
ਕੋਵਿਡ-19: ਨਿਯਮਾਂ ਦੇ ਉਲੰਘਣਾ ਦੇ ਦੋਸ਼ ਵਿੱਚ ਰੈਸਟੋਰੈਂਟ ਦੇ ਤਿੰਨ ਮਾਲਕ ਗ੍ਰਿਫ਼ਤਾਰ
ਪੀਸੀਆਰ ਜਵਾਨਾਂ ਨੇ ਦੇਰ ਰਾਤ ਗਸ਼ਤ ਡਿਊਟੀ ਦੌਰਾਨ ਮਾਰਕੀਟ ’ਚ ਖੁੱਲ੍ਹਾ ਦੇਖਿਆ ਸੀ ਰੈਸਟੋਰੈਂਟ, ਕੇਸ ਦਰਜ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਮੁਹਾਲੀ ਪੁਲੀਸ ਨੇ ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਹੈ। ਇੱਥੋਂ ਦੇ ਫੇਜ਼-5 ਦੀ ਮਾਰਕੀਟ ਵਿੱਚ ਲੰਘੀ ਦੇਰ ਰਾਤ ਤੱਕ ਰੈਸਟੋਰੈਂਟ ਖੁੱਲ੍ਹਾ ਰੱਖਣ ਦੇ ਦੋਸ਼ ਤਹਿਤ ਰੈਸਟੋਰੈਂਟ ਦੇ ਤਿੰਨ ਮਾਲਕਾਂ ਪ੍ਰਤੀਕ ਅਤੇ ਸੁਮਿਤ ਦੋਵੇਂ ਵਾਸੀ ਫੇਜ਼-7 ਅਤੇ ਵਿਵੇਕ ਸ਼ਰਮਾ ਵਾਸੀ ਫੇਜ਼-11 ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਧਾਰਾ 188 ਅਧੀਨ ਫੇਜ਼-1 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਕਤ ਵਿਅਕਤੀ ਆਨਲਾਈਨ ਆਰਡਰ ਬੁੱਕ ਕੇ ਘਰਾਂ ਵਿੱਚ ਖਾਣਾ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਸਪਲਾਈ ਕਰਦੇ ਹਨ।
ਇਹ ਜਾਣਕਾਰੀ ਦਿੰਦਿਆਂ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਕਰੀਬ ਸਵਾ 11 ਵਜੇ ਪੁਲੀਸ ਕਰਮਚਾਰੀਆਂ ਨੇ ਗਸ਼ਤ ਡਿਊਟੀ ਦੌਰਾਨ ਦੇਖਿਆ ਕਿ ਕਲਿਆਣ ਜਿਊਲਰ ਫੇਜ਼-5 ਦੀ ਪਹਿਲੀ ਮੰਜ਼ਲ ’ਤੇ ਬਣਿਆ ਰੈਬਲ ਫੂਡ ਨਾਮ ਦਾ ਰੈਸਟੋਰੈਂਟ ਖੁੱਲ੍ਹਾ ਸੀ। ਪੁਲੀਸ ਕਰਮਚਾਰੀਆਂ ਦੇ ਪੁੱਛਣ ’ਤੇ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਸਬੰਧੀ ਕੋਈ ਦਸਤਾਵੇਜ਼ ਨਹੀਂ ਦਿਖਾਇਆ ਗਿਆ। ਜਿਸ ਕਾਰਨ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਤਿੰਨੇ ਹਿੱਸੇਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਕਾਰਵਾਈ ਦੌਰਾਨ ਉਕਤ ਵਿਅਕਤੀ ਰੈਸਟੋਰੈਂਟ ਵਿੱਚ ਆਨਲਾਈਨ ਬੁਕਿੰਗ ਸਬੰਧੀ ਪੈਕਿੰਗ ਕਰ ਰਹੇ ਸਨ। ਬਾਅਦ ਵਿੱਚ ਉਨ੍ਹਾਂ ਨੂੰ ਸਖ਼ਤ ਤਾੜਨਾ ਕਰਦਿਆਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਰਾਤ 10 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲਗਾਏ ਗਏ ਕਰਫਿਊ ਦੌਰਾਨ ਪੁਲੀਸ ਨੇ ਸੜਕਾਂ ’ਤੇ ਵਾਹਨ ਚਲਾ ਰਹੇ 15 ਵਿਅਕਤੀਆਂ ਦੇ ਵਾਹਨਾਂ ਦੇ ਚਾਲਾਨ ਕੀਤੇ ਗਏ ਹਨ ਜਦੋਂਕਿ ਦਸਤਾਵੇਜ਼ ਪੂਰੇ ਨਾ ਹੋਣ ਕਾਰਨ 2 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ।