nabaz-e-punjab.com

ਸੁਰੱਖਿਆ ਘੇਰਾ ਤੋੜ ਕੇ ਪੀਸੀਏ ਸਟੇਡੀਅਮ ਦੀ ਪਿੱਚ ਵਿੱਚ ਦਾਖ਼ਲ ਹੋਏ ਤਿੰਨ ਕ੍ਰਿਕਟ ਪ੍ਰੇਮੀ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਸਤੰਬਰ:
ਇੱਥੋਂ ਦੇ ਫੇਜ਼-9 ਸਥਿਤ ਪੀਸੀਏ ਕ੍ਰਿਕਟ ਸਟੇਡੀਅਮ ਵਿੱਚ ਬੁੱਧਵਾਰ ਨੂੰ ਭਾਰਤ ਤੇ ਦੱਖਣੀ ਅਫ਼ਰੀਕਾ ਦੇ ਵਿਚਕਾਰ ਹੋਏ ਟੀ-20 ਕ੍ਰਿਕਟ ਮੈਚ ਦੌਰਾਨ ਪੁਲੀਸ ਦਾ ਸੁਰੱਖਿਆ ਘੇਰਾ ਤੋੜ ਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਜ਼ਬਰਦਸਤੀ ਸੈਲਫੀ ਲੈਣ ਲਈ ਤਿੰਨ ਕ੍ਰਿਕਟ ਪ੍ਰੇਮੀ ਪੀਸੀਏ ਦੀ ਪਿੱਚ ਵਿੱਚ ਦਾਖ਼ਲ ਹੋ ਗਏ। ਮੌਕੇ ’ਤੇ ਮੌਜੂਦ ਪੁਲੀਸ ਕਰਮਚਾਰੀਆਂ ਅਤੇ ਪੀਸੀਏ ਦੇ ਨਿੱਜੀ ਸੁਰੱਖਿਆ ਕਰਮਚਾਰੀਆਂ ਨੇ ਉਕਤ ਨੌਜਵਾਨਾਂ ਨੂੰ ਕਾਬੂ ਕਰ ਲਿਆ। ਸ਼ੈਲਫ਼ੀ ਲੈਣ ਲਈ ਕਾਨੂੰਨ ਤੋੜਨ ਵਾਲੇ ਉਕਤ ਤਿੰਨ ਨੌਜਵਾਨਾਂ ਦੀ ਪਛਾਣ ਸੰਜੀਤ ਕੁਮਾਰ ਵਾਸੀ ਹਰਿਆਣਾ, ਰਾਜੇਸ਼ ਕੁਮਾਰ ਵਾਸੀ ਰਾਜਸਥਾਨ ਅਤੇ ਪਵਨ ਕੁਮਾਰ ਵਾਸੀ ਮੰਡੀ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਧਾਰਾ 353, 186, 447 ਦੇ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੀਸੀਏ ਸਟੇਡੀਅਮ ਵਿੱਚ ਮੈਚ ਦੌਰਾਨ ਇਕ ਨੌਜਵਾਨ ਸੁਰੱਖਿਆ ਘੇਰਾ ਤੋੜ ਕੇ ਸਟੇਡੀਅਮ ਦੀ ਪਿੱਚ ਅੰਦਰ ਦਾਖ਼ਲ ਹੋ ਗਿਆ। ਇਸ ਮਗਰੋਂ ਵਿਰਾਟ ਕੋਹਲੀ ਦੀ ਧੂਆਂਧਾਰ ਬੈਟਿੰਗ ਤੋਂ ਬਾਗੋਬਾਗ ਹੋਏ ਦੋ ਹੋਰ ਨੌਜਵਾਨ ਵੀ ਪੁਲੀਸ ਨੂੰ ਝਕਾਨੀ ਦੇ ਕੇ ਸਟੇਡੀਅਮ ਵਿੱਚ ਜਾ ਵੜੇ। ਇਨ੍ਹਾਂ ਨੌਜਵਾਨਾਂ ਦੇ ਅਚਾਨਕ ਸਟੇਡੀਅਮ ਅੰਦਰ ਪਿੱਚ ਵਿੱਚ ਦਾਖ਼ਲ ਹੋਣ ਕਾਰਨ ਬੱਲੇਬਾਜ ਵੀ ਘਬਰਾ ਗਏ। ਜਿਸ ਕਾਰਨ ਕੁਝ ਦੇਰ ਲਈ ਮੈਚ ਰੋਕਣਾ ਪਿਆ। ਉਧਰ, ਉਕਤ ਨੌਜਵਾਨਾਂ ਨੂੰ ਪਿੱਚ ਵਿੱਚ ਵੜੇ ਹੋਏ ਦੇਖ ਕੇ ਪੁਲੀਸ ਅਤੇ ਪੀਸੀਏ ਦੇ ਸੁਰੱਖਿਆ ਕਰਮੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ
ਅਤੇ ਸੁਰੱਖਿਆ ਦਸਤੇ ਦੇ ਮੈਂਬਰ ਉਕਤ ਨੌਜਵਾਨਾਂ ਦੇ ਪਿੱਛੇ ਭੱਜੇ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਤਿੰਨਾਂ ਨੌਜਵਾਨਾਂ ਨੂੰ ਫੜ ਕੇ ਪੁਲੀਸ ਦੇ ਹਵਾਲੇ ਕੀਤਾ ਗਿਆ। ਉਕਤ ਨੌਜਵਾਨਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…