ਮੁਹਾਲੀ ਦੀ ਸੁੰਦਰਤਾ ’ਤੇ 86 ਕਰੋੜ 37 ਲੱਖ ਰੁਪਏ ਖ਼ਰਚ ਕੀਤੇ ਜਾਣਗੇ: ਬਲਬੀਰ ਸਿੱਧੂ

ਗਮਾਡਾ ਤੋਂ ਆਏ ਫੰਡ 25 ਕਰੋੜ ਰੁਪਏ ਦਾ ਚੈੱਕ ਨਗਰ ਨਿਗਮ ਨੂੰ ਕੀਤਾ ਭੇਂਟ

ਪੁੱਡਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਕੀਤਾ ਧੰਨਵਾਦ, ਸਿਹਤ ਤੇ ਸਿੱਖਿਆ ਸਰਕਾਰ ਦੇ ਤਰਜੀਹੀ ਖੇਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੁਨੀਆਂ ਦੇ ਸੁੰਦਰ ਸ਼ਹਿਰਾਂ ਚ ਆਉਂਦਾ ਹੈ ਇਸ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵਧਾਉਣ ਅਤੇ ਸ਼ਹਿਰੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਸ਼ਹਿਰ ਦੇ ਵਿਕਾਸ ਕਾਰਜ਼ਾਂ ਤੇ 86 ਕਰੋੜ 37 ਲੱਖ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਗਰ ਨਿਗਮ ਭਵਨ ਵਿਖੇ ਪ੍ਰੈਸ ਮਿਲਣੀ ਦੌਰਾਨ ਕੀਤਾ। ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਗਮਾਡਾ ਤੋਂ ਨਗਰ ਨਿਗਮ ਲਈ ਮਿਲੇ ਫੰਡ 25 ਕਰੋੜ ਰੁਪਏ ਦਾ ਚੈੱਕ ਕਮਿਸ਼ਨਰ ਨਗਰ ਨਿਗਮ ਡਾ. ਕਮਲ ਗਰਗ ਨੂੰ ਸੌਂਪਿਆ।
ਇਸ ਮੌਕੇ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਕਨੂ ਥਿੰਦ, ਮੁੱਖ ਇੰਜੀਨੀਅਰ ਮੁਕੇਸ਼ ਗਰਗ ਅਤੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਵੀ ਮੌਜੂਦ ਸਨ। ਇਸ ਮੌਕੇ ਸ੍ਰੀ ਸਿੱਧੂ ਨੇ ਸ਼ਹਿਰ ਦੇ ਵਿਕਾਸ ਕਾਰਜ਼ਾਂ ਲਈ ਗਮਾਡਾ ਵੱਲੋਂ ਨਗਰ ਨਿਗਮ ਲਈ ਫੰਡ ਅਲਾਟ ਕਰਨ ਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਸਰਵਜੀਤ ਸਿੰਘ ਅਤੇ ਮੁੱਖ ਪ੍ਰਸ਼ਾਸਕ ਗਮਾਡਾ ਪ੍ਰਦੀਪ ਕੁਮਾਰ ਅਗਰਵਾਲ ਦਾ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ।
ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਵਿੱਚ ਵੱਖ ਵੱਖ ਹਾਊਸਿੰਗ ਸੁਸਾਇਟੀਆਂ ਵਿੱਚ ਵਿਕਾਸ ਕਾਰਜ਼ਾਂ ਤੇ 3 ਕਰੋੜ 88 ਲੱਖ ਰੁਪਏ, ਮਾਰਕੀਟਾਂ ਦੇ ਨਵੀਨੀਕਰਣ ਤਹਿਤ ਰੈਡ ਸਟੋਨ, ਨਵੀਂਆਂ ਗਰੀਲਾਂ, ਏ.ਟੀ.ਐਮ ਵਾਟਰ ਅਤੇ ਐਲ.ਈ.