Share on Facebook Share on Twitter Share on Google+ Share on Pinterest Share on Linkedin ਮੁੱਖ ਸਕੱਤਰ ਵੱਲੋਂ ਕੋਵਿਡ ਟੀਕਾਕਰਨ ਤੋਂ ਖੁੰਝੇ ਸਿਹਤ ਕਾਮਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਵੈਕਸੀਨ ਲਾਉਣ ਦੇ ਹੁਕਮ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 24 ਜੂਨ: ਕੋਵਿਡ ਦੀ ਸੰਭਾਵੀ ਤੀਜੀ ਲਹਿਰ ਦੇ ਹਮਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੰਜਾਬਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਵੀਰਵਾਰ ਨੂੰ ਟੀਕਾ ਲਵਾਉਣ ਤੋਂ ਖੁੰਝ ਗਏ ਸਿਹਤ ਸੰਭਾਲ ਕਾਮਿਆਂ ਅਤੇ ਉਨਾਂ ਦੇ ਪਰਿਵਾਰਾਂ ਦਾ ਤੁਰੰਤ ਟੀਕਾਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਹਨਾਂ ਰਾਜ ਵਿਚ ਮੌਜੂਦਾ ਸਿਹਤ ਸਹੂਲਤਾਂ ਵਿੱਚ ਸਥਾਈ ਅਤੇ ਲੋੜ ਅਨੁਸਾਰ ਸੁਧਾਰ ਕਰਨ ‘ਤੇ ਵੀ ਜ਼ੋਰ ਦਿੱਤਾ। ਸੂਬੇ ਦੇ ਚਾਰ ਸਰਕਾਰੀ ਮੈਡੀਕਲ ਕਾਲਜਾਂ ਵਲੋਂ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨਾਲ ਨਜਿੱਠਣ ਸਬੰਧੀ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਹਰੇਕ ਮੈਡੀਕਲ ਕਾਲਜ ਦੀਆਂ ਸਿਹਤ ਸਹੂਲਤਾਂ ਵਿੱਚ 25 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ ਜਿਸ ਤਹਿਤ ਮਾਰੂ ਵਾਇਰਸ ਦੇ ਸੰਭਾਵਿਤ ਵਾਧੇ ਨੂੰ ਪ੍ਰਭਾਵੀ ਢੰਗ ਨਾਲ ਠੱਲਣ ਲਈ 1,430 ਤੋਂ ਵੱਧ ਲੈਵਲ -2 ਬੈੱਡ, 700 ਤੋਂ ਵੱਧ ਲੈਵਲ -3 ਬੈੱਡਾਂ ਸਮੇਤ ਬੱਚਿਆਂ ਦੇ ਇਲਾਜ ਲਈ 262 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ। ਉਨਾਂ ਕਿਹਾ ਕਿ ਭਵਿੱਖ ਦੀ ਮੰਗ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਸੂਬੇ ਦੇ ਚਾਰ ਮੈਡੀਕਲ ਕਾਲਜਾਂ ਲਈ 20 ਕਰੋੜ ਰੁਪਏ ਤੋਂ ਵੱਧ ਦਾ ਵਾਧੂ ਸਾਜ਼ੋ-ਸਮਾਨ ਖਰੀਦਿਆ ਜਾ ਰਿਹਾ ਹੈ। ਇਸ ਔਖੀ ਘੜੀ ਦੌਰਾਨ ਡਟ ਕੇ ਕੰਮ ਕਰਨ ਵਾਲੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਪਿੱਠ ਥਾਪੜਦਿਆਂ ਮੁੱਖ ਸਕੱਤਰ ਨੇ ਦੋਵਾਂ ਵਿਭਾਗਾਂ ਨੂੰ ਟਰਸ਼ਰੀ ਕੇਅਰ ਸਹੂਲਤਾਂ, ਜੋ ਕਿ ਬੱਚਿਆਂ, ਫੰਗਲ ਇਨਫੈਕਸ਼ਨ, ਆਕਸੀਜਨ ਸਪਲਾਈ, ਮਨੁੱਖੀ ਸਰੋਤਾਂ, ਦਵਾਈਆਂ ਦੇ ਭੰਡਾਰ, ਹੋਰ ਲੋੜੀਂਦੀਆਂ ਵਸਤਾਂ ਅਤੇ ਟੈਸਟਿੰਗ ਸਹੂਲਤਾਂ ਆਦਿ ਨਾਲ ਸੰਬੰਧਤ ਹਨ, ਨੂੰ ਹੋਰ ਅਪਗ੍ਰੇਡ ਕਰਨ ਅਤੇ ਵਧਾਉਣ ਲਈ ਵੀ ਕਿਹਾ ਹੈ ਤਾਂ ਜੋ ਸਮਾਂ ਰਹਿੰਦਿਆਂ ਸੂਬੇ ਨੂੰ ਕੋਵਿਡ ਦੀ ਤੀਜੀ ਲਹਿਰ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਓਹਨਾਂ ਨੇ ਮੈਡੀਕਲ ਕਾਲਜਾਂ ਵਿੱਚ ਢੁਕਵੀਂ ਮੈਡੀਕਲ ਆਕਸੀਜਨ ਤਿਆਰ ਕਰਨ ਸਬੰਧੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਤਾਂ ਜੋ ਇੱਥੋਂ ਆਕਸੀਜਨ ਕੰਨਸਨਟ੍ਰੇਟਰ ਦੂਜੇ ਖੇਤਰੀ ਹਸਪਤਾਲਾਂ ਵਿਚ ਭੇਜਿਆ ਜਾ ਸਕੇ। ਸ੍ਰੀਮਤੀ ਮਹਾਜਨ ਨੇ ਚੱਲ ਰਹੀ ਭਰਤੀ ਪ੍ਰਕਿਰਿਆ ਰਾਹੀਂ ਮਾਹਿਰ ਡਾਕਟਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਨੂੰ ਤਰਜੀਹ ਦੇਣ ਲਈ ਵੀ ਕਿਹਾ ਅਤੇ ਅਗਲੇ ਕੁਝ ਹਫਤਿਆਂ ਵਿੱਚ ਉਹ ਇਸ ਭਰਤੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨੇਪਰੇ ਚੜਾਉਣ ਲਈ ਆਸਵੰਦ ਹਨ। ਮੀਟਿੰਗ ਵਿੱਚ ਦੂਜੀ ਕੋਵਿਡ ਲਹਿਰ ਦੌਰਾਨ ਮਹਿਸੂਸ ਕੀਤੀ ਗਈ ਬਾਇਓਮੈਡੀਕਲ ਇੰਜੀਨੀਅਰਿੰਗ ਸਰਵਿਸਿਜ਼ ਡਿਵੀਜਨ ਦੀ ਲੋੜ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਜਿਸ ਤੋਂ ਬਾਅਦ ਭਵਿੱਖ ਵਿੱਚ ਮੈਡੀਕਲ ਉਪਕਰਣਾਂ ਦੀ ਸਾਂਭ-ਸੰਭਾਲ ਲਈ ਇੱਕ ਸੁਚਾਰੂ ਨੀਤੀ ਬਣਾਈ ਜਾ ਰਹੀ ਹੈ। ਹਰੇਕ ਹਸਪਤਾਲ ਵਿੱਚ ਮੈਡੀਕਲ ਆਕਸੀਜਨ ਪਲਾਂਟ ਲਗਾਉਣ ਅਤੇ ਉਪਲਬਧ ਬਿਜਲੀ ਸਪਲਾਈ ਦੇ ਚੱਲ ਰਹੇ ਕੰਮ ਦੀ ਵੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਦੇ ਵਾਧੇ ਅਤੇ ਭਰਤੀਆਂ ਵਿੱਚ ਤੇਜ਼ੀ ਲਿਆਉਣ ਦੇ ਮੱਦੇਨਜ਼ਰ ਵੱਖ-ਵੱਖ ਅੰਤਰ-ਵਿਭਾਗੀ ਤਾਲਮੇਲ ਸਬੰਧੀ ਮੁੱਦਿਆਂ ਨੂੰ ਵੀ ਉਜਾਗਰ ਕੀਤਾ ਗਿਆ। ਮੀਟਿੰਗ ਵਿੱਚ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ , ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ , ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ ਤਿਵਾੜੀ, ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਸਲਾਹਕਾਰ ਡਾ: ਕੇ ਕੇ ਤਲਵਾੜ, ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਡਾਇਰੈਕਟਰ ਡਾ. ਸੁਜਾਤਾ ਸ਼ਰਮਾ ਸਮੇਤ ਚਾਰ ਸਰਕਾਰੀ ਮੈਡੀਕਲ ਕਾਲਜਾਂ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ ਅਤੇ ਮੁਹਾਲੀ ਦੇ ਮੁਖੀ ਅਤੇ ਸੀਨੀਅਰ ਡਾਕਟਰ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