ਦਸਮੇਸ਼ ਨਹਿਰ: ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨਾਂ ਐਕਵਾਇਰ ਨਾ ਕਰੇ ਸਰਕਾਰ: ਸ਼ਰਮਾ
ਨਬਜ਼-ਏ-ਪੰਜਾਬ, ਮੁਹਾਲੀ, 3 ਫਰਵਰੀ:
ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪ੍ਰਸਤਾਵਿਤ ਦਸਮੇਸ਼ ਨਹਿਰ ਲਈ ਜ਼ਮੀਨ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਐਕਵਾਇਰ ਨਾ ਕੀਤੀ ਜਾਵੇ। ਅੱਜ ਇੱਥੇ ਪਿੰਡ ਚੂਹੜ ਮਾਜਰਾ ਵਿਖੇ ਨਹਿਰ ਦੇ ਵਿਰੋਧ ਵਿੱਚ ਇਕੱਤਰ ਹੋਏ ਦਰਜਨਾਂ ਲੋਕਾਂ ਸਮੇਤ ਗੱਲਬਾਤ ਕਰਦਿਆਂ ਹਰਕੇਸ਼ ਚੰਦ ਸ਼ਰਮਾ ਨੇ ਕਿਹਾ ਕਿ ਖਰੜ, ਮੁਹਾਲੀ ਤੇ ਬਨੂੜ ਖੇਤਰ ਦੇ ਜ਼ਿਆਦਾਤਰ ਕਿਸਾਨ ਪੰਜਾਬ ਸਰਕਾਰ ਦੀ ਦਸਮੇਸ਼ ਨਹਿਰ ਦੀ ਉਸਾਰੀ ਦੀ ਤਜਵੀਜ਼ ਦੇ ਹੱਕ ਵਿਚ ਨਹੀਂ ਹਨ ਕਿਉਂਕਿ ਇਨ੍ਹਾਂ ਖੇਤਰਾਂ ਦੀਆਂ ਜ਼ਮੀਨਾਂ ਪਹਿਲੋਂ ਹੀ ਸਰਕਾਰ ਨੇ ਰੇਲਵੇ ਲਾਈਨ ਅਤੇ ਭਾਰਤ ਮਾਲਾ ਸੜਕ ਪ੍ਰਾਜੈਕਟ ਵਾਸਤੇ ਬਹੁਤ ਹੀ ਘੱਟ ਰੇਟਾਂ ‘ਤੇ ਐਕਵਾਇਰ ਕੀਤੀਆਂ ਗਈਆਂ ਸਨ ਅਤੇ ਇਥੋਂ ਦੀਆਂ ਬਾਕੀ ਖੇਤੀਯੋਗ ਜ਼ਮੀਨਾਂ ਦਾ ਜ਼ਿਆਦਾਤਰ ਹਿੱਸਾ ਵੀ ਰਿਹਾਇਸ਼ੀ ਅਤੇ ਉਦਯੋਗਿਕ ਖੇਤਰ ਦੇ ਵਿਕਾਸ ਲਈ ਗਮਾਡਾ ਅਤੇ ਹੋਰ ਨਿੱਜੀ ਕੰਪਨੀਆਂ ਦੁਆਰਾ ਖਰੀਦਿਆ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਭਾਰਤ ਮਾਲਾ ਸੜਕ ਪ੍ਰਾਜੈਕਟ ਅੰਦਰ ਵੀ ਕਈ ਉਣਤਾਈਆਂ ਛੱਡੇ ਜਾਣ ਕਾਰਨ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਰਪੇਸ਼ ਆ ਰਹੀਆਂ ਹਨ ਜਿਨ੍ਹਾਂ ਦਾ ਸਬੰਧਤ ਵਿਭਾਗ ਵਲੋਂ ਕੋਈ ਹੱਲ ਵੀ ਨਹੀਂ ਕੀਤਾ ਜਾ ਰਿਹਾ। ਹੁਣ ਇਨ੍ਹਾਂ ਖੇਤਰਾਂ ਵਿਚ ਬਹੁਤ ਹੀ ਘੱਟ ਖੇਤੀਯੋਗ ਜ਼ਮੀਨ ਹੀ ਬਾਕੀ ਬਚੀ ਹੋਈ ਹੈ ਅਤੇ ਇਥੋਂ ਦੇ ਕਿਸਾਨ ਹੁਣ ਦੁਬਾਰਾ ਫੇਰ ਆਪਣੀ ਜ਼ਮੀਨ ਕੌਡੀਆਂ ਦੇ ਭਾਅ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ। ਇਸ ਤੋਂ ਇਲਾਵਾ ਇਨ੍ਹਾਂ ਪਿੰਡਾਂ ਦੇ ਅੰਦਰ ਬੁਲਟ ਟਰੇਨ ਦਾ ਪ੍ਰਾਜੈਕਟ ਵੀ ਤਜਵੀਜਤ ਹੈ ਜਿਸ ਨਾਲ ਪਿੰਡਾਂ ਦੀਆਂ ਜ਼ਮੀਨਾਂ ਹੋਰ ਜ਼ਿਆਦਾ ਘੱਟ ਰਹਿ ਜਾਣਗੀਆਂ। ਇਸੇ ਕਾਰਨ ਹੀ ਰੋਜ਼ਾਨਾ ਪਿੰਡਾਂ ਅੰਦਰ ਨਹਿਰ ਦੀ ਉਸਾਰੀ ਦੇ ਵਿਰੋਧ ਵਿਚ ਕਿਸਾਨਾਂ ਇਕੱਤਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਥੇ ਖੇਤੀ ਯੋਗ ਜ਼ਮੀਨ ਹੀ ਬਹੁਤ ਘੱਟ ਹੋ ਚੁਕੀ ਹੈ ਤਾਂ ਨਹਿਰ ਦੀ ਵੀ ਕਿਸਾਨਾਂ ਨੂੰ ਕੋਈ ਬਹੁਤੀ ਲੋੜ ਬਾਕੀ ਨਹੀਂ ਰਹਿ ਜਾਂਦੀ।
ਉਨ੍ਹਾਂ ਕਿਹਾ ਕਿ ਜੇਕਰ ਫੇਰ ਵੀ ਪੰਜਾਬ ਸਰਕਾਰ ਇਸ ਤਜਵੀਜ਼ਤ ਨਹਿਰ ਦੀ ਉਸਾਰੀ ਕਰਨਾ ਹੀ ਚਾਹੁੰਦੀ ਹੈ ਤਾਂ ਕਿਸਾਨਾਂ ਨੂੰ ਸਭ ਤੋਂ ਪਹਿਲਾਂ ਭਰੋਸੇ ਵਿਚ ਲੈ ਕੇ ਹੀ ਇਸ ਨਹਿਰ ਦਾ ਕੰਮ ਸ਼ੁਰੂ ਕਰੇ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਲਵਲੀ, ਬਹੁ ਮੰਤਵੀ ਖੇਤੀਬਾੜੀ ਸੁਸਾਇਟੀ ਦੇ ਸਾਬਕਾ ਪ੍ਰਧਾਨ ਅਮਰ ਸਿੰਘ ਚੂਹੜ ਮਾਜਰਾ, ਸਾਬਕਾ ਸਰਪੰਚ ਚਰਨ ਸਿੰਘ, ਕੁਲਵੀਰ ਸਿੰਘ ਬਿੱਟੂ, ਧਨਵੰਤ ਸਿੰਘ, ਤੇਜਿੰਦਰ ਸਿੰਘ ਸਿੱਧੂ, ਕਰਮਜੀਤ ਸਿੰਘ, ਮਨਿੰਦਰ ਸਿੰਘ, ਹਰਨੇਕ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ, ਚਮਕੌਰ ਸਿੰਘ ਅਤੇ ਸਤਵਿੰਦਰ ਸਿੰਘ ਆਦਿ ਮੌਜੂਦ ਸਨ।