Nabaz-e-punjab.com

ਮੁਹਾਲੀ ਵਿੱਚ ਅਪਰਾਧ ਵਧਿਆ: ਮੋਟਰ ਸਾਈਕਲ ਸਵਾਰ ਅੌਰਤ ਦਾ ਪਰਸ ਖੋਹ ਕੇ ਫਰਾਰ

ਸ਼ਹਿਰ ਵਿੱਚ ਦੋ ਕਤਲ ਅਤੇ ਕਾਰ ਲੁੱਟਣ ਦੀਆਂ ਵਾਰਦਾਤਾਂ ਵੀ ਅਣਸੁਲਝੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ। ਅੱਜ ਇੱਥੋਂ ਦੇ ਫੇਜ਼-1 ਵਿੱਚ ਸਵੇਰੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਸੇ ਇਲਾਕੇ ਵਿੱਚ ਬਾਅਦ ਦੁਪਹਿਰ ਸ਼ਾਮ ਨੂੰ ਸਵਾ ਚਾਰ ਵਜੇ ਇਕ ਮੋਟਰ ਸਾਈਕਲ ਸਵਾਰ ਨੇ ਪੈਦਲ ਜਾ ਰਹੀ ਅੌਰਤ ਦਾ ਪਰਸ ਖੋਹ ਲਿਆ। ਜਾਣਕਾਰੀ ਅਨੁਸਾਰ ਪੀੜਤ ਅੌਰਤ ਰਤਨਜੋਤ ਕੌਰ ਵਾਸੀ ਸੰਨੀ ਇਨਕਲੇਵ ਕਾਰ ’ਚੋਂ ਥੱਲੇ ਉੱਤਰ ਕੇ ਫੇਜ਼-1 ਦੀ ਮਾਰਕੀਟ ਵਿੱਚ ਜਾ ਰਹੀ ਸੀ। ਉਹ ਸ਼ੋਅਰੂਮਾਂ ਦੇ ਪਿੱਛੇ ਆਪਣੀ ਕਾਰ ਖੜ੍ਹੀ ਕਰਕੇ ਜਿਵੇਂ ਹੀ ਕਾਰ ਤੋਂ ਬਾਹਰ ਨਿਕਲੇ ਤਾਂ ਇਨੇ ਵਿੱਚ ਸਾਹਮਣੇ ਤੋਂ ਆ ਰਹੇ ਮੋਟਰ ਸਾਈਕਲ ਸਵਾਰ ਨੌਜਵਾਨ ਨੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਿਆ। ਪੀੜਤ ਅੌਰਤ ਨੇ ਦੱਸਿਆ ਕਿ ਪਰਸ ਵਿੱਚ ਕਰੀਬ 1500 ਰੁਪਏ ਨਗਦੀ ਸੀ ਪ੍ਰੰਤੂ ਪਰਸ ਵਿੱਚ ਗੱਡੀ ਦੇ ਦਸਤਾਵੇਜ਼, ਏਟੀਐਮ ਕਾਰਡ ਅਤੇ ਹੋਰ ਕਾਗਜਾਤ ਸਨ। ਇਸ ਸਬੰਧੀ ਜਦੋਂਕਿ ਉਸ ਨੇ ਪੁਲੀਸ ਨੂੰ ਸੂਚਨਾ ਦਿੱਤੀ ਤਾਂ ਪੁਲੀਸ ਕਰਮਚਾਰੀਆਂ ਦਾ ਕਹਿਣਾ ਸੀ ਕਿ ਉਸ (ਪੀੜਤ ਅੌਰਤ) ਨੂੰ ਲੁਟੇਰੇ ਦੇ ਮੋਟਰ ਸਾਈਕਲ ਦਾ ਨੰਬਰ ਨੋਟ ਕਰਨਾ ਚਾਹੀਦਾ ਸੀ। ਉਂਜ ਇਹ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਮੌਕੇ ਮੌਜੂਦ ਇਲਾਕੇ ਦੀ ਕੌਂਸਲਰ ਸ੍ਰੀਮਤੀ ਗੁਰਮੀਤ ਕੌਰ ਨੇ ਕਿਹਾ ਕਿ ਫੇਜ਼-1 ਵਿੱਚ ਅੱਜ ਲੁੱਟ ਦੀਆਂ ਦੋ ਵਾਰਦਾਤਾਂ ਹੋਈਆਂ ਹਨ ਅਤੇ ਪੁਲੀਸ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਜਲਦੀ ਫੜਿਆ ਜਾਵੇ ਅਤੇ ਪੂਰੇ ਇਲਾਕੇ ਵਿੱਚ ਪੁਲੀਸ ਗਸ਼ਤ ਤੇਜ਼ ਕੀਤੀ ਜਾਵੇ।
ਉਧਰ, ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਵਿੱਚ ਪਿਛਲੇ ਦਿਨੀਂ ਨੇਪਾਲੀ ਰੇਹੜੀ ਚਾਲਕ ਦੀ ਤੇਜ਼ਧਾਰ ਹਥਿਆਰ ਨਾਲ ਸਿਰ ਵਿੱਚ ਹਮਲਾ ਕਰਕੇ ਹੱਤਿਆ ਕਰ ਦਿੱਤੀ ਸੀ ਲੇਕਿਨ ਹੁਣ ਤੱਕ ਪੁਲੀਸ ਨੂੰ ਕਾਤਲਾਂ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ। ਇਹੀ ਨਹੀਂ ਮ੍ਰਿਤਕ ਦੀ ਚੰਗੀ ਤਰ੍ਹਾਂ ਪਛਾਣ ਨਾ ਹੋਣ ਕਾਰਨ ਪੁਲੀਸ ਵੱਲੋਂ ਬੀਤੇ ਦਿਨੀਂ ਰੇਹੜੀ ਚਾਲਕ ਦੀ ਲਾਸ਼ ਨੂੰ ਲਾਵਾਰਿਸ ਕਰਾਰ ਦੇ ਕੇ ਉਸ ਦਾ ਖ਼ੁਦ ਹੀ ਅੰਤਿਮ ਸਸਕਾਰ ਕੀਤਾ ਗਿਆ ਹੈ। ਇੰਝ ਹੀ ਪਿੰਡ ਕੁੰਭੜਾ ਦੇ ਰਮੇਸ਼ ਕੁਮਾਰ ਦੇ ਕਤਲ ਸਬੰਧੀ ਪੁਲੀਸ ਨੂੰ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਸੋਹਾਣਾ ਪੁਲੀਸ ਨੇ ਬੀਤੀ 14 ਜੂਨ ਨੂੰ ਸਵੇਰੇ ਇਕ ਸਨਅਤਕਾਰ ਦੀ ਸੂਚਨਾ ’ਤੇ ਇੱਥੋਂ ਦੇ ਸੈਕਟਰ-82 ਵਿੱਚ ਰੇਲਵੇ ਲਾਈਨ ਨੇੜਿਓਂ ਅੱਧ ਸੜੀ ਲਾਸ਼ ਬਰਾਮਦ ਕੀਤੀ ਸੀ। ਇਸੇ ਤਰ੍ਹਾਂ ਸੈਕਟਰ-79 ਅਤੇ ਸੈਕਟਰ-80 ਦੀ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਬੀਤੀ 5 ਜੁਲਾਈ ਨੂੰ ਪਿਸਤੌਲ ਦੀ ਨੋਕ ’ਤੇ ਇਕ ਕਾਰੋਬਾਰੀ ਤੋਂ ਉਸ ਦੀ ਕਾਰ ਖੋਹ ਲਈ ਸੀ, ਪ੍ਰੰਤੂ ਹੁਣ ਤੱਕ ਲੁਟੇਰਿਆਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…