nabaz-e-punjab.com

ਮੁਹਾਲੀ ਸ਼ਹਿਰ ਦੇ ਪਾਰਕਾਂ ਵਿੱਚ ਗੰਦਗੀ ਕਾਰਨ ਬਿਮਾਰੀ ਫੈਲਣ ਦਾ ਖਤਰਾ

ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਤੁਰੰਤ ਪ੍ਰਭਾਵ ਨਾਲ ਸ਼ੁਰੂ ਹੋਵੇਗਾ: ਮੇਅਰ ਕੁਲਵੰਤ ਸਿੰਘ

ਅਕਾਲੀ ਕੌਂਸਲਰ ਪਰਮਜੀਤ ਕਾਹਲੋਂ ਨੇ ਲਾਇਆ ਵਿਧਾਇਕ ਸਿੱਧੂ ’ਤੇ ਵਿਕਾਸ ਕੰਮਾਂ ਵਿੱਚ ਅੜਿੱਕੇ ਖੜੇ ਕਰਨ ਦਾ ਦੋਸ਼

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਬੀਤੀ 1 ਜੂਨ ਤੋਂ ਸ਼ਹਿਰ ਦੇ ਸਾਰੇ ਪਾਰਕਾਂ ਦੀ ਸਫਾਈ ਅਤੇ ਸਾਂਭ ਸੰਭਾਲ ਦਾ ਕੰਮ ਨਗਰ ਨਿਗਮ ਦੇ ਹਵਾਲੇ ਕੀਤਾ ਜਾ ਚੁੱਕਿਆ ਹੈ ਅਤੇ ਨਗਰ ਨਿਗਮ ਵੱਲੋਂ ਵੀ ਇਹਨਾਂ ਪਾਰਕਾਂ ਦੀ ਸਾਂਭ ਸੰਭਾਲ ਅਤੇ ਸਫਾਈ ਦਾ ਕੰਮ ਠੇਕੇ ਤੇ ਦੇਣ ਦੀ ਕਾਰਵਾਈ ਮੁਕੰਮਲ ਕਰਕੇ ਇਸ ਸਬੰਧੀ ਠੇਕੇਦਾਰਾਂ ਨੂੰਜ਼ਵਰਕ ਆਰਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ ਪ੍ਰੰਤੂ ਇਹਨਾਂ ਠੇਕੇਦਾਰਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਫੇਜਾਂ ਵਿੱਚ ਬਣੇ ਪਾਰਕਾਂ ਦੀ ਸਾਂਭ ਸੰਭਾਲ ਅਤੇ ਸਫਾਈ ਦਾ ਕੰਮ ਸ਼ੁਰੂ ਨਾ ਕੀਤੇ ਜਾਣ ਕਾਰਨ ਜਿਥੇ ਪਾਰਕਾਂ ਦੀ ਹਾਲਤ ਬਦਹਾਲ ਹੋ ਰਹੀ ਹੈ ਉਥੇ ਇਹਨਾਂ ਵਿੱਚ ਗੰਦਗੀ ਦੇ ਢੇਰ ਲੱਗ ਗਏ ਹਨ। ਬਰਸਾਤਾਂ ਦਾ ਮੌਸਮ ਸਿਰ ’ਤੇ ਹੋਣ ਅਤੇ ਪਿਛਲੇ ਦਿਨੀਂ ਪਈ ਤੇਜ ਬਰਸਾਤ ਕਾਰਣ ਪਾਰਕਾਂ ਵਿੱਚ ਇੱਕਠੇ ਹੋਏ ਕੂੜੇ ਦੇ ਇਹਨਾਂ ਢੇਰਾਂ ਵਿੱਚ ਸੀਲਨ ਭਰੀ ਬਦਬੂ ਪੈਦਾ ਹੋ ਰਹੀ ਹੈ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਬਿਮਾਰੀ ਦਾ ਖਤਰਾ ਬਣ ਰਿਹਾ ਹੈ।
ਇਸ ਸਬੰਧੀ ਅਕਾਲੀ ਦਲ ਦੇ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਉਹਨਾਂ ਦੇ ਵਾਰਡ ਵਿਚਲੇ ਸਾਰੇ ਹੀ ਪਾਰਕਾਂ ਵਿੱਚ ਪਿਛਲੇ ਇੱਕ ਮਹੀਨੇ ਤੋਂ ਸਫਾਈ ਨਹੀਂ ਕਰਵਾਈ ਗਈ, ਜਿਸ ਕਾਰਨ ਇੱਥੇ ਕੂੜਾ ਸੜਣ ਲੱਗ ਪਿਆ ਹੈ। ਉਹਨਾਂ ਕਿਹਾ ਕਿ ਜਦੋਂ ਨਗਰ ਨਿਗਮ ਵੱਲੋਂ ਪਾਰਕਾਂ ਦੀ ਸਾਂਭ ਸੰਭਾਲ ਅਤੇ ਸਫਾਈ ਲਈ ਠੇਕੇਦਾਰ ਨੂੰ ਵਰਕ ਆਰਡਰ ਜਾਰੀ ਹੋ ਗਿਆ ਹੈ ਤਾਂ ਫਿਰ ਇਹ ਕੰਮ ਕਿਉਂ ਬੰਦ ਹੈ ਅਤੇ ਇਸ ਸਬੰਧੀ ਠੇਕੇਦਾਰ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਜਾਣਬੁੱਝ ਕੇ ਨਿਗਮ ਵਿੱਚ ਗਲਤ ਦਖ਼ਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਨੇ ਗਮਾਡਾ ਨੂੰ ਪੱਤਰ ਲਿਖ ਕੇ ਸਾਰੇ ਪਾਰਕ ਆਪਣੇ ਕੋਲ ਰੱਖਣ ਲਈ ਕਹਿਣ ਤੋਂ ਬਾਅਦ ਠੇਕੇਦਾਰਾਂ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਹਨ।
ਸਥਾਨਕ ਫੇਜ਼-6 ਦੇ ਕੌਂਸਲਰ ਆਰ ਪੀ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੇ ਵਾਰਡ ਵਿਚਲੇ ਪਾਰਕ ਵੀ ਮੰਦਹਾਲੀ ਦਾ ਸ਼ਿਕਾਰ ਹਨ ਅਤੇ ਠੇਕੇਦਾਰ ਵੱਲੋਂ ਸਾਫ ਸਫਾਈ ਨਾ ਕਰਵਾਏ ਜਾਣ ਕਾਰਨ ਉਹਨਾਂ ਵਿੱਚ ਕੂੜੇ ਦੇ ਢੇਰ ਲੱਗੇ ਪਏ ਹਨ। ਇਸ ਤੋਂ ਇਲਾਵਾ ਪਾਰਕਾਂ ਵਿੱਚ ਘਾਹ ਅਤੇ ਜੰਗਲ ਬੂਟੀ ਵੀ ਵੱਧ ਗਈ ਹੈ। ਜਿਸ ਵਿੱਚ ਸੱਪ ਜਾਂ ਹੋਰ ਵਿਸ਼ੈਲੇ ਜੰਤੂਆਂ ਦਾ ਖਤਰਾ ਹੁੰਦਾ ਹੈ। ਉਹਨਾਂ ਕਿਹਾ ਕਿ ਗਮਾਡਾ ਵੱਲੋਂ ਸ਼ਹਿਰ ਦੇ ਪਾਰਕਾਂ ਨੂੰ ਨਗਰ ਨਿਗਮ ਦੇ ਅਧੀਨ ਲਿਆ ਦਿੱਤਾ ਗਿਆ ਹੈ ਪ੍ਰੰਤੂ ਗਮਾਡਾ ਵੱਲੋਂ ਇਸ ਸਬੰਧੀ ਨਿਗਮ ਨੂੰ ਦਿੱਤੀ ਜਾਣ ਵਾਲੀ ਰਕਮ (50 ਕਰੋੜ ਰੁਪਏ) ਜਾਰੀ ਨਹੀਂ ਕੀਤੇ ਗਏ ਸਨ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਸਿੱਧੂ ਵੱਲੋਂ ਇਸ ਸਬੰਧੀ ਗਮਾਡਾ ਨੂੰ ਪੱਤਰ ਲਿਖਿਆ ਗਿਆ ਸੀ ਕਿ ਗਮਾਡਾ ਵੱਲੋਂ ਪਾਰਕਾਂ ਨੂੰ ਨਿਗਮ ਦੇ ਹਵਾਲੇ ਨਾ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਗਮਾਡਾ ਵੱਲੋਂ ਨਿਗਮ ਨੂੰ ਕੀਤੀ ਜਾਣ ਵਾਲੀ ਰਕਮ ਦੀ ਅਦਾਇਗੀ ਰੋਕ ਲਈ ਗਈ ਹੈ। ਜਿਸ ਕਾਰਨ ਪਾਰਕਾਂ ਦਾ ਕੰਮ ਰੁਕਿਆ ਹੋਇਆ ਹੈ। ਨਗਰ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਕਹਿੰਦੇ ਹਨ ਕਿ ਨਗਰ ਨਿਗਮ ਵੱਲੋੱ ਠੇਕੇਦਾਰ ਨੂੰ ਵਰਕ ਆਰਡਰ ਜਾਰੀ ਕੀਤੇ ਜਾਣ ਦੇ ਬਾਵਜੂਦ ਠੇਕੇਦਾਰ ਵਲੋੱ ਕੰਮ ਚਾਲੂ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਆ ਰਹੀ ਹੈ।
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਗਮਾਡਾ ਵੱਲੋਂ ਪਾਰਕਾਂ ਨੂੰ ਨਗਰ ਨਿਗਮ ਦੇ ਅਧੀਨ ਕੀਤੇ ਜਾਣ ਤੋਂ ਬਾਅਦ ਨਿਗਮ ਵੱਲੋੱ ਇਹ ਕੰਮ ਸੰਭਾਲਣ ਵਾਲੇ ਠੇਕੇਦਾਰਾਂ ਨੂੰ ਕੁਝ ਦਿਨ ਪਹਿਲਾਂ ਹੀ ਵਰਕ ਆਰਡਰ ਜਾਰੀ ਕੀਤਾ ਗਿਆ ਹੈ ਅਤੇ ਠੇਕੇਦਾਰ ਨੂੰ ਪਹਿਲਾਂ ਵੱਡੇ ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਹੁਣੇ ਵਰਕ ਆਰਡਰ ਜਾਰੀ ਹੋਏ ਨੂੰ ਤਿੰਨ-ਚਾਰ ਦਿਨ ਹੀ ਹੋਏ ਹਨ ਅਤੇ ਛੇਤੀ ਹੀ ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਆਰੰਭ ਹੋ ਜਾਵੇਗਾ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਨਿਗਮ ਦੇ ਮੇਅਰ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਪਾਰਕਾਂ ਦੀ ਸਾਂਭ ਸੰਭਾਲ ਲਈ ਲੋੜੀਂਦੀ ਕਾਰਵਾਈ ਕਰ ਰਿਹਾ ਹੈ ਅਤੇ ਇਸ ਸਬੰਧੀ ਠੇਕੇਦਾਰਾਂ ਨੂੰ ਵਰਕ ਆਰਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਪਾਰਕਾਂ ਦੀ ਸਾਂਭ ਸੰਭਾਲ ਦਾ ਕੰਮ ਤੁਰੰਤ ਸ਼ੁਰੂ ਹੋਵੇ ਅਤੇ ਇਸ ਸਬੰਧੀ ਕਿਸੇ ਕਿਸਮ ਦੀ ਕੁਤਾਹੀ ਨਾ ਹੋਵੇ। ਉਨ੍ਹਾਂ ਬੜੇ ਦਾਅਵੇ ਨਾਲ ਕਿਹਾ ਕਿ ਸ਼ਹਿਰ ਦੇ ਸਾਰੇ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਾਰਕਾਂ ਦੇ ਠੇਕੇ ਵਿੱਚ ਇਹ ਸ਼ਰਤ ਵੀ ਸ਼ਾਮਲ ਕੀਤੀ ਗਈ ਹੈ ਕਿ ਪਾਰਕ ਦੇ ਸਾਹਮਣੇ ਪੈਂਦੇ ਘੱਟੋ ਘੱਟ ਘਰਾਂ ਦੇ 2 ਮਹੋਤਬਰ ਵਿਅਕਤੀਆਂ ਅਤੇ ਵਾਰਡ ਦੇ ਐਮ.ਸੀ. ਤੋਂ ਕੰਮ ਦੇ ਤਸੱਲੀਬਖ਼ਸ਼ ਹੋਣ ਦੀ ਰਿਪੋਰਟ ਮਿਲਣ ਤੋਂ ਬਅਦ ਹੀ ਉਸ ਨੂੰ ਅਦਾਇਗੀ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …