nabaz-e-punjab.com

ਡੀਸੀ ਵੱਲੋਂ 12 ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਸਵੱਛ ਵਿਦਿਆਲਿਆ ਪੁਰਸਕਾਰ ਨਾਲ ਸਨਮਾਨ

ਸਵੱਛ ਭਾਰਤ, ਸਵੱਛ ਵਿਦਿਆਲਿਆ ਪ੍ਰੋਗਰਾਮ ਤਹਿਤ ਸਕੂਲਾਂ ਦੀ ਕੀਤੀ ਗਈ ਸੀ ਚੋਣ

ਡੀਸੀ ਵੱਲੋਂ ਸਕੂਲਾਂ ਵਿੱਚ ਸਾਫ਼-ਸਫ਼ਾਈ ਰੱਖਣ ਦੀ ਲੋੜ ’ਤੇ ਜ਼ੋਰ, ਪਿੰਡ ਪੱਧਰ ’ਤੇ ਖੇਡਾਂ ਨੂੰ ਕੀਤਾ ਜਾਵੇ ਉਤਸ਼ਾਹਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਵੱਛ ਭਾਰਤ, ਸਵੱਛ ਵਿਦਿਆਲਿਆ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿੱਚ 11 ਸਕੂਲਾਂ ਦੀ ਚੋਣ ਕੀਤੀ ਗਈ ਸੀ। ਇਨ੍ਹਾਂ ਸਕੂਲਾਂ ਦੇ ਮੁਖੀਆਂ ਨੂੰ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵੱਲੋਂ ਸਵੱਛ ਵਿਦਿਆਲਿਆ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ੍ਰੀਮਤੀ ਸਪਰਾ ਨੇ ਚੁਣੇ ਗਏ ਸਵੱਛ ਵਿਦਿਆਲਿਆ ਪੁਰਸਕਾਰਾਂ ਲਈ ਸਕੂਲ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਸਕੂਲਾਂ ਨੂੰ ਵੀ ਅਜਿਹੇ ਮੁਕਾਬਲਿਆਂ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਵੱਧ ਤੋਂ ਵੱਧ ਸਫਾਈ ਰੱਖਣ ਨੂੰ ਯਕੀਨੀ ਬਣਾਉਣ ਲਈ ਆਖਿਆ।
ਇਥੇ ਵਰਨਣ ਯੋਗ ਹੈ ਕਿ ਸਾਲ 2017-18 ਲਈ ਚੁਣੇ ਗਏ ਸਵੱਛ ਵਿਦਿਆਲਿਆ ਪ੍ਰੋਗਰਾਮ ਤਹਿਤ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਡਿਪਟੀ ਕਮਿਸ਼ਨਰ ਵਲੋਂ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰ ਵੀ ਸ਼ਾਮਲ ਸਨ। ਜਿਨ੍ਹਾਂ ਨੇ ਕਿ ਸਕੂਲ ਪੱਧਰ ਤੇ ਜਾ ਕੇ ਸਕੂਲਾਂ ਦੀ ਸਾਫ਼-ਸਫ਼ਾਈ ਅਤੇ ਪਾਖਾਨੇ ਪੀਣ ਵਾਲੇ ਪਾਣੀ ਆਦਿ ਦਾ ਸਰਵੇਖਣ ਕੀਤਾ ਗਿਆ ਸੀ ਅਤੇ ਜਿਹੜੇ ਸਕੂਲ ਇਨ੍ਹਾਂ ਕਾਰਜਾਂ ਵਿਚ ਖਰੇ ਉਤਰੇ ਹਨ ਉਨ੍ਹਾਂ ਨੂੰ ਸਵੱਛ ਵਿਦਿਆਲਿਆ ਪੁਰਸਕਾਰ ਲਈ ਚੁਣਿਆ ਗਿਆ।
