Nabaz-e-punjab.com

ਕਿਸਾਨ ਅੰਦੋਲਨ ਪਿੱਛੇ ਪਾਕਿ ਤੇ ਚੀਨ ਦਾ ਹੱਥ ਹੋਣ ਦੀ ਕੇਂਦਰੀ ਮੰਤਰੀ ਦੇ ਬੇਤੁਕੇ ਬਿਆਨ ਦੀ ਸਖ਼ਤ ਅਲੋਚਨਾ

ਭਾਜਪਾ ਆਗੂ ਗੈਰਜ਼ਿੰਮੇਵਾਰਨਾ ਬਿਆਨ ਦੇ ਕੇ ਦੇਸ਼ ਦੇ ਹਾਲਾਤ ਵਿਗਾੜਨ ਦੀ ਤਾਕ ’ਚ: ਬੀਰ ਦਵਿੰਦਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਦਸੰਬਰ:
ਕੇਂਦਰੀ ਮੰਤਰੀ ਰਾਓ ਸਾਹਿਬ ਦਾਨਵੇ ਵੱਲੋਂ ਕਿਸਾਨ ਅੰਦੋਲਨ ਪਿੱਛੇ ਚੀਨ ਅਤੇ ਪਾਕਿਸਤਾਨ ਦਾ ਹੱਥ ਹੋਣ ਬਾਰੇ ਕੀਤੀਆਂ ਟਿੱਪਣੀਆਂ ਦੀ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਮੁੱਖ ਬੁਲਾਰੇ ਅਤੇ ਮੀਡੀਆ ਕਮੇਟੀ ਦੇ ਚੇਅਰਮੈਨ ਬੀਰਦਵਿੰਦਰ ਸਿੰਘ ਨੇ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਆਗੂ ਆਏ ਦਿਨ ਕਿਸਾਨ ਅੰਦੋਲਨ ਦੇ ਵਿਰੁੱਧ ਬੇਤੁਕੇ, ਫ਼ਜ਼ੂਲ ਅਤੇ ਤਰਕ ਤੋਂ ਸੱਖਣੇ ਬਿਆਨ ਦੇ ਕੇ ਕਿਸਾਨਾਂ ਦੇ ਮਸਲੇ ਨੂੰ ਜਾਣਬੱੁਝ ਕੇ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਭਾਜਪਾ ਨੇ ਪਹਿਲਾਂ ਖ਼ਾਲਿਸਤਾਨ ਕਹਿ ਕੇ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਕੇਂਦਰੀ ਮੰਤਰੀ ਨੇ ਕਿਸਾਨ ਅੰਦੋਲਨ ਦੇ ਪਿੱਛੇ ਪਾਕਿਸਤਾਨ ਅਤੇ ਚੀਨ ਦਾ ਹੱਥ ਹੋਣ ਦਾ ਗੈਰ ਜ਼ਿੰਮੇਵਾਰਨਾ ਅਤੇ ਬੇਬੁਨਿਆਦ ਬਿਆਨ ਦੇ ਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ।
ਬੀਰਦਵਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਕੇਂਦਰੀ ਮੰਤਰੀ ਰਾਓ ਸਾਹਿਬ ਦਾਨਵੇ ਨੂੰ ਫੌਰੀ ਤੌਰ ’ਤੇ ਕੇਂਦਰੀ ਵਜ਼ਾਰਤ ’ਚੋਂ ਬਰਖ਼ਾਸਤ ਕੀਤਾ ਜਾਵੇ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਉਸ ਦੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਦੇ ਕਿਸਾਨ ਆਪਣੇ ਪਰਿਵਾਰਾਂ ਸਮੇਤ ਇਸ ਅੰਦੋਲਨ ਵਿੱਚ ਸ਼ਾਮਲ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ, ਉੱਥੇ ਹੀ ਉਸਦਾ ਦੂਜਾ ਭਰਾ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੀ ਜਾਨ ਵੀ ਨਿਛਾਵਰ ਕਰ ਰਿਹਾ ਹੈ। ਅਜਿਹੇ ਵਿੱਚ ਕਿਸਾਨ ਅੰਦੋਲਨ ਦੇ ਪਿੱਛੇ ਪਾਕਿਸਤਾਨ ਅਤੇ ਚੀਨ ਦਾ ਹੱਥ ਹੋਣ ਦੀ ਗੱਲ ਕਹਿਣਾ ਬਹੁਤ ਮੰਦਭਾਗੀ ਗੱਲ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਕਸ਼ਮੀਰ ਦਾ ਮਸਲਾ ਉਲਝਾਇਆ ਅਤੇ ਫਿਰ ਨਾਗਰਿਕਤਾ ਕਾਨੂੰਨ ਲਾਗੂ ਕਰਕੇ ਦਿੱਲੀ ਵਿੱਚ ਫਿਰਕੂ ਦੰਗੇ ਕਰਵਾਏ ਅਤੇ ਹੁਣ ਕਿਸਾਨ ਅੰਦੋਲਨ ਨੂੰ ਫਿਰਕੂ ਰੰਗਤ ਦੇ ਕੇ ਇੱਥੇ ਵੀ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੇਸ਼ ਵਿਆਪੀ ਅੰਦੋਲਨ ਹੈ। ਜਿਸ ਨੂੰ ਸਿਆਸੀ ਅਤੇ ਫਿਰਕੂ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਬਿਆਨ ਜਾਰੀ ਕਰਨ ਦੀ ਬਜਾਏ ਕੜਾਕੇ ਦੀ ਠੰਢ ਵਿੱਚ ਦਿਨ-ਰਾਤ ਅੰਦੋਲਨ ਕਰ ਰਹੇ ਕਿਸਾਨਾਂ ਦੀ ਦੀਆਂ ਵਾਜਬ ਮੰਗਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਭਾਜਪਾ ਵੱਲੋਂ ਦਿੱਤੇ ਜਾ ਰਹੇ ਅਜਿਹੇ ਗੈਰਜ਼ਿੰਮੇਵਾਰਨਾ ਬਿਆਨਾਂ ਤੋਂ ਸੁਚੇਤ ਰਹਿਣ ਲਈ ਵੀ ਕਿਹਾ।

Load More Related Articles

Check Also

AAP government has done nothing but fooled the people in the last three years: Sidhu

AAP government has done nothing but fooled the people in the last three years: Sidhu Congr…