ਟੀ-20 ਕ੍ਰਿਕਟ ਮੈਚ: ਮੁਹਾਲੀ ਪੁਲੀਸ ਵੱਲੋਂ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ, ਲੈਪਟਾਪ\ਮੋਬਾਈਲ ਬਰਾਮਦ

ਮੁਹਾਲੀ ਤੇ ਜ਼ੀਰਕਪੁਰ ਵਿੱਚ ਰਹਿ ਰਹੇ ਸੀ ਮੁਲਜ਼ਮ, ਬੀਬੀਸੀਆਈ ਦੀ ਕ੍ਰਾਈਮ ਬ੍ਰਾਂਚ ਨੂੰ ਵੀ ਲੋੜੀਂਦਾ ਸੀ ਡੰਡੀਵਾਲ

ਪਿੰਡ ਸਵਾੜਾ ਦੇ ਗਰਾਊਂਡ ਵਿੱਚ ਮੈਚ ਕਰਵਾਇਆ, ਸ੍ਰੀਲੰਕਾ ਤੋਂ ਦਿਖਾਇਆ ਆਨਲਾਈਨ ਪ੍ਰਸਾਸਨ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਮੁਹਾਲੀ ਪੁਲੀਸ ਨੇ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਟੀ-20 ਕ੍ਰਿਕਟ ਮੈਚ ਕਰਵਾਉਣ ਅਤੇ ਜਾਅਲਸਾਜ਼ੀ ਨਾਲ ਇਸ ਮੈਚ ਦਾ ਆਨਲਾਈਨ ਪ੍ਰਸਾਸਨ ਸ੍ਰੀਲੰਕਾ ਤੋਂ ਦਿਖਾਉਣ ਅਤੇ ਸੱਟਾ ਖੇਡਣ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗੱਲਾ ਦਾ ਖੁਲਾਸਾ ਅੱਜ ਇੱਥੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ’ਤੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਡੰਡੀਵਾਲ ਵਾਸੀ ਨੌਹਰ, ਜ਼ਿਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂਕਿ ਹੈਪੀ ਚੰਡੀਗੜ੍ਹ ਅਤੇ ਕੁੱਜੂ ਚੰਡੀਗੜ੍ਹ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਪੰਕਜ ਅਰੋੜਾ ਵਾਸੀ ਵਿਕਟੋਰੀਆ ਹਾਈਟਸ ਸੁਸਾਇਟੀ ਪੀਰ ਮੁਛੱਲਾ (ਜ਼ੀਰਕਪੁਰ) ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਵਰੀਦਰਾਵਨ ਗਾਰਡਨ ਸੁਸਾਇਟੀ (ਜ਼ੀਰਕਪੁਰ) ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਦਾਲਤ ਨੇ ਪੰਕਜ ਤੇ ਰਾਜੇਸ਼ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਹੋਰ ਵਧਾ ਦਿੱਤਾ ਹੈ ਜਦੋਂਕਿ ਡੰਡੀਵਾਲ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਕਾਰਵਾਈ ਪਰਮਿੰਦਰ ਸਿੰਘ ਵਾਸੀ ਸੰਨੀ ਇਨਕਲੇਵ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਖਰੜ ਸਦਰ ਥਾਣੇ ਵਿੱਚ ਧਾਰਾ 420,120ਬੀ ਅਤੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐਸਐਸਪੀ ਚਾਹਲ ਨੇ ਦੱਸਿਆ ਕਿ ਐਸਪੀ (ਦਿਹਾਤੀ) ਸ੍ਰੀਮਤੀ ਰਵਜੋਤ ਕੌਰ ਗਰੇਵਾਲ ਅਤੇ ਡੀਐਸਪੀ ਪਾਲ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਦੀ ਮੁੱਢਲੀ ਜਾਂਚ ਇਹ ਗੱਲ ਸਾਹਮਣੇ ਆਈ ਕਿ ਪੰਕਜ ਅਰੋੜਾ ਨੇ ਆਪਣੇ ਸਾਥੀ ਗੋਲਡੀ ਨਾਲ ਮਿਲਕੇ ਪਿੰਡ ਸਵਾੜਾ ਵਿੱਚ ਸਟੋਕਰ ਕ੍ਰਿਕਟ ਅਕੈਡਮੀ ਦਾ ਗਰਾਊਡ ਬੀਤੀ 29 ਜੂਨ ਤੋਂ 5 ਜੁਲਾਈ ਤੱਕ 33 ਹਜ਼ਾਰ ਰੁਪਏ ਵਿੱਚ ਬੁੱਕ ਕਰਵਾਇਆ ਸੀ। ਪਹਿਲੇ ਦਿਨ ਪੰਕਜ, ਗੋਲਡੀ, ਰਾਜੇਸ਼ ਗਰਗ ਨੇ ਆਪਣੇ ਸਾਥੀਆ ਨਾਲ ਮਿਲਕੇ ਚਾਰ ਟੀਮਾਂ ਬਣਾ ਕੇ ਇਸ ਸੀਰੀਜ਼ ਦਾ ਨਾਮ ਯੂਵੀਏ-ਟੀ20 ਪ੍ਰੀਮੀਅਰ ਸ੍ਰੀਲੰਕਾ ਵਿੱਚ ਪ੍ਰਸਾਸਨ ਦਿਖਾ ਕੇ ਧੋਖੇ ਨਾਲ ਵੱਡੀ ਮਾਤਰਾ ਵਿੱਚ ਸੱਟਾ ਲਗਾਇਆ ਗਿਆ।