ਸਵੱਛ ਵਿਦਿਆਲਿਆ ਪੁਰਸਕਾਰ ਲਈ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਘੜੂੰਆ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੌਲਤ ਸਿੰਘ ਵਾਲਾ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਜਾਤੜੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-7, ਸ਼ਾਹੀਮਾਜਰਾ, ਸੰਗਤਪੁਰਾ, ਤੀੜਾ, ਮੌਲੀ, ਬੈਦਵਾਨ ਅਤੇ ਢੇਲਪੁਰ ਦੇ ਪ੍ਰਾਇਮਰੀ ਸਕੂਲ,ਦੋ ਪ੍ਰਾਈਵੇਟ ਸਕੂਲ ਅਜੀਤ ਭਾਈ ਕਰਮ ਸਿੰਘ ਸਕੂਲ ਫੇਜ਼-2 ਅਤੇ ਲੌਰੈਂਸ ਪਬਲਿਕ ਸਕੂਲ ਸੈਕਟਰ-51 ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਕਿ ਅੱਜ ਸਵੱਛ ਵਿਦਿਆਲਿਆ ਪੁਰਸਕਾਰ ਪ੍ਰਦਾਨ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਗੁਰਪ੍ਰੀਤ ਕੌਰ ਧਾਲੀਵਾਲ ਨੂੰ ਆਖਿਆ ਕਿ ਸਕੂਲਾਂ ਦੇ ਨਾਲ-ਨਾਲ ਪਿੰਡ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਤਾਂ ਜੋ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕੀਤਾ ਜਾ ਸਕੇ ਤਾਂ ਜੋ ਉਹ ਖੇਡਾਂ ਦੇ ਖੇਤਰ ਵਿਚ ਅੰਤਰ-ਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਕੇ ਆਪਣੇ ਪਿੰਡ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਸਕੂਲਾਂ ਵਿਚ ਬਡੀ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਆਖਿਆ ਕਿ ਭਾਰਤ ਸਰਕਾਰ ਦੇ ਡਰੀਕਿੰਗ ਵਾਟਰ ਅਤੇ ਸੈਨੀਟੇਸ਼ਨ ਮੰਤਰਾਲੇ ਵਲੋਂ ਰੂਰਲ ਸੈਨੀਟੇਸ਼ਨ ਦੇ ਆਧਾਰ ਤੇ ਪੂਰੇ ਭਾਰਤ ਵਿਚ ਜ਼ਿਲ੍ਹਿਆਂ ਦੀ ਰੈਕਿੰਗ ਨੂੰ ਵਧੀਆ ਬਣਾਉਣ ਲਈ ਸਵੱਛ ਸਰਵੇਖਣ ਗ੍ਰਾਮੀਣ 2018 ਲਾਂਚ ਕੀਤੀ ਗਈ ਹੈ। ਜਿਸ ਸਬੰਧੀ ਤਿਆਰ ਕੀਤੀ ਐਪ ਐਸ.ਐਸ.ਜੀ.18 ਨੂੰ ਡਾਊਨਲੋਡ ਕਰਕੇ ਜ਼ਿਲ੍ਹੇ ਵਿੱਚ ਸਫ਼ਾਈ ਕਾਰਜਾਂ ਸਬੰਧੀ 31 ਅਗਸਤ ਤੱਕ ਮੁਕੰਮਲ ਹੋਣ ਵਾਲੇ ਸਰਵੇਖਣ ਸਬੰਧੀ ਲੋਕਾਂ ਨੂੰ ਆਪਣੀ ਫੀਡਬੈਕ ਭੇਜਣ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਜ਼ਿਲ੍ਹਾ ਪਹਿਲੇ ਨੰਬਰ ਤੇ ਆ ਸਕੇ।
ਇਸ ਮੌਕੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਜਸਵੀਰ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ, ਜ਼ਿਲ੍ਹਾ ਗਾਇਡੈਂਸ ਕੌਂਸਲਰ ਰਵਿੰਦਰ ਖਹਿਰਾ ਅਤੇ ਸਵੱਛ ਵਿਦਿਆਲਿਆ ਪੁਰਸਕਾਰ ਹਾਸਿਲ ਕਰਨ ਵਾਲੇ ਸਕੂਲਾਂ ਦੇ ਮੁਖੀ ਤੇ ਅਧਿਆਪਕ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…