Nabaz-e-punjab.com

ਮੁਹਾਲੀ ਦੀ ਗੱਤਾ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ, ਜਾਨੀ ਨੁਕਸਾਨ ਤੋਂ ਬਚਾਅ

ਐਸਡੀਐਮ ਜਗਦੀਪ ਸਹਿਗਲ ਨੇ ਵੀ ਮੌਕੇ ’ਤੇ ਪਹੁੰਚੇ, ਅਗਨੀਕਾਂਡ ਦਾ ਜਾਇਜ਼ਾ ਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਇੱਥੋਂ ਦੇ ਸਨਅਤੀ ਖੇਤਰ ਫੇਜ਼-8ਬੀ ਵਿੱਚ ਸਥਿਤ ਗੱਤਾ ਫੈਕਟਰੀ ਵਿੱਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਪ੍ਰੰਤੂ ਇਸ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਵਾ 6 ਕੁ ਵਜੇ ਸੰਚਿਤ ਇੰਡਸਟਰੀ ਨਾਮੀ ਗੱਤਾ ਫੈਕਟਰੀ ਦੇ ਕਰਮਚਾਰੀਆਂ ਨੇ ਧੂੰਆਂ ਨਿਕਲਦਾ ਦੇਖਿਆ ਅਤੇ ਉਨ੍ਹਾਂ ਨੇ ਤੁਰੰਤ ਫੈਕਟਰੀ ਮਾਲਕ ਤੇਜਿੰਦਰ ਬਾਂਸਲ ਨੂੰ ਇਤਲਾਹ ਦਿੱਤੀ। ਹਾਦਸਾ ਗ੍ਰਸਤ ਫੈਕਟਰੀ ਵਿੱਚ ਗੱਤੇ ਦੇ ਡਿੱਬੇ ਤਿਆਰ ਕੀਤੇ ਜਾਂਦੇ ਹਨ ਅਤੇ ਇੱਥੇ ਪ੍ਰਿੰਟਿੰਗ ਪ੍ਰੈੱਸ ਦਾ ਵੀ ਕੰਮ ਹੁੰਦਾ ਹੈ। ਉਨ੍ਹਾਂ ਤੁਰੰਤ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ, ਪ੍ਰੰਤੂ ਫੈਕਟਰੀ ਮਾਲਕ ਅਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਅੱਗ ਪੂਰੀ ਤਰ੍ਹਾਂ ਭੜਕ ਚੁੱਕੀ ਸੀ ਅਤੇ ਸੰਘਣਾ ਧੂੰਆਂ ਕਾਫੀ ਦੂਰ ਤੱਕ ਫੈਲ ਗਿਆ। ਅੱਗ ਏਨੀ ਭਿਆਨਕ ਸੀ ਨਾਲ ਲੱਗਦੀਆਂ ਦੋ ਹੋਰ ਫੈਕਟਰੀਆਂ (ਡੀ-216 ਅਤੇ ਡੀ-218) ਤੱਕ ਵੀ ਅੱਗ ਪਹੁੰਚ ਗਈ ਸੀ। ਲੇਕਿਨ ਮੁਹਾਲੀ ਫਾਇਰ ਬ੍ਰਿਗੇਡ ਦੀ ਟੀਮ ਦੀ ਮੁਸਤੈਦੀ ਕਾਰਨ ਅੱਗ ਨੂੰ ਹੋਰ ਅੱਗੇ ਵਧਣ ਤੋਂ ਰੋਕ ਲਿਆ ਗਿਆ।
ਉਧਰ, ਮੁਹਾਲੀ ਦੇ ਫਾਇਰ ਅਫ਼ਸਰ ਕਰਮ ਚੰਦ ਸੂਦ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਅੱਜ ਸਵੇਰੇ 6:35 ਵਜੇ ਗੱਤਾ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਤੁਰੰਤ ਚਾਰ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਜ਼ਿਆਦਾ ਫੈਲੀ ਹੋਣ ਕਾਰਨ ਮੁੱਖ ਸੜਕ ਵਾਲੇ ਪਾਸਿਓਂ ਫੈਕਟਰੀ ਦੀ ਕੰਧ ਤੋੜਨੀ ਪਈ ਅਤੇ ਛੇ ਹੋਰ ਫਾਇਰ ਟੈਂਡਰ ਮੰਗਵਾਏ ਗਏ। ਇਸ ਦੌਰਾਨ ਵਾਰੋ ਵਾਰੀ ਕੁਆਰਕ ਸਿਟੀ ਅਤੇ ਗੋਦਰੇਜ ਫੈਕਟਰੀ ਅਤੇ ਮੁਹਾਲੀ ਫਾਇਰ ਦਫ਼ਤਰ ’ਚੋਂ ਪਾਣੀ ਦੇ ਟੈਂਕਰ ਭਰੇ ਜਾਂਦੇ ਰਹੇ। ਇਸ ਤਰ੍ਹਾਂ ਅੱਗ ਬੁਝਾਉਣ ਲਈ ਸ਼ਾਮ ਤੱਕ ਕਰੀਬ 25 ਫਾਇਰ ਟੈਂਡਰ ਲੱਗ ਚੁੱਕੇ ਸਨ। ਖ਼ਬਰ ਲਿਖੇ ਜਾਣ ਤੱਕ ਦੇਰ ਸ਼ਾਮ 7 ਵਜੇ ਤੱਕ ਵੀ ਫੈਕਟਰੀ ਅੰਦਰ ਅੱਗ ਸੁਲਗ ਰਹੀ ਸੀ। ਜਿਸ ਕਾਰਨ ਦੋ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਫੈਕਟਰੀ ਵਿੱਚ ਪਿਆ ਸਮਾਨ ਬਾਹਰ ਕੱਢਿਆ ਗਿਆ। ਉਂਜ ਅੱਗ ’ਤੇ ਕਾਬੂ ਪਾਉਣ ਲਈ ਡੇਰਾਬੱਸੀ ਤੋਂ ਇੱਕ ਅਤੇ ਚੰਡੀਗੜ੍ਹ ਤੋਂ ਵੀ 18 ਹਜ਼ਾਰ ਲੀਟਰ ਸਮਰਥਾ ਵਾਲੇ ਦੋ ਫਾਇਰ ਟੈਂਡਰ (ਬੂਜਰ) ਮੰਗਵਾਏ ਗਏ।
ਸ੍ਰੀ ਸੂਦ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਪ੍ਰੰਤੂ ਮੁੱਢਲੀ ਜਾਂਚ ਵਿੱਚ ਸ਼ਾਟ ਸਰਕਟ ਨਾਲ ਅੱਗ ਲੱਗੀ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਸਬੰਧੀ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ।
ਉਧਰ, ਗੱਤਾ ਫੈਕਟਰੀ ਸੰਚਿਤ ਇੰਡਸਟਰੀ ਦੇ ਮਾਲਕ ਤੇਜਿੰਦਰ ਬਾਂਸਲ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਇਸ ਫੈਕਟਰੀ ਵਿੱਚ ਗੱਤੇ ਦੇ ਡੱਬੇ ਬਣਾਉਣ ਦਾ ਕੰਮ ਕਰ ਰਹੇ ਹਨ ਅਤੇ ਫੈਕਟਰੀ ਵਿੱਚ ਅੱਗ ਲੱਗਣ ਨਾਲ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪ੍ਰੰਤੂ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹੋਰ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਵੱਲੋਂ ਮੌਕੇ ’ਤੇ ਚਾਰ ਫਾਇਰ ਟੈਂਡਰ ਖੜੇ ਕੀਤੇ ਹੋਏ ਹਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…