
ਦਰਸ਼ਨ ਸਿੰਘ ਬਨੂੜ ਦੀ ਪੁਸਤਕ ‘ਯਾਤਰਾਵਾਂ ਦੇ ਰੰਗ’ ਲੋਕ ਅਰਪਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਮੰਗਲਵਾਰ ਨੂੰ ‘ਦਰਸ਼ਨ ਸਿੰਘ ਬਨੂੜ’ ਵੱਲੋਂ ਰਚਿਤ ਪੁਸਤਕ ‘ਯਾਤਰਾਵਾਂ ਦੇ ਰੰਗ’ ਇੱਕ ਸਾਦੇ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਦਰਸ਼ਨ ਸਿੰਘ ਦੀ ਇਸ ਪੁਸਤਕ ਵਿੱਚ 28 ਸੈਰਗਾਹਾਂ ਦਾ ਵਿਸਤ੍ਰਿਤ ਬ੍ਰਿਤਾਂਤ ਹੈ, ਜਿਨ੍ਹਾਂ ’ਚੋਂ ਅਠਾਰਾਂ ਯਾਤਰਾਵਾਂ ਹਿਮਾਚਲ ਪ੍ਰਦੇਸ਼ ਅਤੇ ਉਤਰਾਂਚਲ ਪ੍ਰਦੇਸ਼ ਨਾਲ ਅਤੇ 10 ਥਾਵਾਂ ਰਾਜਸਥਾਨ ਅਤੇ ਭਾਰਤ ਦੇ ਸਮੁੰਦਰ ਤੱਟੀ ਪ੍ਰਦੇਸ਼ਾਂ ਨਾਲ ਸਬੰਧਤ ਹਨ। ਦਰਸ਼ਨ ਬਨੂੜ ਵੱਲੋਂ ਲਿਖੀ ਗਈ ਇਹ ਪੰਦਰਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਤਿੰਨ ਗਜ਼ਲ ਸੰਗ੍ਰਹਿ, ਇੱਕ ਕਾਵਿ ਸੰਗ੍ਰਹਿ ਤੋਂ ਇਲਾਵਾ ਤਕਰੀਬਨ ਇੱਕ ਦਰਜਨ ਬਾਲ ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ।
ਦਰਸ਼ਨ ਸਿੰਘ ਬਨੂੜ ਮੌਜੂਦਾ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਆਪਣੀਆਂ ਸੁਪਰਡੈਂਟ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਇੰਚਾਰਜ ਲੋਕ ਸੰਪਰਕ ਦਫ਼ਤਰ ਅਤੇ ਬਾਲ ਰਸਾਲਿਆਂ ਪੰਖੜੀਆਂ ਅਤੇ ਪ੍ਰਾਇਮਰੀ ਸਿੱਖਿਆ ਦੇ ਸੰਪਾਦਕ ਦੀਆਂ ਸੌਪਣੀਆਂ ਵੀ ਨਿਭਾ ਰਹੇ ਹਨ। ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਪੁਸਤਕ ਨੂੰ ਲੋਕ ਅਰਪਣ ਕਰਦਿਆਂ ਦਰਸ਼ਨ ਸਿੰਘ ਬਨੂੜ ਦੇ ਅਦਾਰੇ ਦਾ ਹਿੱਸਾ ਹੋਣ ਤੇ ਮਾਣ ਦਾ ਪ੍ਰਗਟਾਵਾ ਕੀਤਾ। ਸਮਾਗਮ ਵਿੱਚ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਕਿਹਾ ਕਿ ਦਰਸ਼ਨ ਸਿੰਘ ਬਨੂੜ ਇੱਕ ਵਧੀਆ ਸਾਹਿਤਕਾਰ ਹੋਣ ਦੇ ਨਾਲ-ਨਾਲ ਇੱਕ ਵਧੀਆ ਇਨਸਾਨ ਵੀ ਹੈ।
ਇਸ ਮੌਕੇ ਪੁਆਧੀ ਖ਼ੇਤਰ ਦੀ ਮਹਾਨ ਸ਼ਖ਼ਸ਼ੀਅਤ ਡਾ. ਗੁਰਮੀਤ ਸਿੰਘ ਬੈਦਵਾਨ ਵੀ ਮੌਜੂਦ ਸਨ। ਡਾ. ਬੈਦਵਾਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਦਰਸ਼ਨ ਸਿੰਘ ਬਨੂੜ ਸਾਡੇ ਪੁਆਧ ਖ਼ੇਤਰ ਦੇ ਭਵਿੱਖ ਦਾ ਰੌਸ਼ਨ ਚਿਰਾਗ਼ ਹੈ। ਭਵਿੱਖ ਵਿੱਚ ਵੀ ਸਾਨੂੰ ਇਸ ਤੋਂ ਬਹੁਤ ਉਮੀਦਾਂ ਹਨ। ਅੰਤ ਵਿੱਚ ਦਰਸ਼ਨ ਸਿੰਘ ਬਨੂੜ ਨੇ ਸਾਰਿਆਂ ਦਾ ਧੰਨਵਾਦ ਕੀਤਾ।