ਜਲ ਸਪਲਾਈ ’ਚ ਹੋਰ ਵਧੇਰੇ ਸੁਧਾਰ ਲਈ 14.7 ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ: ਸਿੱਧੂ

ਸੀਵਰੇਜ਼ ਸਮੱਰਥਾ ਵਧਾਉਣ ਲਈ 21.90 ਕਰੋੜ ਦੇ ਪ੍ਰਾਜੈਕਟ ਪ੍ਰਗਤੀ ਹੇਠ

ਸਨਅਤੀ ਏਰੀਆ ਦੇ ਪਾਰਕਾਂ ਦੇ ਸੁੰਦਰੀਕਰਨ ’ਤੇ 112.05 ਲੱਖ ਰੁਪਏ ਖ਼ਰਚ ਕੀਤੇ ਜਾਣਗੇ

ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤਾ ਜਾ ਰਿਹਾ ਹੈ ਪ੍ਰਾਜੈਕਟ ਤਿਆਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਲਗਾਤਾਰ ਵੱਧ ਰਹੀ ਆਬਾਦੀ ਦੇ ਮੱਦੇਨਜ਼ਰ ਸ਼ਹਿਰੀ ਵਿਕਾਸ ਲਈ ਮੁਹਾਲੀ ਜ਼ਿਲ੍ਹੇ ਵਿੱਚ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਅਟਲ ਮਿਸ਼ਨ (ਅਮਰੁਤ) ਪ੍ਰਾਜੈਕਟ ਅਧੀਨ ਮੁਹਾਲੀ ਜ਼ਿਲ੍ਹੇ ਵਿੱਚ 37.62 ਕਰੋੜ ਰੁਪਏ ਪ੍ਰਾਜੈਕਟ ਪ੍ਰਗਤੀ ਹੇਠ ਹਨ। ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਉਂਸਪਲ ਪ੍ਰਾਜੈਕਟਾਂ ਦੀ ਵਰਚਊਲ ਸ਼ੁਰੂਆਤ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਹਿਰੀ ਵਿਕਾਸ ਲਈ ਮੁੱਖ ਮੰਤਰੀ ਪੰਜਾਬ ਵੱਲੋਂ 1087 ਕਰੋੜ ਦੇ ਵੱਖ ਵੱਖ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਪੇਂਡੂ ਖੇਤਰਾਂ ਦੇ ਵਿਕਾਸ ਲਈ ਯਤਨਸ਼ੀਲ ਹੈ ਉੱਥੇ ਸ਼ਹਿਰੀ ਖੇਤਰਾਂ ਦਾ ਵੀ ਵਿਕਾਸ ਕੀਤਾ ਜਾ ਰਿਹਾ ਹੈ ਕਿਉਂਕਿ ਸਾਡੇ ਸੂਬੇ ਦੀ 40 ਫੀਸਦੀ ਵਸੋਂ ਸ਼ਹਿਰੀ ਖੇਤਰਾਂ ਵਿੱਚ ਹੈ।
ਜ਼ਿਲ੍ਹਾ ਮੁਹਾਲੀ ਦੇ ਅਮਰੁਤ ਪ੍ਰਾਜੈਕਟ ਅਧੀਨ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਜਲ ਸਪਲਾਈ ਵਾਧੇ ਲਈ 14.7 ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਸਾਫ਼ ਸੁਥਰਾ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਜਲ ਸਪਲਾਈ ਵਾਧੇ ਨੂੰ ਯਕੀਨੀ ਬਣਾਉਣ ਲਈ ਇਹ ਪ੍ਰੋਜੈਕਟ ਉਲੀਕਿਆ ਗਿਆ ਹੈ। ਇਸ ਦੇ ਟੈਂਡਰ ਖੁੱਲ ਗਏ ਹਨ ਅਤੇ ਜਲਦੀ ਹੀ ਕੰਮ ਅਲਾਟ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਨਾਲ ਸੀਵਰੇਜ ਸਮੱਰਥਾ ਵਧਾਉਣ ਲਈ 21.90 ਕਰੋੜ ਦਾ ਪ੍ਰੋਜੈਕਟ ਪ੍ਰਗਤੀ ਹੇਠ ਹੈ। ਇਸ ਪ੍ਰਾਜੈਕਟ ਦਾ 60 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਪੁੱਜੇਗੀ ਅਤੇ ਉਨ੍ਹਾਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ। ਇਸ ਤੋਂ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੀ ਪ੍ਰਾਜੈਕਟ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਡੀਪੀਆਰ ਤਿਆਰ ਹੋ ਗਈ ਹੈ।
ਸ੍ਰੀ ਸਿੱਧੂ ਦੱਸਿਆ ਕਿ ਵੱਡੇ ਵੱਡੇ ਮੁੱਢਲਾ ਢਾਂਚਾ ਉਸਾਰੀ ਪ੍ਰਾਜੈਕਟਾਂ ਤੋਂ ਇਲਾਵਾ ਜ਼ਿਲ੍ਹਾ ਵਾਸੀਆਂ ਦੀ ਰੋਜਮਰਾਂ ਜ਼ਿੰਦਗੀ ਨੂੰ ਛੋਹਣ ਵਾਲੇ ਪਾਰਕਾਂ ਦੇ ਵਿਕਾਸ ਦਾ ਕੰਮ ਵੀ ਅਮਰੁਤ ਪ੍ਰਾਜੈਕਟ ਅਧੀਨ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ਅਧੀਨ ਪਾਰਕਾਂ ਦੇ ਵਿਕਾਸ ਅਤੇ ਸੁੰਦਰੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਸ ’ਤੇ ਕਰੀਬ 112.05 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਨ੍ਹਾਂ ਅਤਿ ਆਧੁਨਿਕ ਪਾਰਕਾਂ ਵਿੱਚ ਪੈਦਲ ਚੱਲਣ ਲਈ ਪਟਰੀਆਂ, ਬਾਰਸ਼ ਤੋ ਬਚਾਅ ਲਈ ਸ਼ੈੱਡ, ਝੂਲੇ, ਓਪਨ ਜਿਮ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਸਾਬਿਤ ਕੀਤਾ ਹੈ ਕਿ ਉਹ ਸਰਕਾਰ ਦੇ ਨਾਲ ਹਨ ਅਤੇ ਅਸੀਂ ਵੀ ਉਨ੍ਹਾਂ ਦੇ ਭਰੋਸੇ ਤੇ ਖਰਾ ਉੱਤਰਾਂਗੇ ਅਤੇ ਜ਼ਿਲ੍ਹੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਪੰਜਾਬ ਸਰਕਾਰ ਨੇ ਸ਼ਹਿਰੀ ਵਿਕਾਸ ਲਈ ਏਡੀਸੀ (ਸ਼ਹਿਰੀ) ਦੀ ਇੱਕ ਨਵੀਂ ਪੋਸਟ ਕੱਢੀ ਹੈ ਜਿਸ ਦਾ ਕੰਮ ਨਿਰੋਲ ਸ਼ਹਿਰੀ ਵਿਕਾਸ ਯਕੀਨੀ ਬਣਾਉਣ ਵੱਲ ਕੇਂਦਰਿਤ ਹੋਵੇਗਾ। ਜ਼ਿਕਰਯੋਗ ਹੈ ਕਿ ਪੇਂਡੂ ਵਿਕਾਸ ਲਈ ਪਹਿਲਾਂ ਤੋਂ ਹੀ ਏਡੀਸੀ (ਵਿਕਾਸ) ਦੀ ਅਸਾਮੀ ਹਰ ਜ਼ਿਲ੍ਹੇ ਵਿੱਚ ਮੌਜੂਦ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…