
ਪੀਜੀਆਈ ਨਰਸ\ਥਾਣੇਦਾਰ ਵਿਵਾਦ: ਨਵਾਂ ਗਰਾਓਂ ਥਾਣੇ ਵਿੱਚ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
ਇੱਥੋਂ ਦੇ ਨਵਾਂ ਗਰਾਓਂ ਵਿੱਚ ਰਹਿੰਦੀ ਪੀਜੀਆਈ ਦੀ ਨਰਸ ਅਤੇ ਗੁਆਂਢੀ ਥਾਣੇਦਾਰ ਦੇ ਪਰਿਵਾਰਾਂ ਵਿੱਚ ਹੋਈ ਝਗੜੇ ਦਾ ਮਾਮਲਾ ਥਾਣੇ ਪਹੁੰਚ ਗਿਆ ਹੈ। ਇਸ ਸਬੰਧੀ ਨਵਾਂ ਗਾਉਂ ਥਾਣੇ ਵਿੱਚ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕੀਤਾ ਗਿਆ ਹੈ। ਪੀੜਤ ਨਰਸ ਸੁਸ਼ੀਲਾ ਰੋਹਿਲਾ ਨੂੰ ਅੱਜ ਪੀਜੀਆਈ ’ਚੋਂ ਛੁੱਟੀ ਮਿਲ ਗਈ ਹੈ। ਉਸ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਪਿਛਲੇ ਦਿਨੀਂ ਉਸ ਦੀ ਜਵਾਨ ਬੇਟੀ ਜਦੋਂ ਘਰ ਤੋਂ ਨਿਕਲਣ ਲੱਗੀ ਤਾਂ ਗੁਆਂਢੀ ਥਾਣੇਦਾਰ ਏਐਸਆਈ ਦਲੇਰ ਖਾਨ ਨੇ ਨੂੰ ਅਪਸ਼ਬਦ ਬੋਲੇ। ਜਦੋਂ ਉਹ ਥਾਣੇਦਾਰ ਨੂੰ ਉਲਾਭਾ ਦੇਣ ਬਾਹਰ ਆਈ ਤਾਂ ਏਨੇ ਥਾਣੇਦਾਰ ਦੀ ਪਤਨੀ, ਬੇਟਾ ਅਤੇ ਬੇਟੀਆਂ ਵੀ ਘਰ ਤੋਂ ਬਾਹਰ ਆ ਗਈਆਂ ਅਤੇ ਥਾਣੇਦਾਰ ਦੀ ਪਤਨੀ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਿਆ ਅਤੇ ਬਾਕੀ ਮੈਂਬਰਾਂ ਨੇ ਉਸ ਨੂੰ ਡੰਡਿਆਂ ਨਾਲ ਕੁੱਟਿਆਂ। ਜਿਸ ਕਾਰਨ ਉਹ ਜ਼ਖ਼ਮੀ ਹੋ ਗਈ ਅਤੇ ਉਸ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ।
ਉਧਰ, ਏਐਸਆਈ ਦਲੇਰ ਖਾਨ ਨੇ ਪੀਜੀਆਈ ਦੀ ਨਰਸ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਉਸ ਨੇ ਨਰਸ ਦੀ ਬੇਟੀ ਨੂੰ ਕੁਝ ਵੀ ਅਪਸ਼ਬਦ\ਮੰਦਾ ਨਹੀਂ ਬੋਲਿਆ ਪ੍ਰੰਤੂ ਇਸ ਦੇ ਬਾਵਜੂਦ ਨਰਸ ਦੇ ਪਰਿਵਾਰ ਵਾਲਿਆਂ ਨੇ ਬਿਨਾਂ ਵਜ੍ਹਾ ਹੰਗਾਮਾ ਕੀਤਾ ਅਤੇ ਉਸ ਨੂੰ ਜਨਤਕ ਤੌਰ ’ਤੇ ਜਲੀਲ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਸਭ ਤੋਂ ਪਹਿਲਾਂ ਨਰਸ ਦੇ ਭਰਾ ਨੇ ਉਨ੍ਹਾਂ ’ਤੇ ਡੰਡੇ ਨਾਲ ਹਮਲਾ ਕੀਤਾ ਹੈ। ਇਸ ਤੋਂ ਬਾਅਦ ਝਗੜਾ ਜ਼ਿਆਦਾ ਵਧ ਗਿਆ।
ਨਵਾਂ ਗਾਉਂ ਥਾਣਾ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋਵੇਂ ਧਿਰਾਂ ਵੱਲੋਂ ਪੁਲੀਸ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਇਸ ਸਬੰਧੀ ਏਐਸਆਈ ਦਲੇਰ ਖਾਨ ਅਤੇ ਨਰਸ ਸੁਸ਼ੀਲਾ ਰੋਹਿਲਾ ਦੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਧਾਰਾ 323, 294, 506, 148, 149 ਦੇ ਤਹਿਤ ਕਰਾਸ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।