Share on Facebook Share on Twitter Share on Google+ Share on Pinterest Share on Linkedin ਜਥੇਦਾਰਾਂ ਦੀ ਨਾਲਾਇਕੀ: ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਬਿਧਾ ਵਿੱਚ ਹੈ ਸੰਗਤ: ਅਖੰਡ ਕੀਰਤਨੀ ਜਥਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 16 ਨਵੰਬਰ: ਮੂਲ ਨਾਨਕਸ਼ਾਹੀ ਕੈਲੰਡਰ ਅਤੇ ਬਿਕਰਮੀ ਕੈਲੰਡਰ ਨੂੰ ਲੈ ਕੇ ਇਸ ਵਾਰ ਦਸ਼ਮੇਸ਼ ਪਿਤਾ ਅਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਬਾਰੇ ਪੰਥ ਵਿੱਚ ਪੈਦਾ ਹੋਈ ਦੁਬਿਧਾ ਨੂੰ ਅਖੰਡ ਕੀਰਤਨੀ ਜਥੇ ਨੇ ਤਖ਼ਤ ਸਾਹਿਬਾਨ ਦੇ ਮੌਜੂਦਾ ਜਥੇਦਾਰਾਂ ਦੀ ਨਾਲਾਇਕੀ ਦਾ ਸਿੱਟਾ ਕਰਾਰ ਦਿੱਤਾ ਹੈ। ਸਿੱਖਾਂ ਦੀ ਨੁਮਾਇੰਦਾ ਜਮਾਤ ਅਖੰਡ ਕੀਰਤਨੀ ਜਥਾ ਦੇ ਮੁੱਖ ਬੁਲਾਰੇ ਭਾਈ ਆਰ.ਪੀ. ਸਿੰਘ ਨੇ ਕਿਹਾ ਕਿ ਆਰਐਸਐਸ ਦੇ ਪ੍ਰਭਾਵ ਹੇਠਾਂ ਤਖ਼ਤ ਸਾਹਿਬਾਨ ’ਤੇ ਕਾਬਜ਼ ਜਥੇਦਾਰਾਂ ਨੇ ਸਿੱਖਾਂ ਦੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜਿਆਂ ਸਬੰਧੀ ਤਰੀਕਾਂ ਦਾ ਇੰਨਾ ਮਿਲਗੋਭਾ ਪੈਦਾ ਕਰ ਦਿੱਤਾ ਹੈ ਕਿ ਇਸ ਵਾਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ 25 ਦਸੰਬਰ ਨੂੰ ਮਨਾਉਣ ਲਈ ਪੰਥ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਗੁਰੂ ਪੰਥ ਦੇ ਸਿਧਾਂਤਾਂ ਤੇ ਮਰਯਾਦਾ ਦੀ ਪਹਿਰੇਦਾਰੀ ਛੱਡ ਕੇ ਅਕਾਲੀ ਦਲ ਬਾਦਲ ਪਰਿਵਾਰ ਦੀ ਚਾਕਰੀ ਕਰਨ ਵਿਚ ਰੁੱਝੇ ਹੋਏ ਹਨ ਅਤੇ ਇਸੇ ਕਾਰਨ ਹੀ ਆਰ.ਐਸ.ਐਸ. ਵਾਇਆ ਬਾਦਲ ਪਰਿਵਾਰ ਤਖ਼ਤਾਂ ਦੇ ਜਥੇਦਾਰਾਂ ਤੋਂ ਸਿੱਖ ਕੌਮ ਲਈ ਮਾਰੂ ਸਾਬਤ ਹੋਣ ਵਾਲੇ ਫੈਸਲੇ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਖੁਦ ਐਲਾਨ ਕੀਤਾ ਸੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 25 ਦਸੰਬਰ ਦੀ ਬਜਾਏ 5 ਜਨਵਰੀ ਨੂੰ ਮਨਾਇਆ ਜਾਵੇ ਪਰ ਮੁੜ ਆਰਐਸਐਸ ਦੇ ਦਬਾਅ ਹੇਠ ਜਥੇਦਾਰਾਂ ਵੱਲੋਂ ਕੌਮ ਨੂੰ ਦਸਮ ਪਿਤਾ ਦਾ ਪ੍ਰਕਾਸ਼ ਪੁਰਬ ਵੀ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ 25 ਦਸੰਬਰ ਨੂੰ ਹੀ ਮਨਾਉਣ ਲਈ ਗੁੰਮਰਾਹਕੁੰਨ ਆਦੇਸ਼ ਦਿੱਤਾ ਗਿਆ ਹੈ। ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਥੋੜ੍ਹੀ ਹੈ। ਭਾਈ ਆਰ.ਪੀ. ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗੀ ਮੁਆਫ਼ੀ ਦੇਣ ਤੋਂ ਬਾਅਦ ਹੀ ਮੌਜੂਦਾ ਜਥੇਦਾਰ ਕੌਮ ਦਾ ਭਰੋਸਾ ਗੁਆ ਚੁੱਕੇ ਹਨ। ਜਿਸ ਕਰਕੇ ਨੈਤਿਕ ਤੌਰ ’ਤੇ ਉਨ੍ਹਾਂ ਦਾ ਸਿੱਖ ਕੌਮ ਨੂੰ ਕੋਈ ਆਦੇਸ਼/ਸੰਦੇਸ਼ ਦੇਣ ਦਾ ਕੋਈ ਹੱਕ ਨਹੀਂ ਰਹਿੰਦਾ ਅਤੇ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਤਰੀਕ ਸਬੰਧੀ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੇ ਇਨ੍ਹਾਂ ਅਖੌਤੀ ਜਥੇਦਾਰਾਂ ਤੋਂ ਸੰਗਤ ਸੁਚੇਤ ਰਹੇ ਅਤੇ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅਖੰਡ ਕੀਰਤਨੀ ਜਥਾ ਸ਼ੁਰੂ ਤੋਂ ਗੁਰੂ ਪੰਥ ਦੇ ਨਿਰਾਲੇਪਨ ਤੇ ਨਿਆਰੀ ਹੋਂਦ ਦਾ ਮੁਦਈ ਰਿਹਾ ਹੈ ਤੇ ਹੁਣ ਵੀ ਸਿੱਖਾਂ ਦੀ ਵੱਖਰੀ ਹੋਂਦ ਨੂੰ ਹਿੰਦੂਤਵ ਵਿੱਚ ਜਜ਼ਬ ਕਰਨ ਦੀਆਂ ਸਾਜ਼ਿਸ਼ਾਂ ਦਾ ਡੱਟ ਕੇ ਵਿਰੋਧ ਕਰਦਾ ਰਹੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