਸ਼ੀਲਡ ਅਤੇ 1,47,761 ਲੋਕਾਂ ਨੂੰ ਕੋਵੈਕਸੀਨ ਦੇ ਟੀਕੇ ਲਾਏ ਗਏ ਹਨ। ਇਸ ਤੋਂ ਇਲਾਵਾ 8,534 ਲੋਕਾਂ ਨੂੰ ਸਪੂਤਨਿਕ ਦਵਾਈ ਦੇ ਟੀਕੇ ਲੱਗੇ ਹਨ। ਜ਼ਿਕਰਯੋਗ ਹੈ ਕਿ ਸਪੂਤਨਿਕ ਦਵਾਈ ਸਿਰਫ਼ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਵੇਲੇ 58 ਸਰਕਾਰੀ ਕੋਵਿਡ ਟੀਕਾਕਰਨ ਕੇਂਦਰ ਅਤੇ 7 ਨਿੱਜੀ ਕੋਵਿਡ ਟੀਕਾਕਰਨ ਕੇਂਦਰ ਚੱਲ ਰਹੇ ਹਨ। ਉਨ੍ਹਾਂ ਟੀਕਾਕਰਨ ਦੀ ਗਤੀ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ ਕਿ ਜ਼ਿਲ੍ਹੇ ਵਿੱਚ 99 ਫੀਸਦੀ ਆਬਾਦੀ ਦਾ ਟੀਕਾਕਰਨ ਹੋ ਚੁੱਕਾ ਹੈ। ਹਾਲਾਂਕਿ ਉਨ੍ਹਾਂ ਇਸ ਗੱਲ ’ਤੇ ਚਿੰਤਾ ਪ੍ਰਗਟ ਕੀਤੀ ਕਿ ਕਾਫ਼ੀ ਗਿਣਤੀ ਵਿੱਚ ਲੋਕ ਦੂਜਾ ਟੀਕਾ ਲਗਵਾਉਣ ਲਈ ਨਹੀਂ ਆ ਰਹੇ।
ਉਨ੍ਹਾਂ ਦਸਿਆ ਕਿ ਲਗਭਗ 1,38,000 ਲੋਕਾਂ ਨੇ ਤੈਅ ਸਮੇਂ ’ਤੇ ਅਪਣਾ ਦੂਜਾ ਟੀਕਾ ਨਹੀਂ ਲਗਵਾਇਆ। ਅਜਿਹੇ ਲੋਕਾਂ ਨੂੰ ਦੂਜਾ ਟੀਕਾ ਲਗਵਾਉਣ ‘ਚ ਤੈਅ ਤਰੀਕ ਤੋਂ 12 ਦਿਨਾਂ ਤੋਂ ਲੈ ਕੇ 145 ਦਿਨਾਂ ਦੀ ਦੇਰ ਹੋ ਚੁੱਕੀ ਹੈ, ਜੋ ਗੰਭੀਰ ਚਿੰਤਾ ਦਾ ਕਾਰਨ ਹੈ। ਜੇ ਅਜਿਹੇ ਲੋਕ ਤੈਅ ਸਮੇਂ ’ਤੇ ਦੂਜਾ ਟੀਕਾ ਲਗਵਾ ਲੈਂਦੇ ਤਾਂ ਹੁਣ ਤੱਕ ਲਗਪਗ 50 ਫੀਸਦੀ ਆਬਾਦੀ ਦਾ ਮੁਕੰਮਲ ਟੀਕਾਕਰਨ ਹੋ ਜਾਣਾ ਸੀ। ਇਨ੍ਹਾਂ ’ਚੋਂ 60 ਸਾਲ ਤੋਂ ਉੱਪਰਲੇ ਲਗਪਗ 18 ਹਜ਼ਾਰ ਬਜ਼ੁਰਗ ਹਨ, ਜਿਨ੍ਹਾਂ ਨੇ ਹਾਲੇ ਤੱਕ ਤੈਅ ਸਮੇਂ ’ਤੇ ਆਪਣਾ ਦੂਜਾ ਟੀਕਾ ਨਹੀਂ ਲਗਵਾਇਆ।
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ-ਰੋਕੂ ਵੈਕਸੀਨ ਦੀ ਕੋਈ ਘਾਟ ਨਹੀਂ ਅਤੇ ਉਹ ਵੱਧ ਤੋਂ ਵੱਧ ਗਿਣਤੀ ਵਿਚ ਆ ਕੇ ਟੀਕਾ ਲਗਵਾਉਣ ਖ਼ਾਸਕਰ ਉਹ ਲੋਕ ਜਿਨ੍ਹਾਂ ਨੇ ਦੂਜਾ ਟੀਕਾ ਲਗਾਉਣ ਵਿੱਚ ਬਹੁਤ ਜ਼ਿਆਦਾ ਦੇਰ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਜੇ ਦੂਜਾ ਟੀਕਾ ਤੈਅ ਸਮੇਂ ’ਤੇ ਨਹੀਂ ਲਗਵਾਇਆ ਜਾਂਦਾ ਤਾਂ ਪਹਿਲਾ ਟੀਕਾ ਲਗਵਾਉਣ ਦਾ ਕੋਈ ਫਾਇਦਾ ਨਹੀਂ। ਜਦ ਦੋਵੇਂ ਟੀਕੇ ਲੱਗ ਜਾਂਦੇ ਹਨ, ਤੱਦ ਹੀ ਸਰੀਰ ਅੰਦਰ ਕਰੋਨਾ ਮਹਾਮਾਰੀ ਨਾਲ ਲੜਨ ਦੀ ਤਾਕਤ ਪੂਰੀ ਤਰ੍ਹਾਂ ਪੈਦਾ ਹੁੰਦੀ ਹੈ। ਸਿਵਲ ਸਰਜਨ ਨੇ ਕਿਹਾ ਕਿ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ। ਸਿਹਤ ਸਬੰਧੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।