
ਕੋਵਿਡ ਦੇ ਕੇਸ ਘਟਣ ਲੱਗੇ ਪਰ ਸਾਵਧਾਨੀਆਂ ਜ਼ਰੂਰੀ : ਸਿਵਲ ਸਰਜਨ
ਕੋਵਿਡ-ਰੋਕੂ ਟੀਕਾਕਰਨ ਤੇ ਮਾਸਕ ਪਾਉਣ ਦੀ ਬੇਹੱਦ ਲੋੜ : ਡਾ. ਆਦਰਸ਼ਪਾਲ ਕੌਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
‘ਕਰੋਨਾ ਵਾਇਰਸ’ ਮਹਾਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਮੁੜ ਚੌਕਸ ਕਰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਕੋਵਿਡ ਸੈਂਪਲਿੰਗ ਦੇ ਜ਼ਿਲ੍ਹਾ ਨੋਡਲ ਅਧਿਕਾਰੀ ਡਾ. ਹਰਮਨਦੀਪ ਕੌਰ ਨੇ ਕਿਹਾ ਕਿ ਭਾਵੇਂ ਕੋਵਿਡ ਦੀ ਤੀਜੀ ਲਹਿਰ ਸਿਖਰ ਤੋਂ ਹੇਠਾਂ ਵਲ ਆ ਰਹੀ ਹੈ ਅਤੇ ਪਿਛਲੇ ਕੁਝ ਦਿਨਾਂ ਦੌਰਾਨ ਪਾਜ਼ੇਟਿਵ ਕੇਸਾਂ ਦੀ ਗਿਣਤੀ ਘਟੀ ਹੈ ਪਰ ਸਾਰਿਆਂ ਨੂੰ ਹਾਲੇ ਵੀ ਪਹਿਲਾਂ ਵਾਂਗ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਜਿੱਥੇ ਇਸ ਬੀਮਾਰੀ ਤੋਂ ਬਚਾਅ ਲਈ ਮਾਸਕ ਪਾਉਣਾ ਅਤੇ ਕੋਵਿਡ-ਰੋਕੂ ਟੀਕਾਕਰਨ ਜ਼ਰੂਰੀ ਹੈ, ਉਥੇ ਬਹੁਤ ਜ਼ਰੂਰੀ ਕੰਮ ਪੈਣ ‘ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਇਕ ਦੂਜੇ ਤੋਂ ਦੋ ਗਜ਼ ਦਾ ਜ਼ਰੂਰੀ ਫ਼ਾਸਲਾ ਰਖਿਆ ਜਾਵੇ।
ਅਧਿਕਾਰੀਆਂ ਨੇ ਕਿਹਾ,‘ਕੋਵਿਡ ਪਾਬੰਦੀਆਂ ਵਿਚ ਛੋਟਾਂ ਦਿੱਤੇ ਜਾਣ ਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਇਹ ਬੀਮਾਰੀ ਖ਼ਤਮ ਹੋ ਗਈ ਹੈ। ਜੇ ਅਸੀਂ ਥੋੜੇ ਜਿਹੇ ਵੀ ਲਾਪਰਵਾਹ ਜਾਂ ਅਵੇਸਲੇ ਹੋਏ ਤਾਂ ਇਹ ਬੀਮਾਰੀ ਮੁੜ ਗੰਭੀਰ ਰੂਪ ਧਾਰ ਸਕਦੀ ਹੈ।‘ ਉਨ੍ਹਾਂ ਕਿਹਾ ਕਿ ਇਸ ਬੀਮਾਰੀ ਤੋਂ ਬਚਾਅ ਲਈ ਟੀਕਾਕਰਨ ਬੇਹੱਦ ਅਹਿਮ ਹੈ ਪਰ ਇਹ ਚਿੰਤਾ ਵਾਲੀ ਗੱਲ ਹੈ ਕਿ ਹਾਲੇ ਵੀ ਕਾਫ਼ੀ ਗਿਣਤੀ ਵਿੱਚ ਲੋਕ ਦੂਜਾ ਟੀਕਾ ਲਗਵਾਉਣ ਲਈ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਹਰ ਲਾਪਪਾਤਰੀ ਅਪਣਾ ਟੀਕਾਕਰਨ ਕਰਵਾਏ ਖ਼ਾਸਕਰ ਉਹ ਲੋਕ ਜਿਨ੍ਹਾਂ ਨੇ ਦੂਜਾ ਟੀਕਾ ਲਗਾਉਣ ਵਿੱਚ ਹਾਲੇ ਵੀ ਦੇਰ ਕਰ ਦਿੱਤੀ ਹੈ। ਜੇ ਦੂਜਾ ਟੀਕਾ ਤੈਅ ਸਮੇਂ ‘ਤੇ ਨਹੀਂ ਲਗਵਾਇਆ ਜਾਂਦਾ ਤਾਂ ਪਹਿਲਾ ਟੀਕਾ ਲਗਵਾਉਣ ਦਾ ਕੋਈ ਫ਼ਾਇਦਾ ਨਹੀਂ। ਜਦ ਦੋਵੇਂ ਟੀਕੇ ਲੱਗ ਜਾਂਦੇ ਹਨ, ਤਦ ਹੀ ਸਰੀਰ ਅੰਦਰ ਕੋਰੋਨਾ ਮਹਾਮਾਰੀ ਨਾਲ ਲੜਨ ਦੀ ਤਾਕਤ ਪੂਰੀ ਤਰ੍ਹਾਂ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਬੂਸਟਰ ਡੋਜ਼ ਵੀ ਲਗਵਾਈ ਜਾਵੇ। ਫਿਲਹਾਲ ਸਿਹਤ ਕਾਮਿਆਂ, ਫਰੰਟ ਲਾਈਨ ਕਾਮਿਆਂ ਅਤੇ 60 ਸਾਲ ਤੋਂ ਉਪਰਲੇ ਵਿਅਕਤੀਆਂ ਨੂੰ ਹੀ ਬੂਸਟਰ ਡੋਜ਼ ਲੱਗ ਰਹੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਬਾਜ਼ਾਰਾਂ ਅਤੇ ਦੁਕਾਨਾਂ ਵਿੱਚ ਗਾਹਕਾਂ ਦੀ ਭੀੜ ਨਹੀਂ ਹੋਣੀ ਚਾਹੀਦੀ ਅਤੇ ਸਮਾਜਕ ਦੂਰੀ ਹਰ ਹਾਲਤ ਵਿਚ ਕਾਇਮ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ‘ਕੋਰੋਨਾਵਾਇਰਸ’ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਜਨਤਕ ਥਾਵਾਂ ‘ਤੇ ਲੋਕਾਂ ਲਈ ਮਾਸਕ ਪਾਉਣਾ ਲਾਜ਼ਮੀ ਕੀਤਾ ਹੋਇਆ ਹੈ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਇਸ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਪਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਬੀਮਾਰੀ ਦਾ ਖ਼ਾਤਮਾ ਸੰਭਵ ਨਹੀਂ। ਲੋਕਾਂ ਨੂੰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾੜੀ-ਮੋਟੀ ਤਕਲੀਫ਼ ਹੋਣ ’ਤੇ ਹਸਪਤਾਲ ਨਾ ਜਾਇਆ ਜਾਵੇ। ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਡਾਕਟਰ ਦੀ ਸਲਾਹ ਲਈ ਜਾਵੇ।