
ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਪੰਜਾਬ ਦੇ ਪੇਂਡੂ ਇਲਾਕਿਆਂ ਦੇ ਲੋਕਾਂ ਦੇ ਕੋਵਿਡ ਟੈਸਟ ਅਤੇ ਟੀਕਾਕਰਨ ਵਿਚ ਤੇਜ਼ੀ ਲਿਆਉਣ ਲਈ ਕਿਹਾ
ਪੰਜਾਬ `ਚ ਆਗਾਮੀ ਦਿਨਾਂ `ਚ ਹੋਰ ਵੈਕਸੀਨਾਂ ਆਉਣਗੀਆਂ; ਮੈਡੀਕਲ ਸਹੂਲਤਾਂ ਪੱਖੋਂ ਪੰਜਾਬ ਸਮਰੱਥ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਮਈ:
ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਮੁੱਖ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ `ਤੇ ਤੁਰੰਤ ਕਾਰਵਾਈ ਕਰਦਿਆਂ ਪੰਜਾਬ ਦੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਦੇ ਟੈਸਟ ਕਰਵਾਉਣ ਅਤੇ ਟੀਕਾਕਰਨ ਲਈ ਲੋਕ ਖੁਦ ਅੱਗੇ ਆਉਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਰਦੇਸ਼ ਦਿੱਤੇ ਹਨ ਕਿ ਪਿੰਡਾਂ ਦੇ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਜਲਦ ਚਲਾਈ ਜਾਵੇ।
ਪਿੰਡਾਂ ਵਿਚ ਕਰੋਨਾ ਦੇ ਵੱਧ ਰਹੇ ਕੇਸਾਂ ਅਤੇ ਮੌਤਾਂ `ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਹਾਲਾਂਕਿ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੱਲੋਂ ਪੂਰੀ ਮੁਸ਼ਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ ਪਰ ਜ਼ਿਆਦਾ ਲੋਕ ਸਿਰਫ ਉਦੋਂ ਰਿਪੋਰਟ ਕਰਦੇ ਹਨ ਜਦੋਂ ਉਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਵਿਗੜ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਰੋਨਾ ਦੇ ਸ਼ੁਰੂਆਤੀ ਲੱਛਣਾਂ ਜਿਵੇਂ ਕਿ ਖਾਂਸੀ, ਜੁਕਾਮ ਜਾਂ ਹਲਕਾ ਬੁਖਾਰ ਹੋਣ `ਤੇ ਨਜ਼ਦੀਕੀ ਹਸਪਤਾਲ ਵਿਚ ਕਰੋਨਾ ਟੈਸਟ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਸਥਿਤੀ ਜ਼ਿਆਦਾ ਖਰਾਬ ਨਹੀਂ ਹੁੰਦੀ।
ਐਤਵਾਰ ਨੂੰ ਕੋਵਿਡ ਪ੍ਰਬੰਧਨ ਅਤੇ ਟੀਕਾਕਰਨ ਸਬੰਧੀ ਇਕ ਆਨਲਾਈਨ ਰੀਵੀਊ ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਆਗਾਮੀ ਦਿਨਾਂ ਵਿਚ ਕਰੋਨਾ ਦੀ ਰੋਕਥਾਮ ਲਈ ਟੀਕਾਕਰਨ ਵਿਚ ਵੀ ਤੇਜ਼ੀ ਆਵੇਗੀ ਕਿਉਂ ਕਿ ਟੀਕਿਆਂ ਦੀ ਇਕ ਹੋਰ ਖੇਪ ਪੰਜਾਬ ਨੂੰ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ 31 ਮਈ ਤੱਕ ਪੰਜਾਬ ਨੂੰ ਕੋਵੈਕਸੀਨ ਦੀਆਂ 1.14 ਲੱਖ ਹੋਰ ਡੋਜ਼ਾਂ ਮਿਲ ਜਾਣਗੀਆਂ।