ਡੀ ਲਾਈਟਾਂ ਤੇ 13 ਕਰੋੜ 44 ਲੱਖ ਰੁਪਏ, ਅੰਮ੍ਰਿਤ ਸਕੀਮ ਅਧੀਨ 9 ਕਿਲੋ ਮੀਟਰ ਮੁੱਖ ਸੀਵਰੇਜ ਲਾਈਨ ਦਾ ਪ੍ਰਬੰਧਨ ਅਤੇ ਮੁੜ ਉਸਾਰੀ ਤੇ 22 ਕਰੋੜ ਰੁਪਏ, ਸ਼ਹਿਰ ਦੀਆਂ ਵੱਖ ਵੱਖ 50 ਪਾਰਕਾਂ ਵਿੱਚ ਪਲੇਟਫਾਰਮ ਵਾਲੇ ਓਪਨ ਜਿੰਮ ਤੇ 5 ਕਰੋੜ 37 ਲੱਖ ਰੁਪਏ, ਆਧੁਨਿਕ ਧਾਰਣਾ ਤਹਿਤ ਘਰਾਂ ਦੇ ਨੰਬਰਾਂ ਦੀ ਜਾਣਕਾਰੀ ਦੇਣ ਸਬੰਧੀ ਮੈਡੀਓਲ ਸਟੀਲ ਪਲੇਟਾਂ ਤੇ 2 ਕਰੋੜ ਰੁਪਏ, ਵੱਖ ਵੱਖ ਪਾਰਕਾਂ ਵਿੱਚ ਬੱਚਿਆਂ ਲਈ ਖੇਡ ਮੈਦਾਨ, ਵਾਲੀਬਾਲ, ਬਾਸਕੇਟ ਬਾਲ, ਅਤੇ ਐਲ.ਈ.ਡੀ ਲਾਈਟਾ ਵਾਲੀ ਬੈਡਮਿੰਟਨ ਕੋਰਟ ਆਦਿ ਦੇ ਨਿਰਮਾਣ ’ਤੇ 2 ਕਰੋੜ 4 ਲੱਖ ਰੁਪਏ, ਵੱਖ ਵੱਖ ਥਾਵਾਂ ਤੇ ਪੇਵਰ ਬਲਾਕ ਲਗਾਉਣ ਤੇ 15 ਕਰੋੜ ਰੁਪਏ, ਫੇਜ਼-3ਬੀ1 ਵਿੱਚ ਅਤਿ ਆਧੁਨਿਕ ਕਮਉਨਿਟੀ ਸੈਂਟਰ ਜਿਸ ਵਿੱਚ ਏ.ਸੀ,ਐਲੀਵੇਟਰ, ਸਾਉਂਡ ਪਰੂਫ ਹੋਵੇਗਾ ਦੀ ਉਸਾਰੀ ਤੇ 6 ਕਰੋੜ ਰੁਪਏ, ਵੱਖ ਵੱਖ ਸੜਕਾਂ ਤੇ ਬੀਸੀ/ਐਸਡੀਬੀਸੀ ਤੇ 5 ਕਰੋੜ ਰੁਪਏ, ਪਾਰਕਾਂ ਵਿੱਚ ਸੈਰ ਕਰਨ ਲਈ ਟਰੈਕ, ਮੌਸਮੀ ਸ਼ੈਲਟਰ, ਬੱਚਿਆਂ ਦੇ ਖੇਡਣ ਲਈ ਉਪਕਰਨ ਤੇ 5 ਕਰੋੜ ਰੁਪਏ, ਜਲ ਸਪਲਾਈ ਅਤੇ ਸੀਵਰੇਜ ਲਈ ਮਸ਼ੀਨਰੀ ਦੀ ਖਰੀਦ ’ਤੇ 1 ਕਰੋੜ 50 ਲੱਖ ਰੁਪਏ, ਬਾਇਓਰਮਿਡੀਏਸ਼ਨ ਡੰਪਿੰਗ ਗਰਾਉਂਡ ’ਤੇ 4 ਕਰੋੜ 79 ਲੱਖ ਰੁਪਏ, ਰੁੱਖਾਂ ਦੀ 60 ਫੁੱਟ ਉਚਾਈ ਤੱਕ ਛੰਗਾਈ ਕਰਨ ਲਈ ਮਸ਼ੀਨ ਦੀ ਖਰੀਦ ਤੇ 35 ਲੱਖ ਰੁਪਏ ਖਰਚ ਕੀਤੇ ਜਾਣਗੇ।
ਪੱਤਰਕਾਰਾਂ ਵੱਲੋਂ ਸਿਹਤ ਸੁਧਾਰਾਂ ਬਾਰੇ ਪੁੱਛ ਸਵਾਲਾਂ ਦੇ ਜਵਾਬ ਵਿੱਚ ਸ੍ਰੀ ਸਿੱਧੂ ਨੇ ਦੱਸਿਆ ਕਿ ਮੁਹਾਲੀ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਦੇ ਲਈ 20 ਏਕੜ ਜ਼ਮੀਨ ਦੇਣ ਵਾਲੇ ਪਿੰਡਾਂ ਦਾ ਧੰਨਵਾਦ ਕੀਤਾ ਅਤੇ ਇਸ ਦੇ ਨਾਲ ਨਾਲ 14 ਏਕੜ ਸਰਕਾਰੀ ਜ਼ਮੀਨ ਨੂੰ ਨਾਲ ਜੋੜ ਦਿੱਤਾ ਗਿਆ ਹੈ। ਇਸ ਤੇ 375 ਕਰੋੜ ਰੁਪਏ ਦੀ ਲਾਗਤ ਨਾਲ 500 ਬੈਡ ਦਾ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੀਤੇ ਗਏ ਉਪਰਾਲਿਆਂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਹਤ ਸਬੰਧੀ ਬੁਨਿਆਦੀ ਢਾਂਚੇ ਦੀ ਅੱਗੇ ਹੋਰ ਮਜਬੂਤੀ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ। ਪੰਜਾਬ ਸਿਹਤ (ਹੈਲਥ ਐਂਡ ਵੈੱਲਨੈੱਸ) ਕੇਂਦਰਾਂ ਨੂੰ ਸੂਬੇ ਦੇ ਮੁਢਲੇ ਸਿਹਤ ਸੈਕਟਰ ਨੂੰ ਮਜ਼ਬੂਤ ਕਰਨ ਵੱਲ ਮੀਲ ਪੱਥਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਕੇਂਦਰਾਂ ਦੀ ਸ਼ੁਰੂਆਤ ਕਰਨ ਦੀ ਪਹਿਲਕਦਮੀ ਦਿਹਾਤੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਨੂੰ ਵੱਡਾ ਹੁੰਗਾਰਾ ਦੇਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਦੀ ਸ਼ੁਰੂਆਤ ਨਾਲ ਰਾਜ ਦੇ ਸੈਕੰਡਰੀ ਤੇ ਟਰਸ਼ਰੀ ਸਿਹਤ ਕੇਂਦਰਾਂ ’ਤੇ ਦਬਾਅ ਘਟੇਗਾ, ਕਿਉਂ ਜੋ ਲੋਕਾਂ ਦੀ ਵੱਡੀਆਂ ਬੀਮਾਰੀਆਂ ਦੀ ਸਕਰੀਨਿੰਗ ਤੇ ਉਨ੍ਹਾਂ ਦਾ ਇਲਾਜ ਮੁੱਢਲੇ ਪੱਧਰ ’ਤੇ ਹੋ ਜਾਇਆ ਕਰੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ ਪੁਰਬ ਮਨਾਉਣ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਉਨ੍ਹਾਂ ਦੀ ਦੇਖਭਾਲ ਕਰਨ ਵਾਲੀ ਮਾਈ ਦੌਲਤਾਂ ਦੇ ਨਾਂ ‘ਤੇ ਸੂਬੇ ਵਿਚ ਸਥਾਪਤ ਕੀਤੇ ਜਾ ਰਹੇ 37 ਜੱਚਾ ਤੇ ਬੱਚਾ ਸਿਹਤ ਸੰਭਾਲ (ਐਮਸੀਐਚ) ਹਸਪਤਾਲਾਂ ਦੀ ਉਸਾਰੀ ਪ੍ਰਗਤੀ ਅਧੀਨ ਹੈ। ਜਿਨ੍ਹਾਂ ’ਚੋਂ 26 ਮਾਈ ਦੌਲਤਾਂ ਐਮਸੀਐਚ ਹਸਪਤਾਲਾਂ ਦੀ ਉਸਾਰੀ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ ਜਦੋਂਕਿ ਬਾਕੀ 11 ਹਸਪਤਾਲਾਂ ਦੀ ਉਸਾਰੀ ਜਾਰੀ ਹੈ। ਕਿਸਾਨਾਂ ਦੇ ਸੰਘਰਸ਼ ਬਾਰੇ ਪੁੱਛੇ ਸਵਾਲ ਦੇ ਜਾਵਬ ਸ. ਸਿੱਧੂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਵਗਾਈ ਹੇਠ ਪੰਜਾਬ ਸਕਰਾਰ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕਿਸਾਨੀ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਾਣਕਾਰੀ ਨਾਲ ਹੀ ਇਨ੍ਹਾਂ ਯੋਜਨਾਵਾਂ ਦਾ ਫਾਇਦਾ ਉਠਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵਿਕਾਸ ਪੱਖੋਂ ਇਲਾਕੇ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ, ਉੱਥੇ ਯੋਗ ਵਿਅਕਤੀਆਂ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਵੀ ਯਕੀਨੀ ਬਣਾਈਆਂ ਜਾਣਗੀਆਂ। ਇਸ ਮੌਕੇ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰਾਜਪੂਤ, ਬਲਵਿੰਦਰ ਸਿੰਘ ਸੰਜੂ ਅਤੇ ਰਾਜੇਸ਼ ਲਖੌਤਰਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…