nabaz-e-punjab.com

ਪੰਜਾਬ ਭਰ ’ਚ 13 ਜਨਵਰੀ ਤੋਂ ਸ਼ੁਰੂ ਹੋਵੇਗੀ ਡੇਅਰੀ ਉੱਦਮ ਸਿਖਲਾਈ

ਵਿਗਿਆਨਕ ਤਕਨੀਕਾਂ ਰਾਹੀਂ ਡੇਅਰੀ ਫਾਰਮਰਾਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਪੰਜਾਬ ਡੇਅਰੀ ਪ੍ਰਧਾਨ ਸੂਬਾ ਹੈ, ਇੱਥੇ ਪ੍ਰਤੀ ਪਸ਼ੂ ਦੁੱਧ ਦੀ ਪੈਦਾਵਾਰ ਅਤੇ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਵਿੱਚ ਪੰਜਾਬ ਦਾ ਦੇਸ਼ ਭਰ ’ਚੋਂ ਸਭ ਤੋਂ ਅੱਵਲ ਸਥਾਨ ’ਤੇ ਹੈ ਪ੍ਰੰਤੂ ਇਸ ਦਾ ਵਾਹੀਯੋਗ ਰਕਬਾ ਘੱਟ ਹੋਣ ਕਰਕੇ ਅਤੇ ਪ੍ਰਤੀ ਪਰਿਵਾਰ ਮਾਲਕੀ ਦਿਨ-ਬ-ਦਿਨ ਘਟਣ ਕਰਕੇ ਖੇਤੀ ਦੇ ਨਾਲ ਅਜਿਹੇ ਕਿੱਤੇ ਕਰਨੇ ਜ਼ਰੂਰੀ ਹਨ ਜੋ ਰੋਜ਼ਾਨਾ ਆਮਦਨ ਦੇ ਸਕਣ। ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ 13 ਜਨਵਰੀ 2020 ਤੋਂ ਪੰਜਾਬ ਭਰ ’ਚ ਡੇਅਰੀ ਫਾਰਮਰਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਦਾ ਪ੍ਰੋਗਰਾਮ ਉਲੀਕਿਆਂ ਗਿਆ ਹੈ।
ਉਨ੍ਹਾਂ ਕਿਹਾ ਕਿ ਡੇਅਰੀ ਧੰਦਾ ਇਕ ਅਜਿਹਾ ਕਿੱਤਾ ਹੈ ਜੋ ਪੰਜਾਬ ਦੇ ਮੌਜੂਦਾ ਖੇਤੀ ਅਰਥਚਾਰੇ ਵਿੱਚ ਆਈ ਖੜੋਤ ਨੂੰ ਤੋੜ ਸਕਦਾ ਹੈ। ਡੇਅਰੀ ਧੰਦੇ ਦੇ ਵਿਕਾਸ ਲਈ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਵਾਤਾਵਰਨ ਅਨੁਕੂਲ ਸ਼ੈੱਡ, ਦੁੱਧ ਚੁਆਈ ਮਸ਼ੀਨਾਂ, ਦੁੱਧ ਠੰਢਾ ਕਰਨ ਲਈ ਯੰਤਰ, ਪਿੰਡ ਪੱਧਰ ’ਤੇ ਦੁੱਧ ਤੋਂ ਦੁੱਧ ਪਦਾਰਥ ਬਣਾਉਣ ਲਈ ਛੋਟਾ ਕਾਰਖ਼ਾਨਾ ਅਤੇ ਸ਼ਹਿਰਾਂ ਵਿੱਚ ਮੰਡੀਕਰਨ ਲਈ ਮਿਲਕ ਬਾਰ ਖੋਲ੍ਹਣ ਲਈ ਘੱਟੋ ਘੱਟ 25 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਡੇਅਰੀ ਫਾਰਮ ਦੇ ਮਸ਼ੀਨੀਕਰਨ ਜਿਵੇਂ ਕਿ ਪੱਠੇ ਵੱਢਣ ਵਾਲੀ ਮਸ਼ੀਨਾਂ, ਸ਼ਹਿਰਾਂ ਵਿੱਚ ਘਰੋ ਘਰੀਂ ਦੁੱਧ ਵੇਚਣ ਲਈ ਵੈਂਡਿੰਗ ਮਸ਼ੀਨਾਂ ਉੱਤੇ ਵੀ ਭਾਰੀ ਸਬਸਿਡੀ ਦਿੱਤੀ ਜਾਂਦੀ ਹੈ।
ਸ੍ਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਡੇਅਰੀ ਫਾਰਮਿੰਗ ਦੀ ਅਤਿ ਆਧੁਨਿਕ ਸਿਖਲਾਈ ਦੇਣ ਲਈ 9 ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਕੰਮ ਕਰ ਰਹੇ ਹਨ ਅਤੇ ਹਰ ਸਾਲ 7000 ਤੋਂ ਵੱਧ ਪੜ੍ਹੇ ਲਿਖੇ ਬੇਰੁਜ਼ਗਾਰ ਨੋਜਵਾਨਾਂ ਨੂੰ ਕਿੱਤਾ ਮੁਖੀ ਸਿਖਲਾਈਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਡੇਅਰੀ ਧੰਦਾ ਹੁਣ ਇਕ ਬਰੀਕੀ ਦਾ ਧੰਦਾ ਬਣ ਚੁੱਕਾ ਹੈ। ਦੇਸ਼ ਫਰੀ ਟਰੇਡ ਐਗਰੀਮੈਂਟ ਦਾ ਮੁੱਢਲਾ ਮੈਂਬਰ ਹੈ। ਸਾਨੂੰ ਦੁੱਧ ਦੀਆਂ ਲਾਗਤ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਤੋਂ ਇਲਾਵਾ ਦੁੱਧ ਦੀ ਕੁਆਲਿਟੀ ਸੁਧਾਰਨ ਲਈ ਵੀ ਕੰਮ ਕਰਨਾ ਪਵੇਗਾ। ਇਸ ਲਈ ਦੁੱਧ ਉਤਪਾਦਕ ਨੂੰ ਡੇਅਰੀ ਫਾਰਮ ਮੈਨੇਜਰ ਬਣਨਾ ਪਵੇਗਾ।
ਉਨ੍ਹਾਂ ਦੱਸਿਆ ਕਿ ਡੇਅਰੀ ਧੰਦੇ ਦੇ ਪ੍ਰਬੰਧਕੀ ਗੁਰ ਦੱਸਣ ਲਈ ਡੇਅਰੀ ਉੱਦਮ ਵਿਕਾਸ ਸਿਖਲਾਈ ਪੰਜਾਬ ਵਿੱਚ ਸਾਰੇ ਕੇਂਦਰਾਂ ਉੱਤੇ 13 ਜਨਵਰੀ 2020 ਤੋਂ ਸ਼ੁਰੂ ਹੋ ਰਹੀ ਹੈ। ਕੋਈ ਵੀ ਦਸਵੀਂ ਪਾਸ ਬੇਰੁਜ਼ਗਾਰ ਨੌਜਵਾਨ ਲੜਕਾ/ਲੜਕੀ ਜਿਸ ਦੀ ਉਮਰ 45 ਸਾਲ ਤੋਂ ਘੱਟ ਹੋਵੇ ਅਤੇ ਉਹ ਡੇਅਰੀ ਧੰਦੇ ਨਾਲ ਜੁੜਿਆ ਹੋਵੇ, ਉਹ 4 ਹਫ਼ਤੇ ਦੀ ਵਿਗਿਆਨਕ ਸਿਖਲਾਈ ਲੈ ਕੇ ਆਪਣੇ ਡੇਅਰੀ ਫਾਰਮ ਨੂੰ ਵਿਕਸਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਇਕ ਨਿਰੋਲ ਪ੍ਰੈਕਟੀਕਲ ਸਿਖਲਾਈ ਹੈ। ਜਿਸ ਲਈ ਦਾਖ਼ਲਾ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ’ਤੇ ਹੋਣਾ ਹੈ। ਸਾਰੇ ਸਿਖਲਾਈ ਕੇਂਦਰਾਂ ’ਤੇ 6 ਜਨਵਰੀ ਨੂੰ ਸਿਖਲਾਈ ਸਬੰਧੀ ਕੌਂਸਲਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਹੋਰ ਜਾਣਕਾਰੀ ਲੈਣ ਲਈ ਹੈਲਪਲਾਈਨ 0172-5027285 ਜਾਂ ਆਪਣੇ ਜ਼ਿਲੇ੍ਹ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…