ਅਜ਼ਾਦੀ ਘੁਲਾਟੀਏ ਗੁਰਬਚਨ ਸਿੰਘ ਕਾਦੀਮਾਜਰਾ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਮਾਰਚ:
ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਅਜ਼ਾਦੀ ਘੁਲਾਟੀਏ ਗੁਰਬਚਨ ਸਿੰਘ ਕਾਦੀਮਾਜਰਾ (95) ਦਾ ਉਨ੍ਹਾਂ ਦੇ ਜੱਦੀ ਪਿੰਡ ਕਾਦੀਮਾਜਰਾ ਵਿਖੇ ਦਿਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 15 ਜੂਨ 1922 ਨੂੰ ਭਗਵਾਨ ਸਿੰਘ ਦੇ ਗ੍ਰਹਿ ਵਿਖੇ ਪਿੰਡ ਕਾਦੀਮਾਜਰਾ ਵਿਖੇ ਹੋਇਆ ਸੀ। ਉਹ ਆਪਣੇ ਪੰਜ ਲੜਕੇ ਅਤੇ ਤਿੰਨ ਲੜਕੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਅਜ਼ਾਦੀ ਘੁਲਾਟੀਏ ਗੁਰਬਚਨ ਸਿੰਘ ਕਾਦੀਮਾਜਾਰਾ ਦਾ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਰੜ ਦੀ ਐਸਡੀਐਮ ਅਮਨਿੰਦਰ ਕੌਰ ਬਰਾੜ ਅਤੇ ਤਹਿਸੀਲਦਾਰ ਗੁਰਮਿੰਦਰ ਸਿੰਘ ਨੇ ਮ੍ਰਿਤਕ ਦੇਹ ’ਤੇ ਰੀਥ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ। ਇਸ ਤੋਂ ਪਹਿਲਾਂ ਮ੍ਰਿਤਕ ਦੇਹ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਵੱਲੋਂ ਹਥਿਆਰ ਪੁੱਠੇ ਕਰਕੇ ਸਲਾਮੀ ਦਿੱਤੀ ਗਈ। ਇਸ ਮੌਕੇ ਪਿੰਡ ਕਾਦੀਮਾਜਰਾ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਅੰਤਿਮ ਸਸਕਾਰ ਵਿਚ ਸ਼ਾਮਲ ਹੋਏ। ਇਥੇ ਇਹ ਵਰਨਣ ਯੋਗ ਹੈ ਕਿ ਸਾਲ 1942 ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਵੱਲੋਂ ਬਣਾਈ ਅਜ਼ਾਦ ਹਿੰਦ ਫੌਜ ਵਿਚ ਭਰਤੀ ਹੋ ਗਏ ਸਨ। ਉਨ੍ਹਾਂ ਨੇ 1945 ਵਿਚ ਰੰਗੂਣ ਜੇਲ੍ਹ ਬ੍ਰਹਮਾ ਵਿੱਚ 9 ਮਹੀਨੇ 11 ਦਿਨ ਦੀ ਜੇਲ੍ਹ ਵੀ ਕੱਟੀ ਸੀ। ਸਵਰਗੀ ਗੁਰਬਚਨ ਸਿੰਘ ਕਾਦੀਮਾਜਰਾ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਪੈਨਸ਼ਨ ਵੀ ਦਿੱਤੀ ਜਾਂਦੀ ਸੀ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …