
200 ਕਰੋੜੀ ਦਵਾਈ ਘਪਲਾ: ਮੁਹਾਲੀ ਵਿੱਚ ਅਕਾਲੀਆਂ ਨੇ ਸਿਹਤ ਮੰਤਰੀ ਸਿੱਧੂ ਦਾ ਪੁਤਲਾ ਸਾੜਿਆ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਪੰਜਾਬ ਕੈਬਨਿਟ ’ਚੋਂ ਬਰਖ਼ਾਸਤ ਕਰਨ ਦੀ ਮੰਗ, ਨਾਅਰੇਬਾਜ਼ੀ ਕੀਤੀ
ਸਿੱਧੂ ਨੇ ਅਕਾਲੀਆਂ ਦੇ ਦੋਸ਼ ਨਕਾਰੇ, ਕਿਹਾ ਮਜੀਠੀਆ ਨੇ ਨੌਜਵਾਨਾਂ ਨੂੰ ਚਿੱਟੇ ਵੱਲ ਲਾਇਆ ਪਰ ਅਸੀਂ ਕੀਤਾ ਮੁਫ਼ਤ ਇਲਾਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਸ਼੍ਰੋਮਣੀ ਅਕਾਲੀ ਦਲ (ਬ) ਜ਼ਿਲ੍ਹਾ ਮੁਹਾਲੀ ਦੇ ਯੂਥ ਵਿੰਗ ਅਤੇ ਇਸਤਰੀ ਵਿੰਗ ਵੱਲੋਂ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਪੁਤਲਾ ਸਾੜ ਕੇ ਰੋਸ ਮੁਜ਼ਾਹਰਾ ਕੀਤਾ। ਮੰਤਰੀ ਵਿਰੁੱਧ ਰੋਸ ਮੁਜ਼ਾਹਰੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਜ਼ਿਲ੍ਹਾ ਯੂਥ ਵਿੰਗ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ ਨੇ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਿੱਧੂ ਖ਼ਿਲਾਫ਼ 200 ਕਰੋੜ ਰੁਪਏ ਦਵਾਈਆਂ ਦੇ ਕਥਿਤ ਘੁਟਾਲੇ ’ਤੇ ਪਰਦਾ ਪਾਉਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਸਿੱਧੂ ਨੂੰ ਤੁਰੰਤ ਪੰਜਾਬ ਕੈਬਨਿਟ ’ਚੋਂ ਬਰਖ਼ਾਸਤ ਕੀਤਾ ਜਾਵੇ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਿਹਤ ਮੰਤਰੀ ਨੇ ਦਵਾਈਆਂ ਦੀ ਖਰੀਦ ਵਿੱਚ 200 ਕਰੋੜ ਰੁਪਏ ਦਾ ਕਥਿਤ ਤੌਰ ’ਤੇ ਘਪਲਾ ਕੀਤਾ ਹੈ। ਲਿਹਾਜ਼ਾ ਸ੍ਰੀ ਸਿੱਧੂ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਬਰਖ਼ਾਸਤ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕੈਬਨਿਟ ਮੰਤਰੀ ਖ਼ਿਲਾਫ਼ ਭੂ-ਮਾਫ਼ੀਆ ਅਤੇ ਰੇਤ-ਮਾਫੀਆ ਨਾਲ ਮੇਲ ਜੋਲ ਰੱਖਣ ਦੇ ਦੋਸ਼ ਲਗਦੇ ਰਹੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵਿੱਚ ਸ਼ਾਮਲ ਕਈ ਮੰਤਰੀਆਂ ’ਤੇ ਭ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਨਾਲ ਸਬੰਧਾਂ ਦੇ ਵੀ ਦੋਸ਼ ਲੱਗ ਚੁੱਕੇ ਹਨ।
