Share on Facebook Share on Twitter Share on Google+ Share on Pinterest Share on Linkedin ਕਰਾਈਮ ਲੇਖਾ-ਜੋਖਾ 2016: ਕਤਲ, ਡਕੈਤੀ ਤੇ ਲੁੱਟ-ਖੋਹ ਦੇ ਕੇਸਾਂ ਵਿੱਚ ਆਈ ਕਮੀ ਜ਼ਿਲ੍ਹਾ ਮੁਹਾਲੀ ਵਿੱਚ ਸੜਕ ਦੁਰਘਟਨਾਵਾਂ ਵਿੱਚ ਗਈ 290 ਤੋਂ ਲੋਕਾਂ ਦੀ ਜਾਨ, 400 ਤੋਂ ਵੱਧ ਲੋਕਾਂ ਦੀਆਂ ਟੁੱਟੀਆਂ ਲੱਤਾਂ-ਬਾਹਾਂ ਮੁਹਾਲੀ ਵਿੱਚ ਸਾਲ ਭਰ ਸਨੈਚਰਾਂ ਤੇ ਚੋਰਾਂ ਨੇ ਪੁਲੀਸ ਦੀ ਨੀਂਦ ਕੀਤੀ ਹਰਾਮ ਜ਼ਮੀਨ ਦੀ ਖ਼ਰੀਦੋ-ਫ਼ਰੋਚਖ਼ਤ ਤੇ ਇੰਮੀਗਰੇਸ਼ਨ ਧੋਖਾਧੜੀ ਦੇ ਕੇਸਾਂ ਵਿੱਚ ਵਾਧਾ, ਨਸ਼ਾ ਤਸਕਰੀ ਦੇ ਮਾਮਲੇ ਵੀ ਘਟੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਵੱਖ-ਵੱਖ ਕਿਸਮ ਦੇ ਅਪਰਾਧਿਕ ਮਾਮਲਿਆਂ ਵਿੱਚ ਮਹਿਲਾਵਾਂ ਵੀ ਪੁਰਸ਼ਾਂ ਤੋਂ ਘੱਟ ਨਹੀਂ ਹਨ। ਇਸ ਸਾਲ ਅੌਰਤਾਂ ਖ਼ਿਲਾਫ਼ ਕਤਲ ਸਮੇਤ ਬਲਾਤਕਾਰ, ਜਿਸਮ ਫਰੋਸੀ, ਠੱਗੀ ਤੇ ਹੋਰ ਜੁਰਮਾਂ ਦੇ ਤਹਿਤ ਵੱਖ-ਵੱਖ ਥਾਣਿਆਂ ਵਿੱਚ ਅਪਰਾਧਿਕ ਕੇਸ ਦਰਜ ਕੀਤੇ ਗਏ ਹਨ ਜਦੋਂ ਕਿ ਲੜਾਈ ਝਗੜਿਆਂ ਦੇ ਮਾਮਲਿਆਂ ਵਿੱਚ ਪਿਛਲੇ ਸਾਲ ਨਾਲੋਂ ਅੌਰਤਾਂ ਵਿਰੁੱਧ ਵੱਧ ਕੇਸ ਦਰਜ ਹੋਏ ਹਨ। ਧੋਖਾਧੜੀ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ ਜਦੋਂ ਕਿ ਨਸ਼ਾ ਤਸਕਰੀ ਦੇ ਮਮਾਲਿਆਂ ਵਿੱਚ ਕਾਫੀ ਕਮੀ ਆਈ ਹੈ। ਉਂਜ ਐਤਕੀਂ ਲੁੱਟ-ਖੋਹ ਤੇ ਚੋਰੀ ਅਤੇ ਸਨੈਚਿੰਗ ਦੀਆਂ ਘਟਨਾਵਾਂ ਨੇ ਵੀ ਪੁਲੀਸ ਨੂੰ ਪੂਰਾ ਸਾਲ ਭਜਾਈ ਰੱਖਿਆ ਹੈ। ਜਨਵਰੀ 2016 ਦੇ ਪਹਿਲੇ ਹਫ਼ਤੇ ਜ਼ਮੀਨ/ਜਾਇਦਾਦ ਦੀ ਖ਼ਰੀਦੋ-ਫ਼ਰੋਖ਼ਤ ਦੇ ਦੋਸ਼ ਅਧੀਨ ਚਰਚਿਤ ਕਲੋਨਾਈਜਰ ਦਵਿੰਦਰ ਗਿੱਲ ਦੇ ਖ਼ਿਲਾਫ਼, ਸੁਮਿਤ ਗੁਲਾਟੀ ਅਤੇ ਮੈਨੇਜਰ ਧੰਨਰਾਜ ਦੇ ਖ਼ਿਲਾਫ਼ ਧੋਖਾਧੜਾ ਦਾ ਕੇਸ ਦਰਜ ਕੀਤਾ ਗਿਆ ਸੀ। ਇੱਕ ਦਿਨ ਬਾਅਦ 9 ਜਨਵਰੀ ਨੂੰ ਏਅਰਪੋਰਟ ਸੜਕ ਨੇੜੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। 31 ਜਨਵਰੀ ਸਰਕਾਰੀ ਵਿਭਾਗਾਂ ਵਾਂਗ ਨੌਕਰੀਆਂ ਦੇਣ ਵਾਲੀ ਫਰਜ਼ੀ ਕੰਪਨੀ ਦੇ ਡਾਇਰੈਕਟਰ ਸਮੇਤ 6 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਸੈਲੂਨ ਦੀ ਆੜ ਵਿੱਚ ਜਿਸਮ ਫਰੋਸੀ ਦਾ ਧੰਦਾ, ਏਅਰਪੋਰਟ ’ਤੇ ਮਿਆਦ ਪੁੱਗ ਚੁੱਕੇ ਪਾਸਪੋਰਟ ਤੇ ਵੀਜ਼ੇ ਸਮੇਤ ਅਫ਼ਗਾਨਿਸਤਾਨੀ ਗ੍ਰਿਫ਼ਤਾਰ, ਨਾਈਪਰ ਦੇ ਡਾਇਰੈਕਟਰ ਕੇ.ਕੇ. ਭੁਟਾਨੀ, ਰਜਿਸਟਰਾਰ ਤੇ ਹੋਰਨਾਂ ਦੇ ਖ਼ਿਲਾਫ਼ ਦਰਜ ਕੇਸ ਦਾ ਮਾਮਲਾ ਕਾਫੀ ਚਰਚਾ ਵਿੱਚ ਰਿਹਾ ਹੈ। ਇੰਝ ਹੀ ਜਿੰਮ ਟਰੇਨਰ ਤੇ ਓਲਾ ਟੈਕਸੀ ਚਾਲਕ ਦੀ ਹੱਤਿਆ ਅਤੇ ਟੈਕਸੀ ਚਾਲਕ ਜੱਗੂ ਦੀ ਭੇਤਭਰੀ ਮੌਤ ਦਾ ਮਾਮਲਾ ਪੁਲੀਸ ਦੇ ਗਲੇ ਦੀ ਹੱਡੀ ਬਣਿਆ ਰਿਹਾ ਹੈ। ਜਦੋਂ ਕਿ ਬੀਤੀ 6 ਨਵੰਬਰ ਨੂੰ ਫੇਜ਼-8 ਥਾਣਾ ਅਤੇ ਵਿਜੀਲੈਂਸ ਥਾਣੇ ਦੇ ਬਿਲਕੁਲ ਨੇੜੇ ਬਾਊਸਰਾਂ ਦੇ ਦੋ ਧੜਿਆਂ ਵਿੱਚ ਹੋਈ ਗੋਲੀਬਾਰੀ ਨੇ ਪੁਲੀਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਪ੍ਰਸ਼ਨ-ਚਿੰਨ੍ਹ ਲਗਾਇਆ ਹੈ। ਇਸ ਤੋਂ ਇਲਾਵਾ ਡੇਰਾਬੱਸੀ ਵਿੱਚ ਦੱਪਰ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਲੁੱਟਣ ਦੇ ਮਾਮਲੇ ਨੇ ਵੀ ਪੁਲੀਸ ਦੀ ਕਾਫੀ ਖਿੱਲੀ ਉਡਾਈ ਹੈ ਪਰ ਬਾਅਦ ਵਿੱਚ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸੇ ਤਰ੍ਹਾਂ ਕਈ ਹੋਰ ਮਾਮਲੇ ਵੀ ਸੀਆਈਏ ਵਿੰਗ ਵੱਲੋਂ ਹੀ ਸੁਲਝਾਏ ਗਏ ਹਨ। ਪੁਲੀਸ ਥਾਣੇ ਤਾਂ ਸਿਰਫ਼ ਕੇਸ ਦਰਜ ਕਰਨ ਤੱਕ ਹੀ ਸੀਮਤ ਹਨ। ਜ਼ਿਲ੍ਹਾ ਪੁਲੀਸ ਦੇ ਅੰਕੜਿਆਂ ਮੁਤਾਬਕ ਸਪੀਡ ਲਿਮਟ ਤੈਅ ਨਾ ਹੋਣ ਕਾਰਨ ਸੜਕ ਹਾਦਸਿਆਂ ਵਿੱਚ 290 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਦੋਂ ਕਿ 400 ਤੋਂ ਵੱਧ ਵਿਅਕਤੀਆਂ ਦੀਆਂ ਲੱਤਾਂ ਬਾਂਹਾਂ ਟੁੱਟੀਆਂ ਹਨ। ਇਸ ਸਾਲ ਜ਼ਿਲ੍ਹਾ ਮੁਹਾਲੀ ਵਿੱਚ ਸੜਕ ਹਾਦਸਿਆਂ ਸਬੰਧੀ 30 ਨਵੰਬਰ ਤੱਕ 514 ਕੇਸ ਦਰਜ ਹੋਏ ਹਨ। ਜਿਨ੍ਹਾਂ ਵਿੱਚ 286 ਵਿਅਕਤੀਆਂ ਦੀ ਮੌਤ ਅਤੇ 392 ਜ਼ਖ਼ਮੀ ਹੋਏ ਹਨ। ਜਦੋਂ ਕਿ ਪਿਛਲੇ ਸਾਲ 508 ਸੜਕ ਹਾਦਸੇ ਵਾਪਰੇ ਸੀ। ਜਿਨ੍ਹਾਂ ’ਚ 244 ਲੋਕਾਂ ਦੀ ਮੌਤ ਅਤੇ 364 ਜ਼ਖ਼ਮੀ ਹੋਏ ਸੀ। ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਕਤਲ ਕੇਸਾਂ ਵਿੱਚ ਭਾਰੀ ਕਮੀ ਆਈ ਹੈ। ਇਸ ਸਾਲ 8 ਕਤਲ ਹੋਏ ਹਨ। ਜਿਨ੍ਹਾਂ ’ਚੋਂ ਪੁਲੀਸ ਕੋਲੋਂ ਸਿਰਫ਼ ਚਾਰ ਕੇਸ ਹੀ ਸੁਲਝਾਏ ਜਾ ਸਕੇ ਹਨ ਜਦੋਂ ਕਿ ਹੱਤਿਆ ਦੇ ਚਾਰ ਮਾਮਲੇ ਅਜੇ ਵੀ ਅਣਸੁਲਝੇ ਪਏ ਹਨ। ਇਸੇ ਤਰ੍ਹਾਂ ਕਈ ਪੁਰਾਣੇ ਕੇਸ ਵੀ ਅਣਸੁਲਝੇ ਪਏ ਹਨ। ਪਿਛਲੇ ਸਾਲ 22 ਕਤਲ ਦੇ ਕੇਸ ਦਰਜ ਹੋਏ ਸੀ। ਜਿਨ੍ਹਾਂ ’ਚੋਂ ਪੁਲੀਸ ਨੇ 21 ਕੇਸਾਂ ਨੂੰ ਸੁਲਝਾ ਲਿਆ ਸੀ। ਇੰਝ ਹੀ 26 ਇਰਾਦਾ-ਏ-ਕਤਲ ਦੇ ਕੇਸਾਂ ਵਿੱਚ 24 ਮਾਮਲਿਆਂ ਵਿੱਚ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਪਿਛਲੇ ਸਾਲ ਇਰਾਦਾ ਏ ਕਤਲ ਦੇ 27 ਕੇਸ ਦਰਜ ਹੋਏ ਸੀ। ਇਨ੍ਹਾਂ ’ਚੋਂ 25 ਕੇਸਾਂ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਫੜ ਲਿਆ ਗਿਆ ਸੀ। ਇਸ ਸਾਲ 2-2 ਲੁੱਟ-ਖੋਹ ਅਤੇ ਡਕੈਤੀ ਕੇਸ ਸਾਹਮਣੇ ਆਈ ਸੀ। ਇਨ੍ਹਾਂ ਸਾਰੇ ਕੇਸਾਂ ਨੂੰ ਸੁਲਝਾ ਲਿਆ ਹੈ ਜਦੋਂ ਕਿ ਪਿਛਲੇ ਸਾਲ ਲੁੱਟ ਤੇ ਡਕੈਤੀ ਦੇ 3-3 ਕੇਸ ਦਰਜ ਹੋਏ ਸੀ। ਇਨ੍ਹਾਂ ’ਚੋਂ ਲੁੱਟ-ਖੋਹ ਦਾ ਇੱਕ ਮਾਮਲਾ ਪੈਂਡਿੰਗ ਹੈ। ਇਸੇ ਤਰ੍ਹਾਂ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਕਾਫੀ ਕਮੀ ਆਈ ਹੈ। ਐਤਕੀਂ ਐਨਡੀਪੀਐਸ ਐਕਟ ਦੇ ਤਹਿਤ ਪੂਰੇ ਸਾਲ ਵਿੱਚ ਸਿਰਫ਼ 64 ਕੇਸ ਦਰਜ ਹੋਏ ਹਨ। ਇਨ੍ਹਾਂ ਵਿੱਚ ਕੇਸਾਂ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਸਾਰੇ ਮਾਮਲੇ ਮੁਹਾਲੀ ਅਦਾਲਤ ਵਿੱਚ ਵਿਚਾਰ ਅਧੀਨ ਹਨ। ਜਦੋਂ ਕਿ ਪਿਛਲੇ ਸਾਲ ਨਸ਼ਾ ਤਸਕਰੀ ਦੇ 148 ਕੇਸ ਦਰਜ ਹੋਏ ਸੀ। ਜਿਨ੍ਹਾਂ ’ਚੋਂ 147 ਕੇਸਾਂ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰ ਹੋ ਗਈ ਸੀ। ਉਧਰ, ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਅਤੇ ਵਿਦੇਸ਼ ਭੇਜਣ ਦੇ ਨਾਂ ’ਤੇ ਧੋੜਾਧੜੀ ਦੇ ਵੱਖ-ਵੱਖ ਥਾਣਿਆਂ ਵਿੱਚ 267 ਕੇਸ ਦਰਜ ਹੋਏ ਹਨ। ਜਿਨ੍ਹਾਂ ’ਚੋਂ 266 ਕੇਸਾਂ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰ ਹੋ ਚੁੱਕੀ ਹੈ ਜਦੋਂ ਕਿ ਪਿਛਲੇ ਸਾਲ ਧੋਖਾਧੜੀ ਦੇ 253 ਕੇਸ ਦਰਜ ਕੀਤੇ ਗਏ ਸੀ ਪ੍ਰੰਤੂ ਇਨ੍ਹਾਂ ਵਿੱਚ ਸਿਰਫ਼ 146 ਕੇਸਾਂ ਵਿੱਚ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰ ਹੋਈ ਸੀ ਅਤੇ ਬਾਕੀ ਕੇਸ ਅਜੇ ਤਾਈਂ ਪੈਂਡਿੰਗ ਪਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