Share on Facebook Share on Twitter Share on Google+ Share on Pinterest Share on Linkedin ਦਲਿਤ, ਮਜ਼ਦੂਰ ਤੇ ਕਿਰਤੀ ਕਾਮਿਆਂ ਦੀਆਂ ਜਥੇਬੰਦੀਆਂ ਨੇ ਕਿਸਾਨਾਂ ਤੋਂ ਕੀਤਾ ਕਿਨਾਰਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ’ਤੇ ਮਜ਼ਦੂਰਾਂ ਦੇ ਹਿੱਤਾਂ ਨਾਲ ਖਿਲਵਾੜ ਕਰਨ ਦਾ ਦੋਸ਼ ਕੇਂਦਰ ਸਰਕਾਰ ਨਾਲ ਹੁਣ ਤੱਕ ਹੋਈਆਂ ਮੀਟਿੰਗਾਂ ਵਿੱਚ ਕਦੇ ਵੀ ਮਜ਼ਦੂਰਾਂ ਦੇ ਹੱਕਾਂ ਦੀ ਨਹੀਂ ਕੀਤੀ ਗੱਲ ਦਲਿਤ, ਮਜ਼ਦੂਰ ਤੇ ਕਿਰਤੀ ਕਾਮਿਆਂ ਨੇ ਸਾਂਝੀ ਜਥੇਬੰਦੀ ਦਾ ਗਠਨ ਕਰਕੇ ਚੋਣਾਂ ਲੜਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ: ਪੰਜਾਬ ਦੀਆਂ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ’ਤੇ ਆਧਾਰਿਤ ਜੁਝਾਰੂ ਅਤੇ ਕਿਰਤੀ ਮਜ਼ਦੂਰ ਜਥੇਬੰਦੀਆਂ ਨੇ ਕਿਸਾਨਾਂ ਤੋਂ ਕਿਨਾਰਾ ਕਰਦਿਆਂ ਆਪਣੇ ਬਲਬੂਤੇ ’ਤੇ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਖਿੱਚ ਲਈ ਹੈ। ਅੱਜ ਇੱਥੇ ਪਿੰਡ ਕੁੰਭੜਾ ਦੀ ਧਰਮਸ਼ਾਲਾ ਵਿੱਚ ਹੋਈ ਕਾਨਫਰੰਸ ਵਿੱਚ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਬਾਜ਼ੀਗਰ (ਵਣਜਾਰਾ) ਸਮਾਜ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਮਾ. ਬਲਵਿੰਦਰ ਸਿੰਘ ਸੰਗਰੂਰ, ਸਰਵ-ਸ਼ੋਸ਼ਿਤ ਸਮਾਜ ਸੰਘ ਪੰਜਾਬ ਦੇ ਪ੍ਰਧਾਨ ਲਖਬੀਰ ਸਿੰਘ ਬਡਾਲਾ, ਰਾਸ਼ਟਰੀ ਬਾਲਮੀਕ ਸਭਾ ਕੌਮੀ ਪ੍ਰਧਾਨ ਕੁਲਦੀਪ ਸਿੰਘ ਸਹੋਤਾ, ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਪ੍ਰਧਾਨ ਦੇਵਿੰਦਰ ਕੌਰ ਅਮਰਗੜ੍ਹ, ਨੈਸ਼ਨਲ ਜਾਗ੍ਰਿਤ ਪਾਰਟੀ ਪੰਜਾਬ ਦੇ ਪ੍ਰਧਾਨ ਲਖਵੀਰ ਸਿੰਘ ਰਾਜਧੰਨ ਟਾਂਡਾ, ਸੋਸ਼ਲ ਵੈਲਫੇਅਰ ਫਰੰਟ ਪੰਜਾਬ ਦੇ ਪ੍ਰਧਾਨ ਸ਼ਵਿੰਦਰ ਸਿੰਘ ਲੱਖੋਵਾਲ ਅਤੇ ਰਾਸ਼ਟਰੀ ਫਰੀਡਮ ਫਾਈਟਰ ਜਥੇਬੰਦੀ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਹਰਗਣਾ ਸਮੇਤ ਹੋਰਨਾਂ ਜਥੇਬੰਦੀਆਂ ਨੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰ ਕੇ ਇੱਕਜੱੁਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ, ਲਖਵੀਰ ਸਿੰਘ ਬਡਾਲਾ ਅਤੇ ਹਰਨੇਕ ਸਿੰਘ ਨੰਡਿਆਲੀ ਨੇ ਕਿਹਾ ਕਿ ਖੇਤੀ ਕਾਲੇ ਕਾਨੂੰਨਾਂ ਖ਼ਿਲਾਫ਼ ਵਿੱਢੇ ਗਏ ਸੰਘਰਸ਼ ਵਿੱਚ ਦਲਿਤਾਂ ਅਤੇ ਮਜ਼ਦੂਰਾਂ ਨੇ ਪੂਰਾ ਸਾਥ ਦਿੱਤਾ ਅਤੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਮਜ਼ਦੂਰ-ਏਕਤਾ ਦਾ ਨਾਅਰਾ ਮਾਰਿਆ ਲੇਕਿਨ ਹੁਣ ਤੱਕ ਕੇਂਦਰ ਸਰਕਾਰ ਨਾਲ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਕਿਸਾਨਾਂ ਨੇ ਕਦੇ ਵੀ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ। ਇਹੀ ਨਹੀਂ ਮੀਟਿੰਗਾਂ ਦੇ ਏਜੰਡੇ ਵਿੱਚ ਕਿਤੇ ਵੀ ਮਜ਼ਦੂਰਾਂ ਦੀਆਂ ਦਿਹਾੜੀ ਵਧਾਉਣ ਜਾਂ ਹੋਰ ਜਾਇਜ਼ ਮੰਗਾਂ ਦਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਕਿਸਾਨਾਂ ਨੇ ਮਜ਼ਦੂਰਾਂ ਨਾਲ ਖਿਲਵਾੜ ਕੀਤਾ ਹੈ ਅਤੇ ਹੁਣ ਚੋਣ ਲੜਨ ਦੇ ਮੁੱਦੇ ’ਤੇ ਵੀ ਮਜ਼ਦੂਰਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਆਗੂਆਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਝੂਠੇ ਲਾਰਿਆਂ ਤੋਂ ਅੱਕੇ ਦਲਿਤ ਵਰਗ ਅਤੇ ਮਜ਼ਦੂਰਾਂ ਨੇ ਹੁਣ ਸਾਂਝੀ ਜਥੇਬੰਦੀ ਦਾ ਗਠਨ ਕਰਕੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਅਤੇ ਮੁੱਖ ਮੰਤਰੀ ਦਾ ਚਿਹਰਾ ਵੀ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀਆਂ ’ਚੋਂ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੇ ਹਮੇਸ਼ਾ ਹੀ ਦਲਿਤ ਅਤੇ ਮਜ਼ਦੂਰਾਂ ਦਾ ਵਿਕਾਸ ਕਰਨ ਦੀ ਬਜਾਏ ਉਨ੍ਹਾਂ ਨੂੰ ਵੋਟ ਬੈਂਕ ਲਈ ਵਰਤਿਆਂ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੀ ਇਕ ਕੋਰ ਕਮੇਟੀ ਬਣਾਈ ਜਾਵੇਗੀ ਜੋ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਜਾ ਕੇ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰੇਗੀ। ਉਨ੍ਹਾਂ ਕਿਹਾ ਕਿ ਮਨਰੇਗਾ, ਬੀਪੀਐਲ, ਆਸ਼ਾ ਵਰਕਰ, ਮਿਡ-ਡੇਅ-ਮੀਲ ਵਰਕਰ, ਆਂਗਨਵਾੜੀ ਵਰਕਰਾਂ ਦੀਆਂ ਤਨਖ਼ਾਹਾਂ ਅਤੇ ਮਾਣਮੱਤੇ ਵਧਾਉਣ, ਸ਼ਾਮਲਾਤ ਜ਼ਮੀਨਾਂ ਦਾ ਇਕ ਤਿਹਾਈ ਹਿੱਸਾ ਗਰੀਬ ਲੋਕਾਂ ਨੂੰ ਦੇਣ ਲਈ ਯੋਗ ਪੈਰਵੀ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਸਰਪੰਚ ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਵਤਾਰ ਸਿੰਘ ਮੱਕੜਿਆਂ, ਗੁਰਮੇਲ ਸਿੰਘ, ਅਜੈ ਸਾਹਨੇਵਾਲ, ਜੋਗਿੰਦਰ ਕੌਰ ਸੰਧੂ ਲੁਧਿਆਣਾ, ਨੇਤਰ ਸਿੰਘ ਨਾਭਾ, ਸੁਭਾਸ਼ ਚੰਦ ਲਾਲੜੂ, ਗੁਰਦਰਸ਼ਨ ਨਾਭਾ, ਬਲਜੀਤ ਸਿੰਘ ਖਾਬੜਾ, ਨੈਬ ਸਿੰਘ ਸੈਣੀ, ਮਹੇਸ਼ ਕੁਮਾਰ ਰੂਬੀ, ਬਿਕਰ ਸਿੰਘ ਬਡਵਾਲੀ ਅਤੇ ਮਨਜੀਤ ਸਿੰਘ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