Nabaz-e-punjab.com

ਮੁੱਖ ਸਕੱਤਰ ਵੱਲੋਂ ਪਸ਼ੂ ਪਾਲਣ ਵਿਭਾਗ ਨੂੰ ਬਰਡ ਫਲੂ ’ਤੇ ਸਖ਼ਤ ਚੌਕਸੀ ਰੱਖਣ ਦੇ ਆਦੇਸ਼

ਮੁਹਾਲੀ ਦੇ ਪਿੰਡ ਬੇਹੜਾ ਵਿਖੇ ਇਕ ਸ਼ੱਕੀ ਮਾਮਲਾ ਆਇਆ ਸਾਹਮਣੇ

ਪਿੰਡ ਬੇਹੜਾ ਦੇ ਪੋਲਟਰੀ ਫਾਰਮ ਵਿੱਚ 11200 ਸੰਕ੍ਰਮਿਤ ਪੰਛੀਆਂ ਦੀ ਕੀਤੀ ਕਲਿੰਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਜਨਵਰੀ:
ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਨੂੰ ਆਦੇਸ਼ ਦਿੱਤਾ ਹੈ ਕਿ ਬਰਡ ਫਲੂ ਵਜੋਂ ਜਾਣੇ ਜਾਂਦੇ ਏਵੀਅਨ ਇਨਫਲੂਐਂਜਾ ਉੱਤੇ ਤਿੱਖੀ ਨਜ਼ਰ ਰੱਖੀ ਜਾਵੇ। ਉਨ੍ਹਾਂ ਇਹ ਨਿਰਦੇਸ਼ ਮੁਹਾਲੀ ਜ਼ਿਲ੍ਹੇ ਦੇ ਪਿੰਡ ਬੇਹੜਾ ਦੇ ਐਵਰਗ੍ਰੀਨ ਪੋਲਟਰੀ ਫਾਰਮ ਵਿਖੇ ਬਰਡ ਫਲੂ ਦੇ ਸ਼ੱਕੀ ਮਾਮਲੇ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਦਿੱਤੇ। ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਪਸ਼ੂ ਪਾਲਣ ਵਿਭਾਗ ਨੂੰ ਮਰ ਚੁੱਕੇ ਪੰਛੀਆਂ ਦੇ ਸਹੀ ਨਿਪਟਾਰੇ ਨੂੰ ਯਕੀਨੀ ਬਣਾਉਣ ਅਤੇ ਜਲਘਰਾਂ, ਪੰਛੀ ਬਾਜ਼ਾਰ, ਚਿੜੀਆਘਰਾਂ ਅਤੇ ਪੋਲਟਰੀ ਫਾਰਮਾਂ ਦੇ ਆਲੇ-ਦੁਆਲੇ ਨਿਗਰਾਨੀ ਵਧਾਉਣ ਲਈ ਕਿਹਾ।
ਨਾਰਥ ਰੀਜਨਲ ਡਿਜ਼ੀਜ਼ ਡਾਇਗਨਾਸਟਿਕ ਲੈਬ (ਐਨਆਰਡੀਡੀਐਲ), ਜਲੰਧਰ ਤੋਂ ਸ਼ੱਕੀ ਮਾਮਲਿਆਂ ਦੀ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਵਿਭਾਗ ਨੇ ਰੋਗਾਂ ਦੀ ਪੁਸ਼ਟੀ ਕਰਨ ਲਈ ਪੰਛੀਆਂ ਦੇ ਨਮੂਨੇ ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਉਰਿਟੀ ਐਨੀਮਲ ਡਿਜ਼ੀਜ਼ ਲੈਬ, ਭੋਪਾਲ ਭੇਜੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਬੇਹੜਾ ਦੇ ਅਲਫਾ ਪੋਲਟਰੀ ਫਾਰਮ ਵਿਖੇ ਸੰਕਰਮਿਤ ਪੰਛੀਆਂ ਦੀ ਕਲਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਪਸੂ ਪਾਲਣ ਵਿਭਾਗ ਦੀਆਂ 5 ਮੈਂਬਰਾਂ ਵਾਲੀਆਂ 25 ਟੀਮਾਂ ਨੇ 11200 ਲਾਗ ਵਾਲੇ ਪੰਛੀਆਂ ਦੀ ਪਹਿਲੇ ਦਿਨ ਕਲਿੰਗ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਸ਼ੁਰੂਆਤ ਉਕਤ ਪਿੰਡ ਵਿੱਚ ਸਥਿਤ ਰਾਇਲ ਪੋਲਟਰੀ ਫਾਰਮ ਤੋਂ ਕੀਤੀ ਜਾਵੇਗੀ। ਕਲਿੰਗ ਅਪਰੇਸ਼ਨ ਵਿੱਚ ਲੱਗੀਆਂ ਟੀਮਾਂ ਨੂੰ ਨਿੱਜੀ ਸੁਰੱਖਿਆ ਉਪਕਰਣ ਪ੍ਰਦਾਨ ਕੀਤੇ ਗਏ ਹਨ।
ਲੋਕਾਂ ਨੂੰ ਪਸ਼ੂ ਪਾਲਣ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਚਿਕਨ ਅਤੇ ਹੋਰ ਪੋਲਟਰੀ ਉਤਪਾਦਾਂ ਦਾ ਸਹੀ ਤਰੀਕੇ ਨਾਲ ਪਕਾਉਣ ਤੋਂ ਬਾਅਦ ਸੇਵਨ ਕਰਨਾ ਸੁਰੱਖਿਅਤ ਹੈ ਅਤੇ ਪੋਲਟਰੀ ਮੀਟ ਜਾਂ ਅੰਡਿਆਂ ਨੂੰ ਬਿਨਾਂ ਪਕਾਏ ਖਾਣਾ ਨਹੀਂ ਚਾਹੀਦਾ। ਉਨ੍ਹਾਂ ਵਿਭਾਗ ਨੂੰ ਜੀਵ-ਸੁਰੱਖਿਆ ਉਪਾਵਾਂ ਦੇ ਮਿਆਰੀ ਪ੍ਰੋਟੋਕਾਲ ਨੂੰ ਯਕੀਨੀ ਬਣਾਉਣ ਲਈ ਪੋਲਟਰੀ ਕਿਸਾਨਾਂ ਅਤੇ ਅਟੈਂਡਿੰਗ ਸਟਾਫ ਨੂੰ ਇਨਾਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਗੁਮਰਾਹਕੁਨ ਜਾਣਕਾਰੀ ਤੋਂ ਬਚਾਉਣ ਲਈ ਮੁਹਿੰਮ ਤੇਜ਼ ਕਰਨ।

Load More Related Articles

Check Also

ਸੀਨੀਅਰ ਵੈਟਸ ਨੇ ਕਮਿਊਟਿਡ ਪੈਨਸ਼ਨ ਰਿਕਵਰੀ ਸਮਾਂ ਘਟਾਉਣ ਦੀ ਮੰਗ ਕੀਤੀ

ਸੀਨੀਅਰ ਵੈਟਸ ਨੇ ਕਮਿਊਟਿਡ ਪੈਨਸ਼ਨ ਰਿਕਵਰੀ ਸਮਾਂ ਘਟਾਉਣ ਦੀ ਮੰਗ ਕੀਤੀ ਨਬਜ਼-ਏ-ਪੰਜਾਬ, ਮੁਹਾਲੀ, 8 ਮਈ: ਪੰਜਾ…