
ਕੋਵਿਡ ਵੈਕਸੀਨ ਘਪਲਾ: ਅਕਾਲੀ ਦਲ ਵੱਲੋਂ ਮੁਹਾਲੀ ਵਿਖੇ ਸਿਹਤ ਮੰਤਰੀ ਸਿੱਧੂ ਦੀ ਕੋਠੀ ਬਾਹਰ ਰੋਸ ਮੁਜ਼ਾਹਰਾ
ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਧਰਮਸੋਤ ਅਤੇ ਬਲਬੀਰ ਸਿੱਧੂ ਜੇਲ੍ਹ ਵਿੱਚ ਡੱਕਾਂਗੇ: ਸੁਖਬੀਰ ਬਾਦਲ
ਨਬਜ਼-ਏ-ਪੰਜਾਬ, ,ਮੁਹਾਲੀ, 7 ਜੂਨ:
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵੋਕਿਡ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦਾ ਕਥਿਤ ਦੋਸ਼ ਲਗਾਉਂਦੇ ਹੋਏ ਸੋਮਵਾਰ ਨੂੰ ਮੁਹਾਲੀ ਦੇ ਫੇਜ਼-7 ਸਥਿਤ ਸਿਹਤ ਮੰਤਰੀ ਦੀ ਰਿਹਾਇਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਤਰੀ ਦਾ ਪੁਤਲਾ ਸਾੜਿਆਂ।
ਇਸ ਮੌਕੇ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਸ੍ਰੀ ਸਿੱਧੂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਲੋਕ ਸਿਹਤ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ, ਉੱਥੇ ਦੂਜੇ ਪਾਸੇ ਸਿਹਤ ਮੰਤਰੀ ਨਿੱਜੀ ਹਸਪਤਾਲਾਂ ਨੂੰ ਮੁਨਾਫ਼ਾ ਦੇਣ ਵਿੱਚ ਲੱਗੇ ਹੋਏ ਹਨ। ਉਹਨਾਂ ਜਦੋਂ ਅਕਾਲੀ ਦਲ ਨੇ ਦੇਖਿਆ ਕਿ ਸਰਕਾਰ ਸਾਰੇ ਫਰੰਟ ਤੇ ਫੇਲ ਹੋ ਗਈ ਤਾਂ ਉਹਨਾਂ ਦੀ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਨੇ ਅੱਗੇ ਆ ਕੇ ਪੰਜਾਬ ਵਿੱਚ ਥਾਂ ਥਾਂ ‘ਤੇ ਕੋਵਿਡ ਕੇਅਰ ਸੈਂਟਰ ਖੋਲੇ ਗਏ। ਆਕਸੀਜਨ ਦੇ ਲੰਗਰ ਲਗਾਏ ਅਤੇ ਇਹਨਾਂ ਸੈਂਟਰਾਂ ਚੋਂ ਸਾਰੈ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਗਏ। ਉਹਨਾਂ ਜੋਰ ਦੇ ਕੇ ਆਖਿਆ ਕਿ ਕਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਪਰਿਵਾਰਾਂ ਨਾਲ ਤਾਲਮੇਲ ਕਰਕੇ ਉਹਨਾਂ ਦੇ ਬਿਆਨਾਂ ਉੱਤੇ ਸਿਹਤ ਮੰਤਰੀ ਬਲਬੀਰ ਸਿੱਧੂ ਸਮੇਤ ਹੋਰ ਜਿੰਮੇਵਾਰ ਆਗੂਆਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ।
ਸ੍ਰੀ ਬਾਦਲ ਨੇ ਅੈਲਾਨ ਕੀਤਾ ਕਿ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ਵਿੱਚ ਸਾਧੂ ਸਿੰਘ ਧਰਮਸੋ ਅਤੇ ਉਸ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੱਧੂ ਖਿਲਾਫ ਅਪਰਾਧਿਕ ਕੇਸ ਦਰਜ ਕਰਕੇ ਉਹਨਾਂ ਨੂੰ ਜੇਲਾਂ ਵਿੱਚ ਡੱਕਿਆ ਜਾਵੇਗਾ।
ਪਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਰੋਨਾ ਦੀ ਮਹਾਮਾਰੀ ਦੌਰਾਨ ਲੋਕਾਂ ਨੂੰ ਵੈਕਸੀਨ ਸਮੇਤ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣਾ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਹੈ, ਪ੍ਰੰਤੂ ਕੇਂਦਰ ਵੱਲੋਂ ਕਰੋਨਾ ਤੋਂ ਬਚਾਅ ਲਈ 400 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ ਕੋ-ਵੈਕਸੀਨ ਦੀਆਂ ਭੇਜੀਆਂ 1 ਲੱਖ 40 ਹਜ਼ਾਰ ਖੁਰਾਕਾਂ ਲੋਕਾਂ ਨੂੰ ਮੁਫ਼ਤ ਵਿੱਚ ਮੁਹੱਈਆ ਕਰਵਾਉਣ ਦੀ ਬਜਾਏ 42 ਹਜ਼ਾਰ ਖੁਰਾਕਾਂ, 20 ਨਿੱਜੀ ਹਸਪਤਾਲਾਂ ਨੂੰ 1060 ਪ੍ਰਤੀ ਡੋਜ਼ ਦੇ ਹਿਸਾਬ ਨਾਲ ਵੇਚ ਦਿੱਤੀਆਂ ਤਾਂ ਜੋ ਨਿੱਜੀ ਹਸਪਤਾਲਾਂ ਵਾਲੇ ਹੋਰ ਮੁਨਾਫ਼ਾ ਕਮਾ ਸਕਣ।
ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿਹਤ ਮੰਤਰੀ ਨੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ, ਜਿਸ ਲਈ ਉਨ੍ਹਾਂ ਨੂੰ ਨੈਤਿਕਤਾ ਦੇ ਅਧਾਰ ’ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।
ਇਸ ਮੌਕੇ ਅਕਾਲੀ ਵਿਧਾਇਕ ਅੈਨ ਕੇ ਸ਼ਰਮਾ, ਪਵਨ ਕੁਮਾਰ ਟੀਨੂ, ਸਾਬਕਾ ਮੰਤਰੀ ਸ਼ਰਨਜੀਤ ਸਿੰਈ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਅੈਸਜੀਪੀਸੀ ਦੇ ਸਾਬਕਾ ਪ੍ਧਾਨ ਗੋਬਿੰਦ ਸਿੰਘ ਲੌਂਗੋਵਾਲ, ਮੈਂਬਰ ਪਰਮਜੀਤ ਕੌਰ ਲਾਂਡਰਾਂ, ਸੁਰਜੀਤ ਸਿੰਘ ਗੜੀ, ਸਿਮਰਜੀਤ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਗਿੱਲ, ਕੁਲਦੀਪ ਕੌਰ ਕੰਗ, ਹਰਮਨਪ੍ਰੀਤ ਸਿੰਘ ਪ੍ਰਿੰਸ, ਕਮਲਜੀਤ ਸਿੰਘ ਰੂਬੀ, ਸਰਬਜੀਤ ਸਿੰਘ ਪਾਰਸ, ਗੁਰਮੀਤ ਸਿੰਘ ਸ਼ਾਮਪੁਰ, ਕੈਪਟਨ ਰਮਨਦੀਪ ਸਿੰਘ ਬਾਵਾ, ਗੁਰਜਿੰਦਰ ਸਿੰਘ ਤਾਜਲਪੁਰ, ਜਸਵਿੰਦਰ ਸਿੰਘ ਜੱਸੀ, ਪਰਵਿੰਦਰ ਸਿੰਘ ਤਸਿੰਬਲੀ, ਅਮਰੀਕ ਸਿੰਘ ਮੌਲੀ ਬੈਦਵਾਨ,ਸਤਨਾਮ ਸਿੰਘ ਲਾਂਡਰਾਂ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜਰ ਸਨ।