
ਮੁਹਾਲੀ ਵਿੱਚ ਅਪਰਾਧ ਵਧੇ, ਲਾਂਡਰਾਂ ਵਿੱਚ ਸੁਨਿਆਰਾ ਲੁੱਟਿਆ, ਗੋਲੀਆਂ ਵੀ ਚਲਾਈਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਤਿੰਨ ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਪਿਛਲੀ ਦਿਨੀਂ ਮੁਹਾਲੀ ਅਤੇ ਖਰੜ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਸਰਚ ਅਪਰੇਸ਼ਨ ਚਲਾਏ ਜਾਣ ਅਤੇ ਪੁਲੀਸ ਦੀ ਸਖ਼ਤੀ ਦੇ ਬਾਵਜੂਦ ਲੁਟੇਰੇ ਬੇਖ਼ੌਫ਼ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੇ ਦਿਨੀਂ ਮੁੰਡੀ ਖਰੜ ਵਿੱਚ ਬਜ਼ੁਰਗ ਅੌਰਤ ਸੰਤੋਸ਼ ਰਾਣੀ (65) ਦੇ ਗਲੇ ’ਚੋਂ 5 ਤੋਲੇ ਸੋਨੇ ਦੀ ਚੈਨੀ ਖੋਹਣ ਅਤੇ ਡੇਰਾਬੱਸੀ ਵਿੱਚ ਕਰੋੜਾਂ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਮੁਲਜ਼ਮ ਹਾਲੇ ਤੱਕ ਫੜੇ ਵੀ ਨਹੀਂ ਗਏ ਕਿ ਅੱਜ ਦੇਰ ਰਾਤ ਕਸਬਾ ਲਾਂਡਰਾਂ ਵਿੱਚ ਲੁਟੇਰਿਆਂ ਨੇ ਸੁਨਿਆਰੇ ਕੋਲੋਂ ਕਰੀਬ ਡੇਢ ਕਿੱਲੋ ਸੋਨਾ ਅਤੇ 25 ਕਿੱਲੋ ਚਾਂਦੀ ਲੁੱਟ ਕੇ ਫਰਾਰ ਹੋ ਗਏ। ਸੁਨਿਆਰੇ ਨੇ ਹਿੰਮਤ ਕਰਕੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫਾਇਰਿੰਗ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ।
ਪਿੰਡ ਨਿਊ ਲਾਂਡਰਾਂ ਦੇ ਸਾਬਕਾ ਸਰਪੰਚ ਗੁਰਮੁੱਖ ਸਿੰਘ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਨਾਂਅ ਦਾ ਵਿਅਕਤੀ ਲਾਂਡਰਾਂ ਮਾਰਕੀਟ ਵਿੱਚ ਸੁਨਿਆਰੇ ਦੀ ਦੁਕਾਨ ਕਰਦਾ ਹੈ। ਉਹ ਅੱਜ ਦੇਰ ਰਾਤ ਆਪਣੀ ਦੁਕਾਨ ਬੰਦ ਕਰਕੇ ਖਰੜ ਸਥਿਤ ਆਪਣੇ ਘਰ ਜਾਣ ਹੀ ਲੱਗਾ ਸੀ ਕਿ ਐਨੇ ਵਿੱਚ ਇਕ ਕਾਰ ਸਵਾਰ ਚਾਰ ਹਥਿਆਰਬੰਦ ਲੁਟੇਰੇ ਉੱਥੇ ਆਏ ਸੁਨਿਆਰੇ ਦੀਆਂ ਅੱਖਾਂ ਵਿੱਚ ਲਾਲ ਮਿੱਚਰੀ ਦਾ ਪਾਊਡਰ ਪਾ ਕੇ ਗਹਿਣਿਆਂ ਨਾਲ ਭਰੇ ਤਿੰਨ-ਚਾਰ ਬੈਗ ਲੈ ਕੇ ਫਰਾਰ ਹੋ ਗਏ। ਪੀੜਤ ਪ੍ਰਵੀਨ ਕੁਮਾਰ ਅਨੁਸਾਰ ਲੁਟੇਰੇ ਉਸ ਦਾ ਡੇਢ ਕਿੱਲੋ ਸੋਨਾ ਅਤੇ 25 ਕਿੱਲੋ ਚਾਂਦੀ ਲੁੱਟ ਕੇ ਲੈ ਗਏ ਹਨ। ਹਾਲਾਂਕਿ ਉਸ ਨੇ ਲੁਟੇਰਿਆਂ ਨੂੰ ਫੜਨ ਅਤੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਲੁਟੇਰਿਆਂ ਨੇ ਪਹਿਲਾਂ ਗੋਲੀਆਂ ਚਲਾਈਆਂ ਅਤੇ ਫਿਰ ਉਸ ਦੀਆਂ ਅੱਖਾਂ ਵਿੱਚ ਲਾਲ ਮਿਚਰਾਂ ਦਾ ਪਾਉਡਰ ਪਾ ਦਿੱਤਾ। ਸੁਨਿਆਰੇ ਅਨੁਸਾਰ ਲੁਟੇਰੇ ਲੁੱਟ ਦੀ ਵਾਰਦਾਤ ਤੋਂ ਬਾਅਦ ਸਰਕਾਰੀ ਹਾਈ ਸਕੂਲ ਲਾਂਡਰਾਂ ਨੇੜਿਓਂ ਪਿੰਡ ਦੀ ਫਿਰਨੀ ਵੱਲ ਨੂੰ ਅੱਗੇ ਭੱਜ ਗਏ।
ਸਾਬਕਾ ਸਰਪੰਚ ਗੁਰਮੁੱਖ ਸਿੰਘ ਨੇ ਤੁਰੰਤ ਪੁਲੀਸ ਨੂੰ ਫੋਨ ’ਤੇ ਵਾਰਦਾਤ ਬਾਰੇ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਡੀਐਸਪੀ (ਸਿਟੀ-2) ਸੁਖਜੀਤ ਸਿੰਘ ਵਿਰਕ, ਸੋਹਾਣਾ ਥਾਣੇ ਦੇ ਐਸਐਚਓ ਗੁਰਜੀਤ ਸਿੰਘ ਅਤੇ ਸਬ ਇੰਸਪੈਕਟਰ ਨੈਬ ਸਿੰਘ ਸਮੇਤ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਹਾਲਾਂਕਿ ਪੁਲੀਸ ਨੇ ਪੂਰੇ ਇਲਾਕੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਅਤੇ ਵਾਇਰਲੈੱਸ ਸਿਸਟਮ ਰਾਹੀਂ ਲੁੱਟ ਦੀ ਵਾਰਦਾਤ ਸਬੰਧੀ ਮੈਸੇਜ ਦਿੱਤਾ ਗਿਆ ਲੇਕਿਨ ਖ਼ਬਰ ਲਿਖੇ ਜਾਣ ਤੱਕ ਪੁਲੀਸ ਨੂੰ ਲੁਟੇਰਿਆਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ। ਮੁਲਜ਼ਮਾਂ ਦੀ ਪੈੜ ਨੱਪਣ ਲਈ ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ।