nabaz-e-punjab.com

ਬੀਬੀ ਗਰਚਾ ਵੱਲੋਂ ਹਲਕਾ ਖਰੜ ਦੇ ਪਿੰਡਾਂ ਵਿਚ ਸੀ.ਟੀ.ਯੂ. ਬੱਸ ਸੇਵਾ ਚਾਲੂ ਕਰਵਾਉਣ ਦੀ ਮੰਗ

ਡਾਇਰੈਕਟਰ ਸੀ.ਟੀ.ਯੂ. ਅਤੇ ਡਾਇਰੈਕਟਰ ਟਰਾਂਸਪੋਰਟ ਵਿਭਾਗ ਪੰਜਾਬ ਨੂੰ ਲਿਖਿਆ ਪੱਤਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਨਵੰਬਰ:
ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓਐਸਡੀ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਸ਼ਹਿਰ ਖਰੜ ਦੇ ਨਾਲ ਲਗਦੇ ਅਤੇ ਮੁੱਲਾਂਪੁਰ ਗਰੀਬਦਾਸ ਖੇਤਰ ਦੇ ਵੱਖ ਵੱਖ ਪਿੰਡਾਂ ਵਿੱਚ ਸੀਟੀਯੂ ਦੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਰੱਖੀ ਹੈ। ਇਸੇ ਸਬੰਧ ਵਿੱਚ ਸ੍ਰੀਮਤੀ ਗਰਚਾ ਨੇ ਡਾਇਰੈਕਟਰ ਸੀ.ਟੀ.ਯੂ. (ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ) ਅਤੇ ਡਾਇਰੈਕਟਰ ਟਰਾਂਸਪੋਰਟ ਵਿਭਾਗ ਪੰਜਾਬ ਨੂੰ ਵੀ ਪੱਤਰ ਲਿਖ ਕੇ ਇਹ ਬੱਸ ਸੇਵਾ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ। ਉਕਤ ਪੱਤਰ ਵਿੱਚ ਸ੍ਰੀਮਤੀ ਗਰਚਾ ਨੇ ਕਿਹਾ ਕਿ ਹਲਕਾ ਖਰੜ ਅਧੀਨ ਆਉਂਦੇ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਪਿੰਡਾਂ ਪੜੌਲ, ਮਿਰਜਾਪੁਰ, ਕਸਬਾ ਨਵਾਂ ਗਰਾਓਂ ਖੇਤਰ ਵਿੱਚ ਪੈਂਦੇ ਪਿੰਡ ਨਾਡਾ, ਸਿਊਂਕ, ਪੜਛ, ਟਾਂਡਾ ਟਾਂਡੀ, ਨਾਡਾ, ਕਰੌਰਾਂ, ਮਸੌਲ ਅਤੇ ਖਰੜ ਸ਼ਹਿਰ ਦੇ ਨੇੜਲੇ ਪਿੰਡਾਂ ਜੰਡਪੁਰ, ਝੁੰਗੀਆਂ, ਤਿਊੜ, ਜਕੜਮਾਜਰਾ, ਚੰਦੋਂ ਅਤੇ ਹੋਰ ਕਈ ਪਿੰਡਾਂ ਨੂੰ ਕੋਈ ਵੀ ਬੱਸ ਸਰਵਿਸ ਨਹੀਂ ਹੈ। ਇਨ੍ਹਾਂ ਪਿੰਡਾਂ ਦੇ ਲੋਕੀਂ ਵਧੇਰੇ ਕਰਕੇ ਚੰਡੀਗੜ੍ਹ ਸਥਿਤ ਸਰਕਾਰੀ ਜਾਂ ਪ੍ਰਾਈਵੇਟ ਦਫ਼ਤਰਾਂ ਵਿੱਚ ਆਪਣੀਆਂ ਡਿਊਟੀਆਂ ’ਤੇ ਆਉਂਦੇ ਜਾਂਦੇ ਹਨ ਅਤੇ ਜਾਂ ਫਿਰ ਪੀ.ਜੀ.