ਉਨ੍ਹਾਂ ਅਪੀਲ ਕੀਤੀ ਕਿ ਕਰੋਨਾ ਬਿਮਾਰੀ ਦੀ ਰੋਕਥਾਮ ਲਈ ਯੋਗ ਵਿਅਕਤੀ ਜਲਦ ਤੋਂ ਜਲਦ ਟੀਕਾ ਲਗਵਾਉਣ ਖਾਸ ਤੌਰ `ਤੇ ਪਿੰਡਾਂ `ਚ ਰਹਿਣ ਵਾਲੇ ਟੀਕਾ ਲਗਵਾਉਣ ਵਿਚ ਦੇਰ ਨਾ ਕਰਨ ਕਿਉਂ ਕਿ ਮੌਜੂਦਾ ਸਮੇਂ ਪਿੰਡਾਂ ਤੋਂ ਕਾਫੀ ਜ਼ਿਆਦਾ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਉਨ੍ਹਾਂ ਜ਼ਿਲ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਹਾਲਾਂਕਿ ਸੂਬੇ ਨੂੰ ਮੰਗ ਨਾਲੋਂ ਘੱਟ ਟੀਕੇ ਮਿਲ ਰਹੇ ਹਨ ਪਰ ਇਸ ਦੇ ਬਾਵਜੂਦ ਜਿੰਨੇ ਵੀ ਮਿਲ ਰਹੇ ਹਨ ਉਹ ਯੋਗ ਵਿਅਕਤੀਆਂ ਨੂੰ ਸਮੇਂ ਸਿਰ ਲਗਾਏ ਜਾਣ।ਉਨ੍ਹਾਂ ਕਿਹਾ ਕਿ ਇਹ ਧਿਆਨ ਰੱਖਿਆ ਜਾਵੇ ਕਿ ਟੀਕਾਕਰਨ ਵੇਲੇ ਭੀੜ `ਤੇ ਵੀ ਕਾਬੂ ਰੱਖਿਆ ਜਾਵੇ। ਮੁੱਖ ਸਕੱਤਰ ਨੇ ਗੈਰ ਰਜਿਸਟਰਡ ਕਾਮਿਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਵੀ ਟੀਕਾਕਰਨ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਿਹਾ।
ਮੀਟਿੰਗ ਦੌਰਾਨ ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਜਿਹੜੇ ਉਦਯੋਗ ਆਪਣੇ ਕਰਮਚਾਰੀਆਂ ਲਈ ਟੀਕਾ ਲਗਵਾਉਣਾ ਚਾਹੁੰਦੇ ਹਨ ਉਹ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰਤ ਕੀਤੇ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ। ਉਦਯੋਗਾਂ ਨੂੰ ਕੋਵੈਕਸੀਨ ਦੀ ਡੋਜ਼ 430 ਰੁਪਏ ਪ੍ਰਤੀ ਡੋਜ਼ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਦਯੋਗ ਆਪਣੇ ਪੱਧਰ `ਤੇ ਸਰਕਾਰ ਵੱਲੋਂ ਪ੍ਰਵਾਨਿਤ ਵੈਕਸੀਨ ਮੰਗਵਾਉਣੀ ਚਾਹੁੰਦਾ ਹੈ ਤਾਂ ਉਸ ਨੂੰ ਇਸ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਵਾਜਬ ਭਾਅ `ਤੇ ਟੀਕੇ ਲਗਾਉਣ। ਮੁੱਖ ਸਕੱਤਰ ਨੇ ਸਾਰੇ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਵੀ ਟੀਕਾ ਲਗਵਾਉਣ ਲਈ ਕਿਹਾ।
ਮੁੱਖ ਸਕੱਤਰ ਨੇ ਕਿਹਾ ਕਿ ਆਕਸੀਜਨ ਦੀ ਮੰਗ ਅਤੇ ਪੂਰਤੀ ਵਿਚਲੇ ਖੱਪੇ ਨੂੰ ਭਰਨ ਲਈ ਪੰਜਾਬ ਸਰਕਾਰ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਵੀ ਆਕਸੀਜਨ ਟੈਂਕਰ ਮੰਗਵਾਏ ਜਾ ਰਹੇ ਹਨ। ਆਕਸੀਜਨ ਦੀ ਮੰਗ, ਪੂਰਤੀ ਅਤੇ ਵੰਡ ਲਈ ਸੂਬਾ ਪੱਧਰ `ਤੇ ਇਕ ਆਕਸੀਜਨ ਕੰਟਰੋਲ ਰੂਮ ਦਿਨ-ਰਾਤ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਂਵਾਂ `ਤੇ 4.71 ਕਰੋੜ ਰੁਪਏ ਦੀ ਲਾਗਤ ਨਾਲ 44 ਪੀਐਸਏ (ਪ੍ਰੈਸ਼ਰ ਸਵਿੰਗ ਐਡਜੋਰਪਸ਼ਨ) ਪਲਾਂਟ ਵੀ ਸਥਾਪਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹਿਆਂ ਨੂੰ ਲੋੜ ਅਨੁਸਾਰ ਆਕਸੀਜਨ ਕੰਸਟਰੇਟਰਾਂ ਦੀ ਵੰਡ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦ ਆਕਸੀਜਨ ਕੰਸਟਰੇਟਰਾਂ ਦੀ ਗਿਣਤੀ ਵਿਚ ਵਾਧਾ ਹੋਵੇਗਾ ਕਿਉਂ ਕਿ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਨਾਮੀਂ ਕੰਪਨੀਆਂ ਮਦਦ ਲਈ ਅੱਗੇ ਆਈਆਂ ਹਨ।
ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਜ਼ਿਲ੍ਹੇ ਕੋਲ ਕੋਈ ਵੀ ਮੈਡੀਕਲ ਉਪਕਰਣ ਖਾਸ ਤੌਰ `ਤੇ ਆਕਸੀਜਨ ਕੰਸਟਰੇਟਰ ਨਹੀਂ ਚੱਲਦਾ ਤਾਂ ਉਸ ਨੂੰ ਹੈੱਡਕੁਆਟਰ `ਤੇ ਭੇਜਿਆ ਜਾਵੇ ਤਾਂ ਜੋ ਮਾਹਰਾਂ ਵੱਲੋਂ ਉਸ ਨੂੰ ਠੀਕ ਕਰਕੇ ਜ਼ਰੂਰਤਮੰਦਾਂ ਤੱਕ ਪੁੱਜਦਾ ਕੀਤਾ ਜਾ ਸਕੇ।
ਕੋਵਿਡ ਫਤਹਿ ਕਿੱਟਾਂ ਦੀ ਕਮੀ ਬਾਬਤ ਮੁੱਖ ਸਕੱਤਰ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਕਾਫੀ ਗਿਣਤੀ ਵਿਚ ਇਹ ਕਿੱਟਾਂ ਆ ਜਾਣਗੀਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕਿੱਟਾਂ ਜ਼ਰੂਰਤਮੰਦਾਂ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੋਵਿਡ ਹਸਪਤਾਲਾਂ ਲਈ ਨਿਰਵਿਘਨ ਬਿਜਲੀ ਸਪਲਾਈ ਲਈ ਪੀਐਸਪੀਸੀਐਲ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਦਾ ਮੈਡੀਕਲ ਢਾਂਚਾ ਪੂਰਾ ਮਜ਼ਬੂਤ ਹੈ।
ਮੀਟਿੰਗ ਦੌਰਾਨ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪਿੰਡਾਂ ਵਿਚ ਕੋਵਿਡ-19 ਸਬੰਧੀ ਜਾਗਰੂਕਤਾ ਫੈਲਾਉਣ ਲਈ ਪੁਲਿਸ ਵੱਲੋਂ ਖਾਸ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਰੂਰਲ ਪੁਲਸਿੰਗ ਰਾਹੀਂ ਪਿੰਡਾਂ ਦੇ ਲੋਕਾਂ ਨਾਲ ਮਿਲਕੇ ਪਿੰਡਵਾਸੀਆਂ ਨੂੰ ਟੈਸਟ ਕਰਵਾਉਣ ਲਈ ਅਤੇ ਟੀਕੇ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਲੋੜਵੰਦ ਕਰੋਨਾ ਮਰੀਜ਼ਾਂ ਤੱਕ ਖਾਣਾ ਪਹੁੰਚਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਖੁਦ ਵੀ ਹੈਲਪਲਾਈਨ ਉੱਤੇ ਫੋਨ ਕਰਕੇ ਮਦਦ ਮੰਗ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੈਲਪਲਾਈਨ `ਤੇ 160 ਕਾਲਜ਼ ਆਈਆਂ ਅਤੇ ਸਭਨਾਂ ਨੂੰ ਸਥਾਨਕ ਪੁਲਿਸ ਵੱਲੋਂ ਖਾਣਾ ਪਹੁੰਚਾਇਆ ਗਿਆ।
ਡੀਜੀਪੀ ਨੇ ਕਿਹਾ ਕਿ ਕਰੋਨਾ ਦੇ ਫੈਲਾਅ ਦੀ ਰੋਕਥਾਮ ਲਈ ਪੁਲਿਸ ਵੱਲੋਂ ਕੁਝ ਸਖਤੀ ਜ਼ਰੂਰ ਵਰਤੀ ਗਈ ਹੈ ਪਰ ਹੇਠਲੇ ਪੱਧਰ `ਤੇ ਇਹ ਨਿਰਦੇਸ਼ ਵੀ ਪੁੱਜਦੇ ਕੀਤੇ ਗਏ ਹਨ ਕਿ ਬੇਵਜ੍ਹਾਂ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ ਪਰੰਤੂ ਸਰਕਾਰ ਦੇ ਨਿਰਦੇਸ਼ਾਂ ਤੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।
ਮੁੱਖ ਸਕੱਤਰ ਨੇ ਸਾਰੇ ਅਧਿਕਾਰੀਆਂ ਵੱਲੋਂ ਇਸ ਮੁਸ਼ਕਲ ਦੌਰ ਵਿਚ ਕੀਤੇ ਜਾ ਰਹੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰੇਰਿਤ ਕੀਤਾ ਕਿ ਜਦੋਂ ਤੱਕ ਇਹ ਦੌਰ ਗੁਜ਼ਰ ਨਹੀਂ ਜਾਂਦਾ, ਇਸੇ ਤਰ੍ਹਾਂ ਉਤਸ਼ਾਹਤ ਤੇ ਤਨਦੇਹੀ ਨਾਲ ਕੰਮ ਕਰਦੇ ਰਹੋ। ਮੀਟਿੰਗ ਵਿਚ ਪੰਜਾਬ ਦੇ ਸਾਰੇ ਉੱਚ ਅਧਿਕਾਰੀ, ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼, ਪੁਲਿਸ ਕਮਿਸ਼ਨਰ, ਐਸਐਸਪੀਜ਼ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।