ਸ੍ਰੀ ਚਾਹਾਲ ਨੇ ਦੱਸਿਆ ਕਿ ਜਾਅਲੀ ਮੈਚ ਦਾ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਬੀਤੀ 2 ਜੁਲਾਈ ਨੂੰ ਪੰਕਜ ਅਰੋੜਾ ਵਾਸੀ ਵਿਕਟੋਰੀਆ ਹਾਈਟਸ ਸੁਸਾਇਟੀ ਪੀਰ ਮੁਛੱਲਾ (ਜ਼ੀਰਕਪੁਰ) ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਵਰੀਦਰਾਵਨ ਗਾਰਡਨ ਸੁਸਾਇਟੀ (ਜ਼ੀਰਕਪੁਰ) ਨੂੰ ਕਾਬਨੂੰ ਕਰ ਲਿਆ ਸੀ। ਰਾਜੂ ਕਾਲੀਆ ਕੋਲੋਂ 2 ਲੈਪਟਾਪ, 5 ਮੋਬਾਈਲ ਫੋਨ ਅਤੇ ਪੰਕਜ ਅਰੋੜਾ ਕੋਲੋਂ 2 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਰਵਿੰਦਰ ਡੰਡੀਵਾਲ, ਹੈਪੀ ਚੰਡੀਗੜ੍ਹ ਅਤੇ ਕੁੱਜੂ ਚੰਡੀਗੜ੍ਹ ਨੂੰ ਨਾਮਜ਼ਦ ਕੀਤਾ ਗਿਆ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਡੰਡੀਵਾਲ ਇੱਥੋਂ ਦੇ ਫੇਜ਼-3ਬੀ1 ਵਿੱਚ ਪਿਛਲੇ 6 ਸਾਲ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਉਹ ਬੀਬੀਸੀਆਈ ਦੇ ਕ੍ਰਾਈਮ ਸੈੱਲ ਨੂੰ ਲੋੜੀਂਦਾ ਹੈ। ਇਸ ਤੋਂ ਪਹਿਲਾਂ ਉਸ ਨੇ 2009 ਵਿੱਚ ਕ੍ਰਿਕਟ ਕੌਂਸਲ ਆਫ਼ ਇੰਡੀਆ (ਸੀਸੀਆਈ) ਦੇ ਨਾਮ ’ਤੇ ਕਲੱਬ ਰਜਿਸਟਰਡ ਕਰਵਾ ਕੇ ਹੁਣ ਤੱਕ ਮੁਹਾਲੀ, ਅੰਮ੍ਰਿਤਸਰ ਤੋਂ ਭੁਪਾਲ (ਮੱਧ ਪ੍ਰਦੇਸ਼) ਵਿੱਚ ਟੂਰਨਾਮੈਂਟ ਕਰਵਾਏ ਹਨ। ਸਭ ਤੋਂ ਪਹਿਲਾਂ ਉਸ ਨੇ 2016 ਵਿੱਚ ਅਗਸਤ-ਸਤੰਬਰ ਨੂੰ ਸ੍ਰੀਲੰਕਾ ਵਿੱਚ ਟੂਰਨਾਮੈਂਟ ਕਰਵਾਇਆ ਸੀ। ਇਸ ਤੋਂ ਬਾਅਦ ਉਸ ਦਾ ਹੌਸ਼ਲਾ ਵਧ ਗਿਆ। ਫਿਰ ਉਹ ਦਸੰਬਰ 2016 ਵਿੱਚ ਆਪਣੇ ਕਲੱਬ ਦੀ ਟੀਮ ਲੈ ਕੇ ਆਸਟ੍ਰੇਲੀਆ ਗਿਅ;, ਜਿੱਥੇ 25 ਤੋਂ 31 ਦਸੰਬਰ ਤੱਕ ਬਿਲੋ ਫੈਸਟ ਦੇ ਨਾਮ ’ਤੇ ਹਰ ਸਾਲ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਵਿੱਚ ਭਾਗ ਲਿਆ ਸੀ। ਇਸ ਟੂਰਨਾਮੈਂਟ ਵਿੱਚ ਮੈਚ ਫਿਕਸਿੰਗ ਨੂੰ ਲੈ ਕੇ ਵੱਡੇ ਪੱਧਰ ’ਤੇ ਸਕੈਡਲ ਹੋਣ ਨਾਲ ਵੀ ਡੰਡੀਵਾਲ ਦਾ ਨਾਮ ਜੁੜਿਆ ਸੀ। ਜਿਸਦੀ ਗੂਗਲ ਪੇਜ਼ ’ਤੇ ਵੀ ਜਾਣਕਾਰੀ ਦੇਖੀ ਜਾ ਸਕਦੀ ਹੈ। 2017 ਵਿੱਚ ਉਸ ਦੀ ਟੀਮ ਨੇ ਦੁਬਈ ਵਿੱਚ ਮੈਚ ਖੇਡਿਆ। ਇਸ ਮਗਰੋਂ ਉਹ ਕ੍ਰਿਕਟ ਦੀ ਦੁਨੀਆ ਵਿੱਚ ਦਿਲਚਸਪੀ ਰੱਖਣ ਵਾਲੇ ਮਸਹੂਰ ਵਿਅਕਤੀਆਂ ਜਿਵੇਂ ਸਪੋਂਸਰ ਤੇ ਬੁੱਕੀਆਂ ਨਾਲ ਸੰਪਰਕ ’ਚ ਆ ਗਿਆ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…