Share on Facebook Share on Twitter Share on Google+ Share on Pinterest Share on Linkedin ਦਲਿਤ ਵਰਗ ਦੇ ਲੋਕਾਂ ’ਤੇ ਲਗਾਤਾਰ ਵਧ ਰਹੇ ਨੇ ਅੱਤਿਆਚਾਰ ਦੇ ਮਾਮਲੇ: ਕੁੰਭੜਾ ਪੰਜਾਬ ਦੀਆਂ ਸਮੂਹ ਦਲਿਤ ਜਥੇਬੰਦੀਆਂ ਨੂੰ ਅੱਤਿਆਚਾਰਾਂ ਖ਼ਿਲਾਫ਼ ਲਾਮਬੰਦ ਹੋਣ ਦੀ ਅਪੀਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ: ਪੰਜਾਬ ਵਿਚ ਸਮੇਂ ਸਮੇਂ ’ਤੇ ਰਾਜ ਕਰਦੀਆਂ ਆ ਰਹੀਆਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀਆਂ ਦੀਆਂ ਸਰਕਾਰਾਂ ਦੀ ਗੁੰਡਾਗਰਦੀ ਕਾਫ਼ੀ ਵੱਡੇ ਪੱਧਰ ’ਤੇ ਵੱਧ ਚੁੱਕੀ ਹੈ ਅਤੇ ਆਏ ਦਿਨ ਦਲਿਤ ਲੋਕਾਂ ਦੀ ਮਾਰਕੁੱਟ, ਕਤਲ ਅਤੇ ਦਲਿਤ ਲੜਕੀਆਂ ਦੇ ਰੇਪ ਦੀਆਂ ਘਟਨਾਵਾਂ ਵਧ ਰਹੀਆਂ ਹਨ। ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਬੀਤੇ ਦਿਨੀਂ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਖੇਤਰ ਵਿਚ ਪਿੰਡ ਚਿੰਗਾਲੀਵਾਲ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ਜੱਗੂ ਦੇ ਇੱਕ ਸੀਨੀਅਰ ਕਾਂਗਰਸੀ ਆਗੂ ਦੇ ਕਥਿਤ ਗੁੰਡਿਆਂ ਵੱਲੋਂ ਕੀਤੇ ਗਏ ਕਤਲ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਜੱਗੂ ਨਾਲ ਗੁੰਡਿਆਂ ਵੱਲੋਂ ਕੀਤੀ ਜੱਗੋਂ ਤੇਰ੍ਹਵੀਂ ਘਟਨਾ ਨੇ ਸਮੱੁਚੇ ਪੰਜਾਬ ਦਾ ਦਿਲ ਦਹਿਲਾ ਕੇ ਰੱਖ ਦਿੱਤਾ ਹੈ। ਜੱਗੂ ਦੇ ਸਰੀਰ ਨੂੰ ਪਲਾਸ ਨਾਲ ਨੋਚ ਕੇ, ਤੇਜ਼ਾਬ ਪਾ ਕੇ ਅਤੇ ਪਿਸ਼ਾਬ ਤੱਕ ਪਿਲਾਏ ਜਾਣ ਦੀ ਦਰਿੰਦਗੀ ਦੀ ਹਰੇਕ ਵਰਗ ਵਿਚ ਥੂਹ-ਥੂਹ ਹੋ ਰਹੀ ਹੈ। ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਦਲਿਤ ਨੌਜਵਾਨ ਭੀਮ ਟਾਂਕ ਦੀਆਂ ਵੀ ਇਸੇ ਤਰ੍ਹਾਂ ਹੀ ਲੱਤਾਂ ਵੱਢ ਦਿੱਤੀਆਂ ਗਈਆਂ ਸਨ ਅਤੇ ਕਤਲ ਕੀਤਾ ਗਿਆ ਸੀ। ਸ੍ਰੀ ਕੁੰਭੜਾ ਨੇ ਕਿਹਾ ਕਿ ਉਕਤ ਘਟਨਾਵਾਂ ਨੇ ਇਸ ਗੱਲ ਉਤੇ ਮੁਹਰ ਲਗਾ ਕੇ ਰੱਖ ਦਿੱਤੀ ਹੈ ਕਿ ਪੰਜਾਬ ਵਿਚ ਅਕਾਲੀਆਂ ਅਤੇ ਕਾਂਗਰਸੀਆਂ ਦੇ ਮਨਾਂ ਵਿਚ ਦਲਿਤਾਂ ਪ੍ਰਤੀ ਕੋਈ ਰਹਿਮ ਨਹੀਂ ਹੈ। ਇਸ ਲਈ ਸਮੁੱਚੇ ਪੰਜਾਬ ਦੀਆਂ ਦਲਿਤ ਜਥੇਬੰਦੀਆਂ ਨੂੰ ਇਨ੍ਹਾਂ ਰਵਾਇਤੀ ਸਿਆਸੀ ਪਾਰਟੀਆਂ ਖਿਲਾਫ਼ ਇੱਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਲਿਤਾਂ ਉਤੇ ਅੱਤਿਆਚਾਰ ਵੱਧਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਐਸ.ਸੀ. ਕਮਿਸ਼ਨ ਵੱਲੋਂ ਸਮੇਂ ਸਮੇਂ ’ਤੇ ਜਾਰੀ ਕੀਤੇ ਜਾਣ ਵਾਲੇ ਹੁਕਮਾਂ ਨੂੰ ਨਾ ਤਾਂ ਪੁਲਿਸ ਪ੍ਰਸ਼ਾਸਨ ਮੰਨਦਾ ਹੈ ਅਤੇ ਨਾ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਇਨ੍ਹਾਂ ਹੁਕਮਾਂ ਦੀ ਕੋਈ ਪ੍ਰਵਾਹ ਕਰਦੇ ਹਨ। ਸ੍ਰੀ ਬਲਵਿੰਦਰ ਸਿੰਘ ਨੇ ਮਨੱੁਖੀ ਅਧਿਕਾਰ ਕਮਿਸ਼ਨ ਉੱਤੇ ਤਕੜੀ ਚੋਟ ਮਾਰਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਚਿੰਗਾਲੀਵਾਲ ਨਿਵਾਸੀ ਜੱਗੂ ਦੇ ਕਤਲ ਕੇਸ ਵਿਚ ਮਨੱੁਖੀ ਅਧਿਕਾਰ ਕਮਿਸ਼ਨ ਵੱਲੋਂ ਕੋਈ ਨੋਟਿਸ ਨਹੀਂ ਲਿਆ ਗਿਆ ਹੈ ਜਦਕਿ ਇਸ ਕਮਿਸ਼ਨ ਦੀ ਵਾਗਡੋਰ ਇੱਕ ਬਹੁਤ ਹੀ ਰਿਟਾਇਰਡ ਸੀਨੀਅਰ ਪੁਲਿਸ ਅਧਿਕਾਰੀ ਦੇ ਹੱਥ ਸੌਂਪੀ ਹੋਈ ਹੈ ਅਤੇ ਉਨ੍ਹਾਂ ਨੂੰ ਸਾਰੇ ਕਾਇਦੇ ਕਾਨੂੰਨਾਂ ਬਾਰੇ ਪਤਾ ਵੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