
ਇਕ ਦਿਨ ਵਿੱਚ ਰਿਕਾਰਡ 20 ਹਜ਼ਾਰ ਤੋਂ ਵੱਧ ਲੋਕਾਂ ਦਾ ਕੋਵਿਡ ਟੀਕਾਕਰਨ: ਸਿਵਲ ਸਰਜਨ
ਕਰੋਨਾ ਮਹਾਮਾਰੀ ਤੋਂ ਬਚਾਅ ਲਈ 18 ਸਾਲ ਤੋਂ ਉਪਰਲਾ ਹਰ ਵਿਅਕਤੀ ਕੋਵਿਡ ਟੀਕਾਕਰਨ ਜ਼ਰੂਰ ਕਰਵਾਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਕਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਲਈ ਮੁਹਾਲੀ ਜ਼ਿਲ੍ਹੇ ਵਿੱਚ ਟੀਕਾਕਰਨ ਮੁਹਿੰਮ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਭਰ ਵਿੱਚ ਵੱਖ-ਵੱਖ ਥਾਵਾਂ ਉੱਤੇ ਮੈਗਾ ਟੀਕਾਕਰਨ ਕੈਂਪ ਲਗਾਏ ਗਏ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਕਾਰਜਕਾਰੀ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵਿਕਰਾਂਤ ਨਾਗਰਾ ਨੇ ਦੱਸਿਆ ਕਿ ਇਕ ਦਿਨ ਵਿੱਚ ਰਿਕਾਰਡ 20,959 ਲੋਕਾਂ ਨੂੰ ਕੋਵਿਡ ਰੋਕੂ ਟੀਕਾਕਰਨ ਕੀਤਾ ਗਿਆ। ਜਿਨ੍ਹਾਂ ਵਿੱਚ ਪਹਿਲੀ ਖ਼ੁਰਾਕ ਲੈਣ ਵਾਲੇ 15469 ਅਤੇ ਦੂਜੀ ਖ਼ੁਰਾਕ ਲੈਣ ਵਾਲੇ 5490 ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਇਕ ਦਿਨ ਵਿੱਚ ਸਭ ਤੋਂ ਵੱਧ 29 ਅਪਰੈਲ ਨੂੰ 12480 ਲੋਕਾਂ ਨੂੰ ਟੀਕੇ ਲਗਾਏ ਗਏ ਸਨ।
ਸਿਵਲ ਸਰਜਨ ਨੇ ਕਿਹਾ ਕਿ ਕੋਵਿਡ ਟੀਕਾਕਰਨ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪਰ ਹਾਲੇ ਵੀ ਹੋਰ ਜ਼ਿਆਦਾ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਖ਼ਾਸਕਰ ਬਜ਼ੁਰਗ ਹਾਲੇ ਵੀ ਟੀਕਾਕਰਨ ਤੋਂ ਵਾਂਝੇ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਅਪਣੇ ਲਾਗਲੇ ਸਿਹਤ ਕੇਂਦਰ ਵਿਚ ਜਾ ਕੇ ਟੀਕਾ ਲਗਵਾਉਣਾ ਚਾਹੀਦਾ ਹੈ। ਸਾਰੀਆਂ ਸਿਹਤ ਸੰਸਥਾਵਾਂ ਵਿੱਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ। ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹੇ ਵਿਚ ਦਵਾਈ ਦੀ ਕੋਈ ਘਾਟ ਨਹੀਂ ਅਤੇ 18 ਸਾਲ ਤੋਂ ਉਪਰਲੇ ਸਾਰੇ ਵਿਅਕਤੀਆਂ ਨੂੰ ਟੀਕਾ ਲਗਵਾਉਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਟੀਕਾਕਰਨ ਦੇ ਨਾਲ-ਨਾਲ ਸਾਵਧਾਨੀਆਂ ਵਰਤਣਾ ਵੀ ਬਹੁਤ ਜ਼ਰੂਰੀ ਹੈ। ਕਈ ਲੋਕਾਂ ਨੂੰ ਲੱਗ ਰਿਹਾ ਹੈ ਕਿ ਟੀਕਾ ਲਗਵਾਉਣ ਤੋਂ ਬਾਅਦ ਮਾਸਕ ਪਾਉਣ ਦੀ ਲੋੜ ਨਹੀਂ ਪਰ ਇਹ ਧਾਰਨਾ ਬਿਲਕੁਲ ਗ਼ਲਤ ਹੈ।
ਸਿਵਲ ਸਰਜਨ ਨੇ ਆਖਿਆ ਕਿ ਭਾਵੇਂ ਕੋਵਿਡ ਪਾਬੰਦੀਆਂ ਵਿਚ ਕਾਫ਼ੀ ਹੱਦ ਤਕ ਛੋਟਾਂ ਦਿਤੀਆਂ ਜਾ ਚੁੱਕੀਆਂ ਹਨ ਪਰ ਮਾਸਕ ਪਾਉਣ, ਇਕ ਦੂਜੇ ਤੋਂ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਜਿਹੀਆਂ ਸਾਵਧਾਨੀਆਂ ਪਹਿਲਾਂ ਵਾਂਗ ਵਰਤਦੇ ਰਹਿਣ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਪੈਣ ‘ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ। ਡਾ. ਆਦਰਸ਼ਪਾਲ ਕੌਰ ਨੇ ਕਿਹਾ,‘ਕੋਰੋਨਾਵਾਇਰਸ‘ ਨੂੰ ਹੋਰ ਅੱਗੇ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਜਨਤਕ ਥਾਵਾਂ ‘ਤੇ ਲੋਕਾਂ ਲਈ ਮਾਸਕ ਪਾਉਣਾ ਲਾਜ਼ਮੀ ਕੀਤਾ ਹੋਇਆ ਹੈ। ਜਿਹੜੇ ਵਿਅਕਤੀ ਜਨਤਕ ਸਥਾਨਾਂ ਉਤੇ ਬਿਨਾਂ ਮਾਸਕ ਨਜ਼ਰ ਆ ਰਹੇ ਹਨ, ਉਨ੍ਹਾਂ ਦਾ ਮਹਾਮਾਰੀ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਚਲਾਨ ਕਟਿਆ ਜਾ ਰਿਹਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਇਸ ਬੀਮਾਰੀ ਦੇ ਮੁਕੰਮਲ ਖ਼ਾਤਮੇ ਲਈ ਲਈ ਪੂਰੀ ਤਰ੍ਹਾਂ ਸਰਗਰਮ ਹੈ ਪਰ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾੜੀ-ਮੋਟੀ ਤਕਲੀਫ਼ ਹੋਣ ’ਤੇ ਹਸਪਤਾਲ ਨਾ ਜਾਇਆ ਜਾਵੇ। ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 ‘ਤੇ ਸੰਪਰਕ ਕਰ ਕੇ ਡਾਕਟਰ ਦੀ ਸਲਾਹ ਲਈ ਜਾਵੇ।