ਇਸ ਮੌਕੇ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਸੋਹਲ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਜੱਸੀ, ਯੂਥ ਵਿੰਗ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਮਨਜੀਤ ਸਿੰਘ ਮਲਕਪੁਰ, ਬਿਕਰਮਜੀਤ ਸਿੰਘ ਗੀਗੇਮਾਜਰਾ, ਆਰਪੀ ਸ਼ਰਮਾ, ਅਰੁਣ ਸ਼ਰਮਾ, ਸੁਰਿੰਦਰ ਸਿੰਘ ਰੋਡਾ, ਪਰਮਿੰਦਰ ਸਿੰਘ ਤਸਿੰਬਲੀ, ਕਮਲਜੀਤ ਸਿੰਘ ਰੂਬੀ, ਪਰਮਜੀਤ ਸਿੰਘ ਕਾਹਲੋਂ, ਉਪਿੰਦਰਪ੍ਰੀਤ ਕੌਰ ਗਿੱਲ, ਜਸਵੀਰ ਕੌਰ ਅੱਤਲੀ, ਕਮਲਜੀਤ ਕੌਰ, ਰਮਨਪ੍ਰੀਤ ਕੌਰ ਕੁੰਭੜਾ, ਰਜਨੀ ਗੋਇਲ (ਸਾਰੇ ਕੌਂਸਲਰ), ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ ਬੈਦਵਾਨ, ਨੰਬਰਦਾਰ ਹਰਸੰਗਤ ਸਿੰਘ, ਹਰਵਿੰਦਰ ਸਿੰਘ, ਹਰਮਿੰਦਰ ਸਿੰਘ ਪੱਤੋਂ, ਜਸਵੀਰ ਸਿੰਘ ਕੁਰੜਾ, ਬਲਵਿੰਦਰ ਸਿੰਘ ਲਖਨੌਰ, ਹਰਜਿੰਦਰ ਸਿੰਘ ਬਲੌਂਗੀ, ਹਰਮਨਦੀਪ ਸੰਧੂ, ਸੁਖਦੇਵ ਸਿੰਘ ਪੰਥ, ਦਵਿੰਦਰ ਸਿੰਘ ਢਿੱਲੋਂ, ਗੁਰਮੀਤ ਸਿੰਘ ਬਾਕਰਪੁਰ, ਅਰਬਿੰਦਰ ਸਿੰਘ ਬਿੰਨੀ, ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।
(ਬਾਕਸ ਆਈਟਮ)
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਕਾਲੀਆਂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠੇ ਦੱਸਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰ ਦੱਸਦਿਆਂ ਕਿਹਾ ਕਿ ਮਜੀਠੀਆ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਵਿੱਚ ਧੱਕਿਆ ਹੈ। ਜਿਸ ਕਾਰਨ ਕਈ ਮਾਵਾਂ ਦੇ ਗੱਭਰੂ ਪੁੱਤ ਨਸ਼ਿਆਂ ਕਾਰਨ ਫੌਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਾਂਗਰਸ ਨੇ ਸੱਤਾ ਸੰਭਾਲਦੇ ਹੀ ਨਸ਼ਿਆਂ ਨੂੰ ਠੱਲ੍ਹ ਪਾਈ ਹੈ ਅਤੇ ਨਸ਼ੇ ਦੇ ਆਦੀ 4 ਲੱਖ ਤੋਂ ਵੱਧ ਨੌਜਵਾਨਾਂ ਦਾ ਮੁਫ਼ਤ ਇਲਾਜ ਕਰਕੇ ਉਨ੍ਹਾਂ ਨੂੰ ਆਮ ਜ਼ਿੰਦਗੀ ਜਿਊਣ ਦੇ ਯੋਗ ਬਣਾਇਆ ਗਿਆ ਹੈ।
ਸਿੱਧੂ ਨੇ ਕਿਹਾ ਕਿ ਹੁਣ ਅਕਾਲੀਆਂ ਦਾ ਨਸ਼ਿਆਂ ਦਾ ਕਾਰੋਬਾਰ ਬੰਦ ਹੋਣ ਕਾਰਨ ਉਹ ਆਪਣੀ ਬਦਨਾਮੀ ਦੇ ਡਰੋਂ ਬਿਨਾਂ ਵਜ੍ਹਾ ਰੌਲਾ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 194 ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਅਕਾਲੀ ਜਿਹੜੇ ਕੇਂਦਰ ਦੀ ਦਵਾਈਆਂ ਨੂੰ ਆਧਾਰ ਬਣਾ ਕੇ ਉਨ੍ਹਾਂ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ, ਉਹ ਕੋਈ ਪ੍ਰਾਈਵੇਟ ਸੰਸਥਾ ਹੈ। ਜਿਸ ਦਾ ਸਰਕਾਰ ਜਾਂ ਸਿਹਤ ਵਿਭਾਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਉਕਤ ਪ੍ਰਾਈਵੇਟ ਕੇਂਦਰ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ, ਉਹ ਕਿੱਥੋਂ ਦਵਾਈਆਂ ਲੈ ਕੇ ਆਉਂਦੇ ਹਨ ਅਤੇ ਅੱਗੇ ਕਿਹੜੇ ਭਾਅ ’ਤੇ ਵੇਚਦੇ ਹਨ।