ਮੁਹਾਲੀ ਵਿੱਚ ਮੁਕੰਮਲ ਕਰਫਿਊ, ਸਮੂਹ ਐਂਟਰੀ ਪੁਆਇੰਟਾਂ ’ਤੇ ਜ਼ਬਰਦਸਤ ਨਾਕਾਬੰਦੀ

ਗਰਾਮ ਪੰਚਾਇਤਾਂ ਰਾਹੀਂ ਕਰਫਿਊ ਬਾਰੇ ਪਿੰਡਾਂ ਵਿੱਚ ਅਨਾਊਸਮੈਂਟ ਕਰਨ ਦੇ ਆਦੇਸ਼

ਪੀਸੀਆਰ ਦੇ ਹੂਟਰਾਂ ਨਾਲ ਗੂੰਜਿਆਂ ਇਲਾਕਾ, ਪੁਲੀਸ ਵੱਲੋਂ ਫਲੈਗ ਮਾਰਚ, ਸਰਕਾਰ ਦੇ ਤਾਜ਼ਾ ਹੁਕਮਾਂ ਬਾਰੇ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਪੰਜਾਬ ਵਿੱਚ ਕਰੋਨਾਵਾਇਰਸ ਦੇ ਲਗਾਤਾਰ ਵਧ ਰਹੇ ਪ੍ਰਕੋਪ ਦੇ ਚੱਲਦਿਆਂ ਮੋਤੀਆਂ ਵਾਲੀ ਸਰਕਾਰ ਦੇ ਹੁਕਮਾਂ ’ਤੇ ਮੁਹਾਲੀ ਪ੍ਰਸ਼ਾਸਨ ਨੇ ਵੀ ਸਮੁੱਚੇ ਮੁਹਾਲੀ ਜ਼ਿਲ੍ਹੇ ਅੰਦਰ ਕਰਫਿਊ ਲਗਾ ਦਿੱਤਾ ਹੈ। ਪੁਲੀਸ ਵੱਲੋਂ ਸਮੂਹ ਐਂਟਰੀ ਪੁਆਇੰਟ ਅਤੇ ਹੋਰ ਸੰਪਰਕ ਸੜਕਾਂ ’ਤੇ ਜ਼ਬਰਦਸਤ ਨਾਕਾਬੰਦੀ ਕੀਤੀ ਗਈ ਅਤੇ ਕਰਫਿਊ ਦੌਰਾਨ ਘਰਾਂ ਤੋਂ ਬਾਹਰ ਨਿਕਲਣ ਵਾਲੇ ਕਈ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਪਾਬੰਦ ਕੀਤਾ।
ਜਿਵੇਂ ਹੀ ਦੁਪਹਿਰ ਇਕ ਵਜੇ ਕਰਫਿਊ ਲਗਾਉਣ ਦੀ ਜਾਣਕਾਰੀ ਜਨਤਕ ਹੋਈ ਤਾਂ ਲੋਕਾਂ ਨੇ ਆਪਣੇ ਘਰਾਂ ਨੇੜਲੀਆਂ ਦੁਕਾਨਾਂ ’ਤੇ ਜਾ ਕੇ ਸਮਾਨ ਖ਼ਰੀਦਣਾ ਸ਼ੁਰੂ ਕਰ ਦਿੱਤਾ। ਸਭ ਤੋਂ ਵੱਧ ਭੀੜ ਦੁੱਧ ਦੀਆਂ ਡੇਅਰੀਆਂ ’ਤੇ ਦੇਖਣ ਨੂੰ ਮਿਲੀ। ਕਰੋਨਾਵਾਇਰਸ ਦੇ ਪ੍ਰਭਾਵ ਦੇ ਚੱਲਦਿਆਂ ਡੇਅਰੀ ਮਾਲਕ ਨੇ ਲੋਕਾਂ ਨੂੰ ਲਾਈਨ ਵਿੱਚ ਲਗਾ ਕੇ ਸਮਾਨ ਦਿੱਤਾ ਅਤੇ ਨਾਲ ਹੀ ਇਹ ਵੀ ਸੂਚਨਾ ਦਿੱਤੀ ਕਿ ਭਲਕੇ ਮੰਗਲਵਾਰ ਤੋਂ ਬਾਅਦ 31 ਮਾਰਚ ਤੱਕ ਉਹ ਡੇਅਰੀ ਨਹੀਂ ਖੋਲ੍ਹਣਗੇ। ਉਧਰ, ਪਿੰਡਾਂ ’ਚੋਂ ਦੁੱਧ ਚੁੱਕ ਕੇ ਘਰਾਂ ਵਿੱਚ ਸਪਲਾਈ ਕਰਨ ਵਾਲੇ ਦੋਧੀ ਵੀ ਅੱਜ ਕੱਲ੍ਹ ਨਹੀਂ ਆ ਰਹੇ ਹਨ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੀਆਂ ਹੋਰ ਮੁਸ਼ਕਲਾਂ ਵਧ ਸਕਦੀਆਂ ਹਨ।
ਉਧਰ, ਪੰਜਾਬ ਸਰਕਾਰ ਦੇ ਤਾਜ਼ਾ ਫੈਸਲੇ ਤੋਂ ਬਾਅਦ ਮੁਹਾਲੀ ਪੁਲੀਸ ਨੇ ਸ਼ਹਿਰ ਅਤੇ ਵੱਖ ਵੱਖ ਪੇਂਡੂ ਇਲਾਕਿਆਂ ਫਲੈਗ ਮਾਰਚ ਕੀਤਾ ਅਤੇ ਲੋਕਾਂ ਨੂੰ 31 ਮਾਰਚ ਤੱਕ ਲਗਾਏ ਗਏ ਕਰਫਿਊ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਮੁੱਖ ਸੜਕਾਂ ਅਤੇ ਲਿੰਕ ਸੜਕਾਂ ਸਮੇਤ ਗਲੀ ਮੁਹੱਲੇ ਪੀਸੀਆਰ ਦੇ ਜਵਾਨਾਂ ਦੇ ਹੂਟਰਾਂ ਨਾਲ ਗੂੰਜ ਉੱਠੇ। ਕਾਫੀ ਸਮੇਂ ਬਾਅਦ ਇਸ ਤਰ੍ਹਾਂ ਹਾਲਾਤ ਦੇਖ ਕੇ ਲੋਕਾਂ ਵਿੱਚ ਅਜੀਬ ਕਿਸਮ ਦੀ ਘਬਰਾਹਟ ਦੇਖਣ ਨੂੰ ਮਿਲੀ। ਪੀਸੀਆਰ ਦੇ ਜਵਾਨਾਂ ਨੇ ਪੁਲੀਸ ਗਸ਼ਤ ਦੌਰਾਨ ਜਿੱਥੇ ਕਿਸੇ ਗਲੀ ਮੁਹੱਲੇ ਵਿੱਚ ਦੁਕਾਨ ਖੁੱਲ੍ਹੀ ਦੇਖੀ। ਉਸ ਨੂੰ ਤੁਰੰਤ ਬੰਦ ਕਰਵਾ ਦਿੱਤਾ ਅਤੇ ਤਾੜਨਾ ਕੀਤੀ ਕਿ ਜੇਕਰ ਦੁਬਾਰਾ ਚੈਕਿੰਗ ਦੌਰਾਨ ਦੁਕਾਨ ਖੁੱਲ੍ਹੀ ਮਿਲੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ
ਉਧਰ, ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਕਰਫਿਊ ਦੇ ਮੱਦੇਨਜ਼ਰ ਜ਼ਿਲ੍ਹਾ ਮੁਹਾਲੀ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਸਮੁੱਚੇ ਜ਼ਿਲ੍ਹੇ ਅੰਦਰ ਸਾਰੇ ਐਂਟਰੀ ਪੁਆਇੰਟਾਂ, ਸੰਪਰਕ ਸੜਕਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਇਸ ਤੋਂ ਇਲਾਵਾ 24 ਘੰਟੇ ਸ਼ਿਫ਼ਟਾਂ ਵਿੱਚ ਪੁਲੀਸ ਗਸ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਾਜ਼ਾ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਜ ਵੀ ਆਪਣੇ ਘਰਾਂ ’ਚੋਂ ਬਾਹਰ ਆਉਣ ਜਾਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 34 ਕੇਸ ਦਰਜ ਕੀਤੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਪੁਲੀਸ ਨੇ ਥਾਣਾ ਫੇਜ਼-1 ਵਿੱਚ 4, ਥਾਣਾ ਮਟੌਰ ਵਿੱਚ 4, ਸੋਹਾਣਾ ਵਿੱਚ ਪੰਜ, ਨਵਾਂ ਗਰਾਓਂ ਥਾਣੇ ਵਿੱਚ 1, ਸੈਂਟਰਲ ਥਾਣਾ ਫੇਜ਼-8 ਵਿੱਚ 1, ਫੇਜ਼-11 ਵਿੱਚ 1, ਬਲੌਂਗੀ ਵਿੱਚ 1, ਖਰੜ ਸਿਟੀ ਵਿੱਚ 3, ਜ਼ੀਰਕਪੁਰ ਵਿੱਚ 11, ਡੇਰਾਬੱਸੀ ਵਿੱਚ 1 ਅਤੇ ਲਾਲੜੂ ਵਿੱਚ 2 ਪੁਲੀਸ ਕੇਸ ਦਰਜ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …