Nabaz-e-punjab.com

ਗੁਰੂ ਰਵਿਦਾਸ ਮੰਦਰ ਢਾਹੁਣ ਖ਼ਿਲਾਫ਼ ਮੁਹਾਲੀ ਤੋਂ ਵੱਡੀ ਗਿਣਤੀ ਵਿੱਚ ਦਿੱਲੀ ਪੁੱਜੇ ਦਲਿਤ ਭਾਈਚਾਰੇ ਦੇ ਲੋਕ

ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀਆਰ ਅੰਬੇਦਕਰ ਦੇ ਤਿੰਨ ਬੁੱਤ ਤੋੜਨ ਖ਼ਿਲਾਫ਼ ਦਲਿਤਾਂ ਵਿੱਚ ਭਾਰੀ ਰੋਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ:
ਦੇਸ਼ ਦੇ ਹੁਕਮਰਾਨਾਂ ਵੱਲੋਂ ਪਿਛਲੇ ਦਿਨੀਂ ਦਿੱਲੀ ਦੇ ਤੁਗ਼ਲਕਾਬਾਦ ਵਿੱਚ ਦਲਿਤਾਂ ਦੇ ਮਸੀਹਾ ਗੁਰੂ ਰਵਿਦਾਸ ਮੰਦਰ ਨੂੰ ਤੋੜੇ ਜਾਣ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਹੁਣ ਉੱਤਰ ਪ੍ਰਦੇਸ਼ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀਆਰ ਅੰਬੇਦਕਰ ਦੇ 20 ਸਾਲ ਪੁਰਾਣੇ ਤਿੰਨ ਬੁੱਤ ਤੋੜਨ ਕਾਰਨ ਦਲਿਤ ਭਾਈਚਾਰੇ ਦੇ ਲੋਕਾਂ ਵਿੱਚ ਸਮੇਂ ਦੀਆਂ ਸਰਕਾਰਾਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਧਰ, ਭਾਰਤ ਬੰਦ ਦੇ ਸੱਦੇ ’ਤੇ ਅੱਜ ਦਲਿਤ ਭਾਈਚਾਰੇ ਦੇ ਲੋਕਾਂ ਅਤੇ ਡਾ. ਅੰਬੇਦਕਰਵਾਦੀ ਜਥੇਬੰਦੀਆਂ, ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਕਾਰਕੁਨ ਮੁਹਾਲੀ ਤੋਂ ਵੱਡੀ ਗਿਣਤੀ ਵਿੱਚ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਨਵੀਂ ਦਿੱਲੀ ਪਹੁੰਚੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸਰਕਾਰੀ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਮੁਹਾਲੀ ’ਚੋਂ ਵੱਡਾ ਕਾਫਲਾ ਬੱਸਾਂ ਰਾਹੀਂ ਦਿੱਲੀ ਪੁੱਜਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦਲਿਤ ਵਿਰੋਧੀ ਕਰਾਰ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਦਲਿਤਾਂ ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਹਿਲਾਂ ਕਾਂਗਰਸ ਸਰਕਾਰ ਅਤੇ ਹੁਣ ਮੋਦੀ ਸਰਕਾਰ ਵੱਲੋਂ ਦਲਿਤਾਂ ਦੇ ਮਸੀਹਾਂ ਗੁਰੂ ਰਵਿਦਾਸ ਜੀ ਅਤੇ ਡਾ. ਅੰਬੇਦਕਰ ਦੇ ਬੁੱਤ ਤੋੜ ਕੇ ਗਰੀਬ ਵਰਗ ਦੇ ਲੋਕਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਅਤੇ ਬਹੁਜਨ ਸਮਾਜ ਪਾਰਟੀ (ਬਸਪਾ), ਡਾ. ਬੀਆਰ ਅੰਬੇਦਕਰ ਵੈਲਫੇਅਰ ਮਿਸ਼ਨ ਸੈਕਟਰ-69, ਡਾ. ਬੀਆਰ ਅੰਬੇਦਕਰ ਮਿਸ਼ਨਰੀ ਵੈਲਫੇਅਰ ਐਸੋਸੀਏਸ਼ਨ ਅਤੇ ਸੰਸਥਾ ਪੈਗਾਮ ਮੁਹਾਲੀ ਦੇ ਕਾਰਕੁਨਾਂ ਨੇ ਵੀ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਕੂਚ ਕੀਤਾ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਕੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ: ਨਿਗੂਣੀ ਤਨਖ਼ਾਹ ਕਾਰਨ 600 ਮੁਲਾਜ਼ਮਾਂ ਨੇ ਨੌਕਰੀ ਛੱਡੀ

ਮਿਲਕਫੈੱਡ ਤੇ ਮਿਲਕ ਪਲਾਂਟ: ਨਿਗੂਣੀ ਤਨਖ਼ਾਹ ਕਾਰਨ 600 ਮੁਲਾਜ਼ਮਾਂ ਨੇ ਨੌਕਰੀ ਛੱਡੀ ਮਿਲਕਫੈੱਡ ਤੇ ਮਿਲਕ ਪਲਾਂ…