ਆਈ. ਚੰਡੀਗੜ੍ਹ ਵਰਗੇ ਹਸਪਤਾਲਾਂ ਵਿੱਚ ਮੈਡੀਕਲ ਸਹੂਲਤਾਂ ਆਦਿ ਲਈ ਜਾਣਾ ਪੈਂਦਾ ਹੈ। ਪ੍ਰੰਤੂ ਬੱਸ ਸੇਵਾ ਨਾ ਹੋਣ ਕਾਰਨ ਲੋਕੀਂ ਆਉਣ ਜਾਣ ਲਈ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ। ਵਧੇਰੇ ਪ੍ਰੇਸ਼ਾਨੀ ਇਨ੍ਹਾਂ ਪਿੰਡਾਂ ਦੀਆਂ ਅੌਰਤਾਂ ਨੂੰ ਹੁੰਦੀ ਹੈ।
ਇਹ ਵੀ ਦੱਸਣਯੋਗ ਹੈ ਕਿ ਚੰਡੀਗੜ੍ਹ ਦੀਆਂ ਜੜ੍ਹਾਂ ਵਿੱਚ ਵੱਸੇ ਕਸਬਾ ਨਵਾਂ ਗਰਾਓਂ ਅਤੇ ਪੀਜੀਆਈ ਤੋਂ ਮੁੱਲਾਂਪੁਰ ਗਰੀਬਦਾਸ ਵੱਲ ਅਤੇ ਖਰੜ ਸ਼ਹਿਰ ਤੱਕ ਤਾਂ ਸੀਟੀਯੂ ਦੀ ਲੋਕਲ ਬੱਸ ਸਰਵਿਸ ਚੱਲ ਹੀ ਰਹੀ ਹੈ। ਜੇਕਰ ਸੀਟੀਯੂ ਵੱਲੋਂ ਇਨ੍ਹਾਂ ਬੱਸਾਂ ਦੇ ਰੂਟਾਂ ਵਿੱਚ ਹੀ ਥੋੜ੍ਹਾ ਹੋਰ ਵਾਧਾ ਕਰ ਕੇ ਉਕਤ ਪਿੰਡਾਂ ਨੂੰ ਵੀ ਇਨ੍ਹਾਂ ਦੇ ਰੂਟਾਂ ਨਾਲ ਜੋੜ ਦਿੱਤਾ ਜਾਵੇ ਤਾਂ ਵੱਡੀ ਗਿਣਤੀ ਵਿੱਚ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਵਿੱਚ ਸੌਖ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁਝ ਪਿੰਡਾਂ ਨੂੰ ਪਹਿਲਾਂ ਸੀਟੀਯੂ ਦੀ ਬੱਸ ਸੇਵਾ ਚੱਲ ਵੀ ਰਹੀ ਸੀ ਪ੍ਰੰਤੂ ਕੁਝ ਸਮੇਂ ਤੋਂ ਸੀਟੀਯੂ ਵੱਲੋਂ ਕਈ ਰੂਟ ਬੰਦ ਕਰ ਦਿੱਤੇ ਗਏ ਸਨ। ਜਿਨ੍ਹਾਂ ਨੂੰ ਫਿਰ ਤੋਂ ਚਾਲੂ ਕਰਨਾ ਲੋਕਾਂ ਦੀ ਮੁੱਖ ਲੋੜ ਹੈ। ਸ੍ਰੀਮਤੀ ਗਰਚਾ ਨੇ ਕਿਹਾ ਕਿ ਉਨ੍ਹਾਂ ਹਲਕਾ ਖਰੜ ਦੇ ਉਕਤ ਪਿੰਡਾਂ ਵਿੱਚ ਘੁੰਮ ਕੇ ਦੇਖਿਆ ਹੈ ਕਿ ਲੋਕੀਂ ਬੱਸ ਸੇਵਾ ਨਾ ਹਣ ਕਾਰਨ ਕਾਫ਼ੀ ਤੰਗ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਡਾਇਰੈਕਟਰ ਸੀਟੀਯੂ ਅਤੇ ਡਾਇਰੈਕਟਰ ਟਰਾਂਸਪੋਰਟ ਵਿਭਾਗ ਪੰਜਾਬ ਆਪਸ ਵਿੱਚ ਤਾਲਮੇਲ ਕਰਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਬੱਸ ਸੇਵਾ ਦੀ ਸਹੂਲਤ ਦੇਵੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…