ਦੀਵੇ ਥੱਲੇ ਹਨੇਰਾ: ਡੀਸੀ ਦਫ਼ਤਰ ਦੇ ਬਾਹਰ ਖੁੱਲ੍ਹਾ ਮੇਨਹੋਲ ਦੇ ਰਿਹਾ ਹਾਦਸਿਆਂ ਨੂੰ ਸੱਦਾ

ਮੁਲਾਜ਼ਮ ਆਗੂ ਗੁਰਵਿੰਦਰ ਸਿੰਘ ਦੀ ਖੱਡੇ ’ਚ ਡਿੱਗ ਕੇ ਲੱਤ ਟੁੱਟੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ:
ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਸੀ ਦਫ਼ਤਰ) ਦੇ ਬਾਹਰ ਖੁੱਲ੍ਹਾ ਮੇਨਹੋਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਸਿੱਖਿਆ ਵਿਭਾਗ ਦੇ ਸੇਵਾਮੁਕਤ ਮੁਲਾਜ਼ਮ ਆਗੂ ਹਰਨੇਕ ਸਿੰਘ ਮਾਵੀ ਨੇ ਕਿਹਾ ਕਿ ਪਿਛਲੇ ਦਿਨੀਂ ਧਰਨਾ ਪ੍ਰਦਰਸ਼ਨ ਦੌਰਾਨ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਜਾਣ ਸਮੇਂ ਇੱਕ ਮੁਲਾਜ਼ਮ ਇਸ ਖੱਡੇ ਵਿੱਚ ਡਿੱਗ ਜਾਣ ਕਾਰਨ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ। ਜਲ ਸਰੋਤ ਵਿਭਾਗ ਦੇ ਮੁਲਾਜ਼ਮ ਆਗੂ ਗੁਰਵਿੰਦਰ ਸਿੰਘ ਦੀ ਲੱਤ ਟੁੱਟ ਗਈ ਹੈ ਅਤੇ ਉਹ (ਮਾਵੀ) ਖ਼ੁਦ ਵੀ ਇਸ ਖੱਡੇ ਵਿੱਚ ਡਿੱਗ ਕੇ ਹਾਦਸੇ ਦਾ ਸਿਕਾਰ ਹੋ ਚੁੱਕਾ ਹੈ।
ਹਰਨੇਕ ਸਿੰਘ ਮਾਵੀ ਨੇ ਕਿਹਾ ਕਿ ‘ਦੀਵੇ ਥੱਲੇ ਹਨੇਰਾ’ ਇਹ ਕਹਾਵਤ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਖੁੱਲ੍ਹਾ ਪਿਆ ਮੇਨਹੋਲ ’ਤੇ ਪੂਰੀ ਤਰ੍ਹਾਂ ਢੁਕਦੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਹਿਰ ਅਤੇ ਇਲਾਕੇ ਦੇ ਲੋਕ ਆਪਣੇ ਕੰਮਾਂ ਕਾਰਾਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਉਂਦੇ ਹਨ ਅਤੇ ਰੋਸ ਮੁਜ਼ਾਹਰੇ ਵੀ ਹੁੰਦੇ ਰਹਿੰਦੇ ਹਨ। ਅਜਿਹੇ ਵਿੱਚ ਬੇਧਿਆਨੀ ਕਾਰਨ ਕਈ ਵਾਰ ਲੋਕ ਇਸ ਖੁੱਲ੍ਹੇ ਮੇਨਹੋਲ ਵਿੱਚ ਡਿੱਗ ਕੇ ਹਾਦਸਿਆਂ ਦਾ ਸਿਕਾਰ ਹੋ ਚੁੱਕੇ ਹਨ। ਮੁਲਾਜ਼ਮ ਆਗੂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਖੁੱਲ੍ਹੇ ਪਏ ਮੇਨਹੋਲ ਨੂੰ ਤੁਰੰਤ ਢਕਿਆ ਜਾਵੇ ਤਾਂ ਜੋ ਲੋਕਾਂ ਦਾ ਕਿਸੇ ਗੰਭੀਰ ਸੱਟ ਫੇਟ ਤੋਂ ਬਚਾਅ ਹੋ ਸਕੇ।
ਉਧਰ, ਡੀਸੀ ਦਫ਼ਤਰ ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਕਿਸਾਨਾਂ ਦੇ ਮੋਹਰੀ ਆਗੂ ਰਣਬੀਰ ਸਿੰਘ ਗਰੇਵਾਲ ਅਤੇ ਗੁਰਮੁੱਖ ਸਿੰਘ ਨਿਊ ਲਾਂਡਰਾਂ ਨੇ ਕਿਹਾ ਕਿ ਉਹ ਵੀ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਖੱਡੇ ’ਤੇ ਢੱਕਣ ਰੱਖਣ ਦੀ ਗੁਹਾਰ ਲਗਾ ਚੁੱਕੇ ਹਨ ਲੇਕਿਨ ਹੁਣ ਤੱਕ ਇਸ ਖੁੱਲ੍ਹੇ ਮੇਨਹੋਲ ’ਤੇ ਢੱਕਣ ਨਹੀਂ ਰੱਖਿਆ ਜਾ ਸਕਿਆ। ਉਨ੍ਹਾਂ ਮੰਗ ਕੀਤੀ ਕਿ ਸੜਕ ਕਿਨਾਰੇ ਇਸ ਖੁੱਲ੍ਹੇ ਮੇਨਹੋਲ ਨੂੰ ਤੁਰੰਤ ਢਕਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…