ਡਾਟਾ ਐਂਟਰੀ 17 ਲੱਖੀ ਠੱਗੀ ਮਾਮਲਾ: ਮੁਲਜ਼ਮ ਸਾਗਰ ਮਿਸ਼ਰਾ ਨੂੰ ਜੇਲ ਭੇਜਿਆ
ਮੁਹਾਲੀ ਪੁਲੀਸ ਵੱਲੋਂ ਬੀਤੇ ਦਿਨ ਪਹਿਲਾਂ ਮੁੰਬਈ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਮੁਲਜ਼ਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਮੁਹਾਲੀ ਪੁਲੀਸ ਵੱਲੋਂ 17 ਲੱਖ ਰੁਪਏ ਡਾਟਾ ਐਂਟਰੀ ਠੱਗੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਸਾਗਰ ਮਿਸ਼ਰਾ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਮੁਲਜ਼ਮ ਨੂੰ 14 ਦਿਨ ਦੀ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਇਹ ਜਾਣਕਾਰੀ ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਅਤੇ ਜਾਂਚ ਅਧਿਕਾਰੀ ਬਖ਼ਸ਼ੀਸ਼ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਪਹਿਲਾਂ ਮੁਹਾਲੀ ਪੁਲੀਸ ਵੱਲੋਂ ਮੁਲਜ਼ਮ ਨੂੰ ਮੁੰਬਈ ਤੋਂ ਪ੍ਰੋਡਕਸ਼ਨ ਵਾਰੰਟਾਂ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਕਿ ਮੁਲਜ਼ਮ ਦੇ ਦੋ ਹੋਰ ਸਾਥੀ ਵਿਕਰਮ ਸਿੰਘ ਅਤੇ ਦੀਪਕ ਕੁਮਾਰ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਸਬੰਧੀ ਉਕਤ ਮੁਲਜ਼ਮਾਂ ਦੇ ਖ਼ਿਲਾਫ਼ ਬੀਤੀ 30 ਜਨਵਰੀ 2017 ਨੂੰ ਇੱਥੋਂ ਦੇ ਸੈਕਟਰ-67 ਦੇ ਵਸਨੀਕ ਰਾਕੇਸ਼ ਅਰੋੜਾ ਦੀ ਸ਼ਿਕਾਇਤ ’ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ।
ਪੀੜਤ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਨੇ ਸਾਫਟਵੇਅਰ ਡਾਟਾ ਐਂਟਰੀ ਦਾ ਨਵਾਂ ਕੰਮ ਸ਼ੁਰੂ ਕੀਤਾ ਸੀ। ਇਸ ਸਬੰਧੀ ਸਾਫਟਵੇਅਰ ਮੁਹੱਈਆ ਕਰਾਉਣ ਲਈ ਕਿਸੇ ਜਾਣਕਾਰ ਨੇ ਉਕਤ ਵਿਅਕਤੀਆਂ ਨਾਲ ਸਥਾਨਕ ਸਨਅਤੀ ਏਰੀਆ ਦੀ ਇੱਕ ਡਾਟਾ ਸਲੂਸ਼ਨ ਐਂਟਰੀ ਨਾਂ ਦੀ ਕੰਪਨੀ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਵਾਈ ਸੀ। ਇਸ ਦੌਰਾਨ ਸਾਗਰ ਮਿਸ਼ਰਾ, ਵਿਕਰਮ ਸਿੰਘ ਅਤੇ ਦੀਪਕ ਕੁਮਾਰ ਨੇ ਉਸ ਨੂੰ ਲੋੜ ਅਨੁਸਾਰ ਸਾਫਟਵੇਅਰ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਸ ਸਬੰਧੀ ਮੁਲਜ਼ਮਾਂ ਨਾਲ 17 ਲੱਖ ਰੁਪਏ ਵਿੱਚ ਇੱਕ ਐਗਰੀਮੈਂਟ ਕੀਤਾ ਗਿਆ ਸੀ। ਇਕਰਾਰ ਮੁਤਾਬਕ ਵੱਖ-ਵੱਖ ਕਿਸ਼ਤਾਂ ਵਿੱਚ ਸਾਗਰ ਮਿਸ਼ਰਾ ਦੇ ਖਾਤੇ ਵਿੱਚ ਉਕਤ ਰਾਸ਼ੀ ਜਮਾਂ ਕਰਵਾਈ ਸੀ।
ਰਾਜੇਸ਼ ਅਰੋੜ ਮੁਤਾਬਕ ਮੁਲਜ਼ਮਾਂ ਨੇ ਜਿਹੜਾ ਡਾਟਾ ਐਂਟਰੀ ਸਾਫ਼ਟਵੇਅਰ ਮੁਹੱਈਆ ਕਰਵਾਇਆ ਸੀ। ਉਹ ਠੀਕ ਨਾ ਹੋਣ ਕਾਰਨ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਇਆ। ਇਸ ਸਬੰਧੀ ਜਦੋਂ ਉਸ ਨੇ ਕੰਪਨੀ ਪ੍ਰਬੰਧਕਾਂ ਨਾਲ ਤਾਲਮੇਲ ਕੀਤਾ ਤਾਂ ਪਹਿਲਾਂ ਤਾਂ ਮੁਲਜ਼ਮ ਉਸ ਨੂੰ ਇਹ ਕਹਿੰਦੇ ਰਹੇ ਕਿ ਕੁਝ ਦਿਨਾਂ ਬਾਅਦ ਨਵਾਂ ਸਾਫ਼ਟਵੇਅਰ ਮੁਹੱਈਆ ਕਰਵਾਇਆ ਜਾਵੇਗਾ। ਪ੍ਰੰਤੂ ਜਦੋਂ ਪੀੜਤ ਨੇ ਕਿਸੇ ਹੋਰ ਕੰਪਨੀ ਨਾਲ ਸੰਪਰਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਉਕਤ ਕੰਪਨੀ ਦਾ ਡਾਟਾ ਐਂਟਰੀ ਸਾਫ਼ਟਵੇਅਰ ਨਕਲੀ ਹੈ। ਉਸ ਨੇ ਤੁਰੰਤ ਜ਼ਿਲ੍ਹਾ ਪੁਲੀਸ ਨੂੰ ਸ਼ਿਕਾਇਤ ਦੇ ਕੇ ਉਕਤ ਸਾਰੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਅਤੇ ਮੁਲਜ਼ਮ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬਾਕੀ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।