Nabaz-e-punjab.com

ਅਸ਼ਲੀਲਤਾ ਨੂੰ ਠੱਲ੍ਹ ਪਾਉਣ ਲਈ ਫਿਲਮਾਂ ਵਾਂਗ ਗੀਤਾਂ ਲਈ ਵੀ ਸੈਂਸਰ ਬੋਰਡ ਬਣਾਇਆ ਜਾਵੇ: ਮਹਿਲਾ ਕਮਿਸ਼ਨ

ਗੰਦੇ ਗੀਤਾਂ ਸਬੰਧੀ ਸਮਾਜ ਅਤੇ ਸਰਕਾਰ ਨੂੰ ਗੰਭੀਰ ਹੋਣ ਦੀ ਸਖ਼ਤ ਲੋੜ: ਮਨੀਸ਼ਾ ਗੁਲਾਟੀ

ਗੁਰਦਾਸ ਮਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਇਸ ਮੁਹਿੰਮ ਵਿੱਚ ਸਾਥ ਦੇਣ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਜੁਲਾਈ:
ਪੰਜਾਬੀ ਗੀਤਾਂ ਵਿੱਚ ਦਿਨੋ-ਦਿਨ ਵੱਧ ਰਹੀ ਅਸ਼ਲੀਲਤਾ ਨੂੰ ਠੱਲ੍ਹ ਪਾਉਣ ਲਈ ਪੰਜਾਬ ਰਾਜ ਵਿੱਚ ਫਿਲਮਾਂ ਵਾਂਗ ਹੀ ਗੀਤਾਂ ਲਈ ਵੀ ਸੈਂਸਰ ਬੋਰਡ ਬਣਾਇਆ ਜਾਵੇ ਉਕਤ ਪ੍ਰਗਟਾਵਾ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਵੱਲੋਂ ਕੀਤਾ ਗਿਆ। ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਗੀਤ ਸੰਗੀਤ ਦਾ ਅਹਿਮ ਰੋਲ ਹੈ ਇਹ ਸਾਡੇ ਰਸਮਾਂ ਰਿਵਾਜਾਂ ਦੇ ਹਿੱਸਾ ਹਨ। ਉਨ੍ਹਾਂ ਕਿਹਾ ਕਿ ਹਨੀ ਸਿੰਘ ਵੱਲੋਂ ਗਾਏ ਗਏ ਗੀਤ ‘‘ਮੱਖਣਾਂ’’ ਇੱਕ ਸ਼ਰਮਨਾਕ ਕਾਰਾ ਹੈ ਕਿੳਂਕਿ ਅੱਜ ਕੱਲ੍ਹ ਨੌਜਵਾਨ ਪ੍ਰੋਗਰਾਮਾਂ ਵਿੱਚ ਵੱਜ ਰਹੇ ਸੰਗੀਤ ਉੱਤੇ ਜਦੋਂ ਨੱਚ ਰਹੇ ਹੁੰਦੇ ਹਨ ਤਾਂ ਉਹ ਗੀਤ ਦੇ ਬੋਲਾਂ ਵੱਲ ਧਿਆਨ ਨਹੀਂ ਦਿੰਦੇ ਅਤੇ ਇਸ ਗੀਤ ਦੇ ਬੋਲਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਇਸ ਗੀਤ ਦੇ ਬੋਲਾਂ ਰਾਹੀਂ ਮਨੁੱਖ ਨੂੰ ਜਨਮ ਦੇਣ ਵਾਲੀ ਅੌਰਤ ਪ੍ਰਤੀ ਬਹੁਤ ਹੀ ਗੰਦੀਆਂ ਗੱਲਾਂ ਕਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬਾਕੀ ਗਾਇਕਾਂ, ਗੀਤਕਾਰਾਂ ਅਤੇ ਪ੍ਰੋਡਿਊਸਰਾਂ ਲਈ ਸਬਕ ਹੋਵੇਗਾ।
ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਗਾਇਕਾਂ ਵੱਲੋਂ ਜਲਦ ਪ੍ਰਸਿੱਧ ਹੋਣ ਦੇ ਚੱਕਰ ਵਿੱਚ ਪਰੋਸੇ ਜਾ ਰਹੇ ਗੰਦੇ ਗੀਤਾਂ ਸਬੰਧੀ ਸਮਾਜ ਅਤੇ ਸਰਕਾਰ ਨੂੰ ਗੰਭੀਰ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਪੁਲਿਸ ਵੱਲੋਂ ਹਨੀ ਸਿੰਘ ਵਿਰੁੱਧ ਕਾਨੂੰਨ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਦੀ ਤਰ੍ਹਾਂ ਇਸ ਮਾਮਲੇ ਵਿੱਚ ਵੀ ਕਮਿਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਕਮਿਸ਼ਨ ਪੰਜਾਬ ਸਰਕਾਰ ਦੇ ਵਕੀਲਾਂ ਰਾਹੀਂ ਹਨੀ ਸਿੰਘ ਵੱਲੋਂ ਇਸ ਮਾਮਲੇ ਸਬੰਧੀ ਲਗਾਈ ਜਾ ਰਹੀ ਬੇਲ ਅਰਜ਼ੀ ਨੂੰ ਖਾਰਜ ਕਰਵਾਉਣ ਲਈ ਵੀ ਪੂਰੀ ਸਰਗਰਮੀ ਨਾਲ ਯਤਨ ਕੀਤਾ ਜਾਵੇਗਾ।
ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਫਿਲਮਾਂ ਵਾਂਗ ਹੀ ਸਰਟੀਫਿਕੇਟ ਹਾਸਿਲ ਕਰਨ ਲਈ ਸੈਂਸਰ ਬੋਰਡ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦਾ ਕੋਈ ਗੀਤ ਨਾ ਗਾ ਸਕੇ ਅਤੇ ਉਹ ਪੰਜਾਬ ਰਾਜ ਵਿੱਚ ਸੈਂਸਰ ਬੋਰਡ ਦੀ ਸਥਾਪਨਾ ਲਈ ਜਲਦ ਹੀ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਕੇ ਬੇਨਤੀ ਕਰਨਗੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਮਿਸ਼ਨ ਹਰੇਕ ਗਾਣੇ ਤੇ ਨਜ਼ਰ ਰੱਖੇਗਾ ਤਾਂ ਜੋ ਅੌਰਤਾਂ ਦੇ ਮਾਣ-ਸਨਮਾਨ ਨੂੰ ਠੇਸ ਨਾ ਪਹੁੰਚਾ ਸਕੇ। ਉਨ੍ਹਾਂ ਪੰਜਾਬੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ ਕਮਿਸ਼ਨ ਵੱਲੋਂ ਗੰਦੇ ਗੀਤਾਂ ਵਿਰੁੱਧ ਆਰੰਭੀ ਇਸ ਮੁਹਿੰਮ ਵਿੱਚ ਆਪਣਾ ਸਹਿਯੋਗ ਪਾਉਣ ਅਤੇ ਗਾਇਕਾਂ, ਗੀਤਕਾਰਾਂ ਅਤੇ ਪ੍ਰੋਡਿਊਸਰਾਂ ਨੂੰ ਇਸ ਗੱਲ ਲਈ ਸਹਿਮਤ ਕਰਨ ਕਿ ਉਹ ਭਵਿੱਖ ਵਿੱਚ ਇਸ ਤਰ੍ਹਾਂ ਦਾ ਗਾਣਾ ਨਾ ਬਣਾਉਣ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਮਾਮਲੇ ਦੇ ਉਠਣ ਤੋਂ ਬਾਅਦ ਹਨੀ ਸਿੰਘ ਦੇ ਕੁਝ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਅਤੇ ਫੋਨ ਉੱਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਗਾਲਾਂ ਕੱਢੀਆਂ ਜਾ ਰਹੀਆਂ ਹਨ। ਜਿਸ ਬਾਰੇ ਮੈਂ ਪੰਜਾਬ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਅਜਿਹੀਆਂ ਧਮਕੀਆਂ ਤੋ ਡਰਨ ਵਾਲੀ ਨਹੀਂ ਹਾਂ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…