Nabaz-e-punjab.com

ਗਊਆਂ ਦੀ ਮੌਤ ਦਾ ਮਾਮਲਾ: ਪੋਸਟਮਾਰਟਮ ਰਿਪੋਰਟ ’ਚ ਮੌਤ ਦਾ ਕਾਰਨ ਭੁੱਖਮਰੀ ਤੇ ਖ਼ੂਨ ਦੀ ਕਮੀ: ਡੀਸੀ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਿਆਨ ਫਾਊਂਡੇਸ਼ਨ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਚਾਰ ਦਿਨਾਂ ਵਿੱਚ ਰਿਪੋਰਟ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮਗਰਾ ਗਊਸ਼ਾਲਾ (ਲਾਲੜੂ) ਵਿੱਚ ਭੇਤਭਰੀ ਹਾਲਤ ਵਿੱਚ ਮਰੀਆਂ ਗਊਆਂ ਦੀ ਮੌਤ ਭੁੱਖਮਰੀ, ਖੂਨ ਦੀ ਕਮੀ ਅਤੇ ਤਣਾਅ ਆਉਣ ਕਾਰਨ ਹੋਈ ਹੈ। ਇਸ ਗੱਲ ਦਾ ਖੁਲਾਸਾ ਪੋਸਟ ਮਾਰਟਮ ਦੀ ਤਾਜ਼ਾ ਰਿਪੋਰਟ ਵਿੱਚ ਹੋਇਆ ਹੈ। ਇਹ ਰਿਪੋਰਟ ਮਿਲਣ ਤੋਂ ਬਾਅਦ ਡੀਸੀ ਦੀਆਂ ਹਦਾਇਤਾਂ ’ਤੇ ਡੇਰਾਬੱਸੀ ਦੇ ਕਾਰਜਕਾਰੀ ਐਸਡੀਐਮ ਮੇਜਰ ਗੁਰਜਿੰਦਰ ਬੈਨੀਪਾਲ ਨੇ ਗਊਸ਼ਾਲਾ ਦਾ ਪ੍ਰਬੰਧ ਚਲਾ ਰਹੀ ਧਿਆਨ ਫਾਊਂਡੇਸ਼ਨ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਵਿਸਥਾਰ ਰਿਪੋਰਟ ਤਲਬ ਕੀਤੀ ਗਈ ਹੈ।
ਅੱਜ ਦੇਰ ਸ਼ਾਮ ਡੀਸੀ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮਗਰਾ ਗਊਸ਼ਾਲਾ ਵਿੱਚ ਪਿਛਲੇ ਕਈ ਦਿਨਾਂ ਤੋਂ 50 ਤੋਂ ਵੱਧ ਗਊਆਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ’ਚੋਂ 22 ਗਊਆਂ ਦਾ ਪੋਸਟ ਮਾਰਟਮ ਸੀਨੀਅਰ ਵੈਟਰਨਰੀ ਡਾ. ਵਿਮਲ ਸ਼ਰਮਾ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ ਵੱਲੋਂ ਕੀਤਾ ਗਿਆ ਸੀ। ਪੋਸਟ ਮਾਰਟਮ ਰਿਪੋਰਟ ਵਿੱਚ ਗਊਆਂ ਦੀ ਮੌਤ ਦਾ ਕਾਰਨ ਭੁੱਖਮਰੀ, ਖ਼ੂਨ ਦੀ ਕਮੀ, ਤਣਾਅ ਤੇ ਠੰਢ ਦੱਸਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਜਕਾਰੀ ਐਸਡੀਐਮ ਮੇਜਰ ਬੈਨੀਪਾਲ ਰਾਹੀਂ ਗਊਆਂ ਦੀ ਮੌਤ ਦੇ ਮਾਮਲੇ ਦੀ ਮੁੱਢਲੀ ਜਾਂਚ ਕਰਵਾਈ ਗਈ ਸੀ, ਜਿਸ ਵਿੱਚ ਕਈ ਊਣਤਾਈਆਂ ਪਾਈਆਂ ਗਈਆਂ ਸਨ। ਐਸਡੀਐਮ ਨੇ ਆਪਣੇ ਦੌਰੇ ਦੌਰਾਨ ਪਾਇਆ ਕਿ ਗਊਸ਼ਾਲਾ ਵਿੱਚ ਸਫ਼ਾਈ ਦੀ ਕਾਫੀ ਘਾਟ ਸੀ ਅਤੇ ਪਸ਼ੂਆਂ ਦੇ ਹੇਠਾਂ ਤੋਂ ਗੋਹਾ ਵੀ ਨਹੀਂ ਚੁੱਕਿਆ ਗਿਆ ਸੀ।
