Nabaz-e-punjab.com

ਏਸੀ ਬੱਸ ਅੱਡਾ ਕੰਪਲੈਕਸ ਵਿੱਚ ਦੁਕਾਨਾਂ ਵੇਚਣ ਦੇ ਨਾਂ ’ਤੇ 100 ਕਰੋੜ ਠੱਗੀ ਦਾ ਮਾਰੀ

ਮੁਹਾਲੀ ਪੁਲੀਸ ਵੱਲੋਂ ਗੁੜਗਾਊਂ ਤੋਂ ਨਿਰਮਾਣ ਕੰਪਨੀ ਦਾ ਭਗੌੜਾ ਡਾਇਰੈਕਟਰ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਮੁਹਾਲੀ ਦੇ ਏਸੀ ਬੱਸ ਅੱਡੇ ਵਿੱਚ ਕਾਰੋਬਾਰੀ ਲੋਕਾਂ ਨੂੰ ਦੁਕਾਨਾਂ ਵੇਚਣ ਦੇ ਨਾਂ ’ਤੇ ਕਰੀਬ 100 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਨਿਰਮਾਣ ਕੰਪਨੀ ਦੇ ਇਕ ਭਗੌੜੇ ਡਾਇਰੈਕਟਰ ਸੰਜੇ ਗੁਪਤਾ ਨੂੰ ਗੁੜਗਾਊਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਫੇਜ਼-1 ਦੇ ਐਸਐਚਓ ਲਖਵਿੰਦਰ ਸਿੰਘ ਅਤੇ ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਮੁਲਜ਼ਮ ਅਤੇ ਉਸ ਦੇ ਫਰਾਰ ਹਿੱਸੇਦਾਰਾਂ ਗੁਰਜੀਤ ਸਿੰਘ ਜੋਹਰ ਅਤੇ ਚਰਨਵੀਰ ਸਿੰਘ ਸੇਠੀ ਦੇ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਦੇ ਵੱਖ ਵੱਖ ਚਾਰ ਅਪਰਾਧਿਕ ਕੇਸ ਦਰਜ ਹਨ।
ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਇੱਥੋਂ ਦੇ ਫੇਜ਼-6 ਵਿੱਚ ਸਾਲ 2010 ਵਿੱਚ ਏਸੀ ਬੱਸ ਅੱਡੇ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਸਾਲ 2012-13 ਵਿੱਚ ਜਦੋਂ ਏਸੀ ਬੱਸ ਅੱਡੇ ਦੀ ਇਮਾਰਤ ਦਾ ਢਾਂਚਾ ਖੜਾ ਹੋ ਗਿਆ ਤਾਂ ਉਨ੍ਹਾਂ ਵੱਲੋਂ ਬੱਸ ਟਰਮੀਨਲ ਉੱਤੇ ਵੱਖ ਵੱਖ ਸਾਈਜ਼ ਦੇ ਸ਼ੋਅਰੂਮ ਅਤੇ ਦੁਕਾਨਾਂ ਵੇਚਣ ਲਈ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ਼ਤਿਹਾਰ ਪੜ੍ਹ ਕੇ ਕਾਫੀ ਲੋਕਾਂ ਨੇ ਏਸੀ ਬੱਸ ਅੱਡੇ ਵਿੱਚ ਆਪਦਾ ਕਾਰੋਬਾਰ ਕਰਨ ਲਈ ਸ਼ੋਅਰੂਮ ਅਤੇ ਦੁਕਾਨਾਂ ਖਰੀਦਣ ਲਈ ਮੁਲਜ਼ਮਾਂ ਕੋਲ ਕਿਸੇ 50 ਫੀਸਦੀ ਅਤੇ ਕਿਸੇ ਨੇ 75 ਫੀਸਦੀ ਰਾਸ਼ੀ ਜਮ੍ਹਾਂ ਕਰਵਾਈ ਗਈ ਸੀ, ਜੋ ਲਗਭਗ 100 ਕਰੋੜ ਰੁਪਏ ਬਣਦੀ ਹੈ।
ਜਾਂਚ ਅਧਿਕਾਰੀ ਨੇ ਪੀੜਤ ਵਿਅਕਤੀਆਂ ਦੀ ਸ਼ਿਕਾਇਤਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਨੇ ਹੁਣ ਤੱਕ ਕਿਸੇ ਕਾਰੋਬਾਰੀ ਨੂੰ ਨਾ ਤਾਂ ਸ਼ੋਅਰੂਮ ਅਤੇ ਦੁਕਾਨਾਂ ਦਾ ਕਬਜ਼ਾ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਮੋੜੇ ਗਏ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਬਾਅਦ ਕੰਪਨੀ ਦੇ ਡਇਰੈਕਟਰ ਸੰਜੇ ਗੁਪਤਾ, ਗੁਰਜੀਤ ਸਿੰਘ ਜੌਹਰ ਅਤੇ ਚਰਨਵੀਰ ਸਿੰਘ ਸੇਠੀ ਦੇ ਖ਼ਿਲਾਫ਼ ਠੱਗੀ ਦੇ ਚਾਰ ਕੇਸ ਦਰਜ ਕੀਤੇ ਗਏ। ਲੇਕਿਨ ਮੁਲਜ਼ਮ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਰੂਪੋਸ਼ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋ ਕੁ ਮਹੀਨੇ ਪਹਿਲਾਂ ਹੀ ਉਕਤ ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਅੱਜ ਸੰਜੇ ਗੁਪਤਾ ਨੂੰ ਗੁਪਤਾ ਸੂਚਨਾ ’ਤੇ ਗੁੜਗਾਊਂ ਕਾਬੂ ਕਰ ਲਿਆ ਗਿਆ ਜਦੋਂਕਿ ਉਸ ਦੇ ਦੋ ਫਰਾਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਚੌਕੀ ਇੰਚਾਰਜ ਸ੍ਰੀ ਮੰਡ ਨੇ ਅੱਜ ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਕੋਲੋਂ ਫਰਾਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਟਿਕਾਣਿਆਂ ਬਾਰੇ ਪੁੱਛਗਿੱਛ ਕਰਨੀ ਹੈ ਅਤੇ ਨਿਰਮਾਣ ਕੰਪਨੀ ਦੇ ਦਫ਼ਤਰ ’ਚੋਂ ਕੰਪਿਊਟਰ ਅਤੇ ਹੋਰ ਜ਼ਰੂਰੀ ਦਸਤਾਵੇਜ਼ ਕਬਜ਼ੇ ਵਿੱਚ ਲੈਣੇ ਹਨ। ਅਦਾਲਤ ਨੇ ਪੁਲੀਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…