ਕਰਾਈਮ ਲੇਖਾ-ਜੋਖਾ 2017: ਮੁਹਾਲੀ ਵਿੱਚ ਕਤਲ ਕੇਸਾਂ ’ਚ ਵਾਧਾ, ਚੋਰਾਂ ਨੇ ਜ਼ਿਆਦਾਤਰ ਸੁੰਨੇ ਘਰਾਂ ਨੂੰ ਬਣਾਇਆ ਨਿਸ਼ਾਨਾ

ਜ਼ਮੀਨ ਦੀ ਖ਼ਰੀਦੋ-ਫ਼ਰੋਖ਼ਤ ਤੇ ਇਮੀਗਰੇਸ਼ਨ ਧੋਖਾਧੜੀ ਦੇ ਕੇਸਾਂ ਵਿੱਚ ਵਾਧਾ, ਬਲਾਤਕਾਰ ਤੇ ਨਸ਼ਾ ਤਸਕਰੀ ਦੇ ਮਾਮਲੇ ਵੀ ਵਧੇ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਵੱਖ-ਵੱਖ ਕਿਸਮ ਦੇ ਅਪਰਾਧਿਕ ਮਾਮਲਿਆਂ ਵਿੱਚ ਮਹਿਲਾਵਾਂ ਵੀ ਪੁਰਸ਼ਾਂ ਤੋਂ ਘੱਟ ਨਹੀਂ ਹਨ। ਇਸ ਸਾਲ ਅੌਰਤਾਂ ਖ਼ਿਲਾਫ਼ ਕਤਲ ਸਮੇਤ ਬਲਾਤਕਾਰ, ਜਿਸਮ ਫਰੋਸੀ, ਠੱਗੀ ਤੇ ਹੋਰ ਜੁਰਮਾਂ ਦੇ ਤਹਿਤ ਵੱਖ-ਵੱਖ ਥਾਣਿਆਂ ਵਿੱਚ ਅਪਰਾਧਿਕ ਕੇਸ ਦਰਜ ਕੀਤੇ ਗਏ ਹਨ ਜਦੋਂ ਕਿ ਲੜਾਈ ਝਗੜਿਆਂ ਦੇ ਮਾਮਲਿਆਂ ਵਿੱਚ ਪਿਛਲੇ ਸਾਲ ਨਾਲੋਂ ਅੌਰਤਾਂ ਵਿਰੁੱਧ ਵੱਧ ਕੇਸ ਦਰਜ ਹੋਏ ਹਨ। ਕਤਲ, ਧੋਖਾਧੜੀ, ਬਲਾਤਕਾਰ ਅਤੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਹੈ। ਉਂਜ ਐਤਕੀਂ ਲੁੱਟ-ਖੋਹ ਤੇ ਚੋਰੀ ਅਤੇ ਸਨੈਚਿੰਗ ਦੀਆਂ ਘਟਨਾਵਾਂ ਨੇ ਵੀ ਪੁਲੀਸ ਨੂੰ ਪੂਰਾ ਸਾਲ ਵਖ਼ਤ ਪਾਈ ਰੱਖਿਆ।
ਜ਼ਮੀਨ/ਜਾਇਦਾਦ ਦੀ ਖ਼ਰੀਦੋ-ਫ਼ਰੋਖ਼ਤ ਦੇ ਦੋਸ਼ ਅਧੀਨ ਚਰਚਿਤ ਕਲੋਨਾਈਜਰ ਨਵਜੀਤ ਸਿੰਘ ਸਮੇਤ ਹੋਰਨਾਂ ਦੇ ਖ਼ਿਲਾਫ਼ ਧੋਖਾਧੜਾ ਦੇ ਕਈ ਕੇਸ ਦਰਜ ਕੀਤੇ ਗਏ ਹਨ। ਜਦੋਂ ਕਿ ਵਿਦੇਸ਼ੀ ਭੇਜਣ ਦੇ ਨਾਂ ’ਤੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਦੇ ਕੇਸਾਂ ਵਿੱਚ ਪਿਛਲੇ ਨਾਲੋਂ ਵਾਧਾ ਹੋਇਆ ਹੈ। ਪਿਛਲੇ ਸਾਲ ਧੋਖਾਧੜੀ ਦੇ 26ਜ ਕੇਸ ਦਰਜ ਹੋਏ ਸੀ ਲੇਕਿਨ ਇਸ ਵਰ੍ਹੇ ਹੁਣ ਤੱਕ ਕਰੀਬ 390 ਕੇਸ ਦਰਜ ਹੋ ਚੁੱਕੇ ਹਨ। ਇਸ ਵਰ੍ਹੇ ਸੀਨੀਅਰ ਪੱਤਰਕਾਰ ਕੇਜੇ ਸਿੰਘ ਅਤੇ ਉਸ ਦੀ ਬਜ਼ੁਰਗ ਮਾਂ ਦਾ ਦੋਹਰਾ ਕਤਲ ਕੇਸ ਕਾਫੀ ਚਰਚਾ ਵਿੱਚ ਰਿਹਾ ਹੈ। ਹਾਲਾਂਕਿ ਮੁੱਖ ਮੰਤਰੀ ਨੇ ਘਟਨਾ ਵਾਲੇ ਦਿਨ ਹੀ ਆਈਜੀ ਦੀ ਅਗਵਾਈ ਹੇਠ ਸਿੱਟ ਦਾ ਗਠਨ ਕਰ ਦਿੱਤਾ ਸੀ ਲੇਕਿਨ ਇਹ ਕੇਸ ਸੁਲਝਾਉਣ ਲਈ ਪੁਲੀਸ ਨੂੰ ਕਾਫੀ ਸਮਾਂ ਲੱਗ ਗਿਆ। ਜਦੋਂ ਕਿ ਮਾਇਓ ਹਸਪਤਾਲ ਸਾਹਮਣੇ ਝਾੜਿਆਂ ਵਿੱਚ 17 ਸਾਲ ਦੀ ਮੁਟਿਆਰ ਨਾਲ ਜਬਰ ਜਨਾਹ ਤੋਂ ਉਸ ਦੀ ਹੱਤਿਆ ਦਾ ਮਾਮਲਾ ਪੁਲੀਸ ਅਜੇ ਤਾਈਂ ਸੁਲਝਾ ਨਹੀਂ ਸਕੀ ਹੈ। ਇੰਝ ਹੀ ਪਿੰਡ ਸ਼ਾਹੀਮਾਜਰਾ ਵਿੱਚੋਂ ਬੀਤੀ 15 ਦਸੰਬਰ ਦੀ ਸ਼ਾਮ ਨੂੰ ਭੇਤਭਰੀ ਹਾਲਤ ਵਿੱਚ ਲਾਪਤਾ ਹੋਈ 8 ਸਾਲ ਦੀ ਮਾਸੂਮ ਬੱਚੀ ਬਾਰੇ ਪੁਲੀਸ ਨੂੰ ਕੋਈ ਸੁਰਾਗ ਨਹੀਂ ਮਿਲਿਆ। ਇੱਥੋਂ ਦੇ ਫੇਜ਼-3ਬੀ1 ਵਿੱਚ ਸੀਨੀਅਰ ਕਾਂਗਰਸ ਆਗੂ ਦੀ ਭਾਣਜੀ ਸੀਰਤ ਕੌਰ ਵੱਲੋਂ ਬੀਤੀ 18 ਤੇ 19 ਮਾਰਚ ਦੀ ਦਰਮਿਆਨੀ ਰਾਤ ਨੂੰ ਆਪਣੇ ਪਤੀ ਏਕਮ ਸਿੰਘ ਢਿੱਲੋਂ (38) ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਮੁਲਜ਼ਮ ਨੇ ਲਾਸ਼ ਨੂੰ ਸੂਟਕੇਸ ਵਿੱਚ ਰੱਖ ਕੇ ਟਿਕਾਣੇ ਲਗਾਉਣ ਦਾ ਵੀ ਯਤਨ ਕੀਤਾ ਸੀ ਲੇਕਿਨ ਸੂਟਕੇਸ ਕਾਰ ਦੀ ਡਿੱਗੀ ਵਿੱਚ ਰੱਖਦੇ ਸਮੇਂ ਸਾਰਾ ਭੇਦ ਖੁੱਲ੍ਹ ਗਿਆ ਸੀ। ਇਸ ਸਮੇਂ ਸੀਰਤ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹੈ।
ਜ਼ਿਲ੍ਹਾ ਪੁਲੀਸ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਕਤਲ ਕੇਸਾਂ ਵਿੱਚ ਵਾਧਾ ਹੋਇਆ ਹੈ। ਪਿਛਲੇ ਸਾਲ ਕਤਲ ਦੇ 8 ਕੇਸ ਦਰਜ ਹੋਏ ਸਨ। ਜਦੋਂ ਕਿ ਐਤਕੀਂ ਹੁਣ ਤੱਕ ਸਮੁੱਚੇ ਜ਼ਿਲ੍ਹੇ ਵਿੱਚ ਕਤਲ ਦੀਆਂ 20 ਵਾਰਦਾਤਾਂ ਹੋਈਆਂ ਹਨ। ਉਂਜ ਇਰਾਦਾ-ਏ-ਕਤਲ ਦੇ ਕੇਸਾਂ ਵਿੱਚ ਕੁਝ ਕਮੀ ਆਈ ਹੈ। ਪਿਛਲੇ ਸਾਲ 26 ਮਾਮਲੇ ਦਰਜ ਹੋਏ ਸੀ ਅਤੇ ਐਤਕੀਂ ਘੱਟ ਕੇ 22 ਰਹਿ ਗਏ ਹਨ। ਇਨ੍ਹਾਂ ’ਚੋਂ 20 ਕੇਸਾਂ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਫੜ ਲਿਆ ਗਿਆ ਹੈ। ਇਸ ਸਾਲ ਬਲਾਤਕਾਰ ਦੇ 45 ਕੇਸ ਦਰਜ ਹੋਏ ਹਨ ਜਦੋਂ ਕਿ ਪਿਛਲੇ ਸਾਲ ਸਿਰਫ਼ 8 ਕੇਸ ਸਨ। ਪੁਲੀਸ ਇਨ੍ਹਾਂ ਕੇਸਾਂ ਵਿੱਚ ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਪ੍ਰੰਤੂ ਛੇੜਛਾੜ ਕੇ ਮਾਮਲਿਆਂ ਵਿੱਚ ਕਮੀ ਆਈ ਹੈ। ਇਸ ਸਾਲ ਛੇੜਛਾੜ ਦੇ 33 ਮਾਮਲੇ ਆਏ ਹਨ ਜਦੋਂ ਕਿ ਪਿਛਲੇ ਸਾਲ 42 ਕੇਸ ਦਰਜ ਹੋਏ ਸੀ।
ਹਾਲਾਂਕਿ ਪੁਲੀਸ ਗੈਂਗਰੇਪ ਤੋਂ ਇਨਕਾਰ ਕਰ ਰਹੀ ਹੈ ਪ੍ਰੰਤੂ ਪਿੰਡ ਸਿੱਲ ਦੀ ਨੌਵੀਂ ਜਮਾਤ ਦੀ ਦਲਿਤ ਵਿਦਿਆਰਥਣ ਨਾਲ ਛੇ ਮਹੀਨੇ ਪਹਿਲਾਂ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਸੀ। ਇਸ ਘਟਨਾ ਨੂੰ ਉਸ ਦੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਨੇ ਇੱਕ ਅੌਰਤ ਦੀ ਮਦਦ ਨਾਲ ਅੰਜਾਮ ਦਿੱਤਾ ਸੀ ਲੇਕਿਨ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਇਸ ਸਾਲ ਲੁੱਟ-ਖੋਹ ਅਤੇ ਚੋਰੀ ਦੇ ਕੇਸਾਂ ਵਿੱਚ ਵੀ ਵਾਧਾ ਹੋਇਆ ਹੈ। ਪਿਛਲੇ ਸਾਲ 352 ਮਾਮਲੇ ਸਾਹਮਣੇ ਆਏ ਸੀ ਜਦੋਂ ਕਿ ਐਤਕੀਂ ਹੁਣ ਤੱਕ 380 ਕੇਸ ਦਰਜ ਹੋ ਚੁੱਕੇ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਕੇਸਾਂ ’ਚੋਂ ਜ਼ਿਆਦਾਤਰ ਵਾਰਦਾਤਾਂ ਅਣਸੁਲਝੀਆਂ ਹਨ।
ਉਧਰ, ਨਸ਼ਾ ਤਸਕਰੀ ਦੇ ਮਾਮਲੇ ਵੀ ਕਾਫੀ ਹੱਦ ਤੱਕ ਵਧੇ ਹਨ। ਪਿਛਲੇ ਸਾਲ ਨਸ਼ਾ ਤਸਕਰੀ ਦੇ ਸਿਰਫ਼ 64 ਕੇਸ ਦਰਜ ਹੋਏ ਸੀ ਜਦੋਂ ਕਿ ਐਤਕੀਂ ਹੁਣ ਤੱਕ 237 ਡਰੱਗ ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕਿਆ ਗਿਆ ਹੈ। ਜਿਨ੍ਹਾਂ ਵਿੱਚ ਹੈਰੋਇਨ ਅਤੇ ਸ਼ਰਾਬ ਤਸਕਰੀ ਦੇ ਮਾਮਲੇ ਵੱਧ ਹਨ। ਇਸੇ ਤਰ੍ਹਾਂ ਸਾਈਬਰ ਕਰਾਈਮ ਦੇ ਮਾਮਲੇ ਵੀ ਵਧੇ ਹਨ। ਪਿਛਲੇ ਸਾਲ ਸਾਈਬਰ ਕਰਾਈਮ ਦੇ ਸਿਰਫ਼ ਦੋ ਕੇਸ ਸਨ ਜਦੋਂ ਕਿ ਇਸ ਸਾਲ ਹੁਣ ਤੱਕ 13 ਕੇਸ ਦਰਜ ਕੀਤੇ ਗਏ ਹਨ। ਅੌਰਤਾਂ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਪਿਛਲੇ ਸਾਲ 102 ਕੇਸ ਰਜਿਸਟਰਡ ਹੋਏ ਸੀ ਅਤੇ ਐਤਕੀਂ 83 ਕੇਸ ਹੀ ਦਰਜ ਹੋਏ ਹਨ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਝ ਹੀ ਝਾਂਸਾ ਦੇ ਕੇ ਨਾਬਾਲਗ ਲੜਕੀਆਂ ਨੂੰ ਅਗਵਾ ਕਰਨ ਦੇ ਕੇਸ ਵੀ ਘਟੇ ਹਨ। ਪਿਛਲੇ ਸਾਲ ਇਨ੍ਹਾਂ ਕੇਸਾਂ ਦੀ ਗਿਣਤੀ 131 ਸੀ ਜਦੋਂ ਕਿ ਇਸ ਸਾਲ ਕੁੱਲ 83 ਕੇਸ ਦਰਜ ਹੋਏ ਹਨ।
(ਬਾਕਸ ਆਈਟਮ)
ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਜ਼ਿਲ੍ਹਾ ਮੁਹਾਲੀ ਵਿੱਚ ਕਰਾਈਮ ਬਹੁਤ ਜ਼ਿਆਦਾ ਨਹੀਂ ਵਧਿਆ ਨਹੀਂ ਹੈ। ਐਫ਼ਆਈਆਰ ਵੱਧ ਦਰਜ ਹੋਣ ਦਾ ਮਤਲਬ ਕਰਾਈਮ ਦਾ ਵਧਣਾ ਨਹੀਂ ਹੈ। ਉਨ੍ਹਾਂ ਤਰਕ ਦਿੰਦਿਆਂ ਕਿਹਾ ਕਿ ਜਿੰਨੇ ਵੱਧ ਕੇਸ ਦਰਜ ਹੋਏ, ਉਸ ਦਾ ਮਤਲਬ ਥਾਣਿਆਂ ਵਿੱਚ ਲੋਕਾਂ ਦੀ ਸੁਣਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲੀਸ ਜੁਰਮ ਨੂੰ ਠੱਲ੍ਹ ਪਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਪੱਤਰਕਾਰ ਕੇਜੇ ਸਿੰਘ ਅਤੇ ਏਕਮ ਢਿੱਲੋਂ ਵਰਗੇ ਹਾਈ ਪ੍ਰੋਫਾਈਲ ਕਤਲ ਕੇਸਾਂ ਨੂੰ ਸੁਲਝਾ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਸਨੈਚਿੰਗ ਅਤੇ ਚੋਰੀ ਦੀਅ ਵਾਰਦਾਤਾਂ ਦੇ ਕਾਫ਼ੀ ਮਾਮਲੇ ਹੱਲ ਕਰਕੇ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…