ਡੀਸੀ ਨੇ ਦੱਸਿਆ ਕਿ ਐਸਡੀਐਮ ਦੀ ਰਿਪੋਰਟ ਮੁਤਾਬਕ ਗਊਸ਼ਾਲਾ ਵਿੱਚ ਗਊਆਂ ਨੂੰ ਰੱਖਣ ਲਈ ਪੂਰੇ ਸ਼ੈੱਡ ਨਹੀਂ ਬਣਾਏ ਗਏ ਅਤੇ ਨਾ ਹੀ ਉਨ੍ਹਾਂ ਨੂੰ ਪੂਰਾ ਚਾਰਾ ਦਿੱਤਾ ਜਾਂਦਾ ਹੈ। ਗਊਆਂ ਦੇ ਇਲਾਜ ਲਈ ਵੀ ਢੁਕਵੇਂ ਪ੍ਰਬੰਧ ਨਹੀਂ ਹਨ। ਉਨ੍ਹਾਂ ਦੱਸਿਆ ਕਿ ਐਸਡੀਐਮ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਨੇ ਅੱਜ ਧਿਆਨ ਫਾਊਂਡੇਸ਼ਨ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਕਿਹਾ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ, ਅਧਿਕਾਰੀ ਨੇ ਚਾਰ ਦਿਨਾਂ ਵਿੱਚ ਵਿਸਥਾਰਿਤ ਰਿਪੋਰਟ ਦੇਣ ਲਈ ਆਖਿਆ ਹੈ।
ਸ੍ਰੀ ਦਿਆਲਨ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਚੱਲਿਆ ਕਿ 32 ਏਕੜ ਜ਼ਮੀਨ ਵਿੱਚ ਫੈਲੀ ਇਸ ਗਊਸ਼ਾਲਾ ਦੇ ਪ੍ਰਬੰਧਾਂ ਵਿੱਚ ਵੱਡੇ ਪੱਧਰ ਉਤੇ ਗੜਬੜੀ ਪਾਈ ਗਈ। ਉਨ੍ਹਾਂ ਕਾਰਜਸਾਧਕ ਅਫ਼ਸਰ ਲਾਲੜੂ ਨੂੰ ਗਊਸ਼ਾਲਾ ਵਿੱਚ ਉਸਾਰੀ ਅਧੀਨ ਸ਼ੈੱਡ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲਗਭਗ ਤਿੰਨੇ ਮਹੀਨੇ ਪਹਿਲਾਂ ਰਾਸ਼ੀ ਜਾਰੀ ਕੀਤੀ ਸੀ। ਉਨ੍ਹਾਂ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਪਸ਼ੂਆਂ ਦੇ ਇਲਾਜ ਲਈ ਬਿਹਤਰ ਸਹੂਲਤਾਂ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਗੋਹੇ ਦਾ ਨਿਬੇੜਾ ਕਰਨ ਲਈ ਬਾਇਓ ਗੈਸ ਪਲਾਂਟ ਲਾਉਣ ਦੀ ਸੰਭਾਵਨਾ ਤਲਾਸ਼ਣ ਲਈ ਵੀ ਕਿਹਾ। ਡੀਸੀ ਨੇ ਵੈਟਰਨਰੀ ਡਾਕਟਰਾਂ ਦੀ ਟੀਮ ਨੂੰ ਬਿਮਾਰ ਗਊਆਂ, ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਵੱਖਰੇ ਸ਼ੈੱਡ ਵਿੱਚ ਤਬਦੀਲ ਕੀਤਾ ਗਿਆ ਹੈ, ਦੇ ਇਲਾਜ ਤੇ ਫੌਰੀ ਰਾਹਤ ਮੁਹੱਈਆ ਕਰਵਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਕ ਡਾਕਟਰ 24 ਘੰਟੇ ਬਿਮਾਰ ਪਸ਼ੂਆਂ ਦੀ ਸੰਭਾਲ ਲਈ ਉਪਲਬਧ ਰਹੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…