ਵਿੱਤ ਤੇ ਠੇਕਾ ਕਮੇਟੀ ਦੀ ਪਲੇਠੀ ਮੀਟਿੰਗ ਵਿੱਚ ਮੁਹਾਲੀ ਦੇ ਵਿਕਾਸ ਲਈ 19.50 ਕਰੋੜ ਦੇ ਮਤੇ ਪਾਸ

ਬਿਨਾਂ ਪੱਖਪਾਤ ਤੋਂ ਸਾਰੇ 50 ਵਾਰਡਾਂ ਦੇ ਵਿਕਾਸ ਸਬੰਧੀ ਐਸਟੀਮੇਟ ਪਾਸ ਕੀਤੇ: ਮੇਅਰ ਜੀਤੀ ਸਿੱਧੂ

ਵੱਖ-ਵੱਖ ਫੇਜ਼ਾਂ ਅਤੇ ਸੈਕਟਰਾਂ ਦੀਆਂ ਲੋੜਾਂ ਮੁਤਾਬਕ ਤਿਆਰ ਕੀਤੇ ਗਏ ਨੇ ਐਸਟੀਮੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਵੀਰਵਾਰ ਨੂੰ ਹੋਈ ਪਲੇਠੀ ਮੀਟਿੰਗ ਵਿੱਚ ਸ਼ਹਿਰ ਦੇ ਸਰਬਪੱਖੀ ਵਿਕਾਸ ਸਬੰਧੀ 19 ਕਰੋੜ 50 ਲੱਖ ਰੁਪਏ ਦੇ ਮਤੇ ਪਾਸ ਕੀਤੇ ਗਏ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਾਰੇ 50 ਵਾਰਡਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਹੋਏ ਪੂਰੀ ਪਾਰਦਰਸ਼ਤਾ ਨਾਲ ਵਿਕਾਸ ਦੀ ਗੱਲ ਕੀਤੀ ਗਈ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਡਾ. ਕਮਲ ਗਰਗ, ਮੈਂਬਰ ਜਸਬੀਰ ਸਿੰਘ ਮਣਕੂ, ਸ੍ਰੀਮਤੀ ਅਨੁਰਾਧਾ ਆਨੰਦ ਅਤੇ ਨਿਗਮ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਵਿੱਚ ਪੇਵਰ ਬਲਾਕਾਂ ਤੇ ਕਰਵ ਚੈਨਲਾਂ ਦੀ ਮੁਰੰਮਤ ਸਬੰਧੀ 6.50 ਕਰੋੜ ਰੁਪਏ ਪਾਸ ਕੀਤੇ ਗਏ। ਇੰਜ ਹੀ ਸ਼ਹਿਰ ਦੀਆਂ ਸੜਕਾਂ ’ਤੇ ਪੈਚਵਰਕ ਅਤੇ ਲੋੜ ਅਨੁਸਾਰ ਪ੍ਰੀਮਿਕਸ ਪਾਉਣ ਲਈ 3 ਕਰੋੜ 33 ਲੱਖ ਰੁਪਏ, ਮੁਹਾਲੀ ਪਿੰਡ, ਸੈਕਟਰ-65 ਅਤੇ ਸੈਕਟਰ-78 ਵਿੱਚ ਤਿੰਨ ਟਿਊਬਵੈੱਲ ਲਗਾਉਣ, 2 ਟਰੈਕਟਰ ਖ਼ਰੀਦਣ ਲਈ 3.35 ਕਰੋੜ ਰੁਪਏ ਅਤੇ ਇਲੈਕਟ੍ਰੀਕਲ ਕੰਮਾਂ ਦੀ ਰਿਪੇਅਰ ਲਈ 20 ਲੱਖ ਰੁਪਏ ਦੇ ਮਤੇ ਪਾਸ ਕੀਤੇ ਗਏ ਹਨ। ਇਸ ਦੇ ਨਾਲ ਨਵੇਂ ਸੈਕਟਰਾਂ ਵਿੱਚ ਪਾਣੀ ਦੇ ਟਿਊਬਵੈੱਲਾਂ ਲਈ ਜੈਨਰੇਟਰ ਸੈੱਟ ਖ਼ਰੀਦਣ ਲਈ 65 ਲੱਖ ਰੁਪਏ, ਹੋਰ ਸਾਂਝੇ ਕੰਮਾਂ ਲਈ ਲਗਪਗ 4 ਕਰੋੜ ਰੁਪਏ ਦੇ ਮਤੇ ਪਾਸ ਕੀਤੇ ਗਏ ਹਨ। ਜਿਨ੍ਹਾਂ ’ਚੋਂ 50 ਲੱਖ ਰੁਪਏ ਸ਼ਮਸ਼ਾਨਘਾਟ ’ਤੇ ਖਰਚੇ ਜਾਣਗੇ। ਬਰਸਾਤਾਂ ਤੋਂ ਪਹਿਲਾਂ ਇੱਥੇ ਪੁਰਾਣੀਆਂ ਸ਼ੈੱਡਾਂ ਦੇ ਟੀਨ ਬਦਲਣ, ਨਵੇਂ ਸ਼ੈੱਡ ਬਣਾਉਣ ਅਤੇ ਪਲੇਟਫ਼ਾਰਮ ਵੀ ਨਵੇ ਬਣਾਏ ਜਾਣਗੇ।
ਮੁਹਾਲੀ ਦੀਆਂ ਟਰੈਫ਼ਿਕ ਲਾਈਟਾਂ ਦੇ ਨਾਲ ਛੱਡੀਆਂ ਤਿਕੋਣੀਆਂ ਗਰੀਨ ਬੈਲਟਾਂ ਦੇ ਸੁੰਦਰੀਕਰਨ, ਸੀਵਰੇਜ ਸਿਸਟਮ ਦੀ ਮੁਰੰਮਤ ਅਤੇ ਸਫ਼ਾਈ, ਮੁਹਾਲੀ ਦੀਆਂ ਬਾਕੀ ਗਰੀਨ ਬੈਲਟਾਂ, ਫੇਜ਼-11 ਦੇ ਨੇਚਰ ਪਾਰਕ ਸਮੇਤ ਹੋਰ ਵੱਡੇ ਪਾਰਕਾਂ ਦੇ ਕੰਮ, ਜ਼ੋਨ ਵਾਈਜ਼ ਮੁੱਖ ਸੜਕਾਂ ਦੇ ਕੰਮ ਕਰਨ ’ਤੇ ਜ਼ੋਰ ਦਿੱਤਾ। ਸ਼ਹਿਰ ਵਿੱਚ ਇਕ ਤਰ੍ਹਾਂ ਦੇ ਨੰਬਰ ਪਲੇਟ ਲਗਾਉਣ ਲਈ 1 ਕਰੋੜ 63 ਲੱਖ ਰੁਪਏ ਦਾ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਉਹ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਸ਼ਹਿਰ ਦੇ ਵਿਕਾਸ ਨੂੰ ਤਰਜ਼ੀਹ ਦਿੱਤੀ ਜਾਵੇਗੀ। ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਕਾਂਗਰਸ ਨੇ ਵਿਕਾਸ ਦੇ ਨਾਂ ’ਤੇ ਨਿਗਮ ਚੋਣਾਂ ਲੜੀਆਂ ਸਨ ਅਤੇ ਵਿਕਾਸ ਦੀ ਹੀ ਗੱਲ ਕੀਤੀ ਜਾਵੇਗੀ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸ਼ਹਿਰ ਦੇ ਵਿਕਾਸ ਲਈ ਗੰਭੀਰ ਹਨ। ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

Load More Related Articles

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…