ਮੁਹਾਲੀ ਪ੍ਰੈੱਸ ਕਲੱਬ ਦਾ 13ਵਾਂ ‘ਧੀਆਂ ਦੀ ਲੋਹੜੀ’ ਮੇਲਾ ਯਾਦਗਾਰੀ ਹੋ ਨਿੱਬੜਿਆ

ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਅੰਦੋਲਨ ਸਾਬਿਤ ਹੋਇਐ ਕਿਸਾਨੀ ਸੰਘਰਸ਼: ਡਾ. ਯੋਗਰਾਜ

ਪਰਿਵਾਰ ਵਿੱਚ ਧੀਆਂ ਦੀ ਆਪਣੀ ਵੱਖਰੀ ਹੀ ਮਹੱਤਤਾ ਹੁੰਦੀ ਹੈ: ਕੰਵਰਬੀਰ ਸਿੰਘ ਸਿੱਧੂ

ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਮੁਹਾਲੀ ਪ੍ਰੈੱਸ ਕਲੱਬ ਵੱਲੋਂ ਧੀਆਂ ਦੀ ਲੋਹੜੀ ਦਾ 13ਵਾਂ ਸੱਭਿਆਚਾਰਕ ਮੇਲਾ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਪ੍ਰਸਿੱਧ ਪੰਜਾਬੀ ਗਾਇਕਾਂ, ਗੁਰਕ੍ਰਿਪਾਲ ਸੂਰਾਪੁਰੀ, ਸਤਵਿੰਦਰ ਬੁੱਗਾ, ਏਕਮ ਸਿੰਘ, ਅਮਰ ਸੈਂਹਬੀ, ਸੁਖਪ੍ਰੀਤ ਕੌਰ, ਸੁਰਾਂ ਦੇ ਜਾਦੂਗਰ ਬਲਦੇਵ ਕਾਕੜੀ ਅਤੇ ਪੰਜਾਬੀ ਫ਼ਿਲਮਾਂ ਦੀ ਪਿੱਠਵਰਤੀ ਗਾਇਕਾ ਅਤੇ ‘ਲੌਂਗ-ਲਾਚੀ ਫੇਮ’ ਮੰਨਤ ਨੂਰ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਮਖਣੀ ਸਾਊਂਡ ਦੀਆਂ ਮਨਮੋਹਕ ਧੁਨਾਂ ਉਤੇ ਗੀਤਾਂ ਦੀਆਂ ਪੇਸ਼ਕਾਰੀਆਂ ਨਾਲ ਮੇਲੇ ਨੂੰ ਸ਼ਿਖਰਾਂ ’ਤੇ ਪਹੁੰਚਾ ਦਿੱਤਾ।
ਮੇਲੇ ਦਾ ਅਗਾਜ਼ ਕਿਸਾਨੀ ਸੰਘਰਸ਼ ਵਿੱਚ ਸ਼ਹੀਦੀ ਦਾ ਜਾਮ ਪੀ ਚੁੱਕੇ ਸੂਰਬੀਰਾਂ ਨੂੰ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਸੰਘਰਸ਼ ਦੀ ਜਿੱਤ ਦੀ ਕਾਮਨਾ ਕੀਤੀ ਗਈ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਦੀ ਚੇੇਅਰਪਰਸਨ ਜਸਵਿੰਦਰ ਕੌਰ ਦੁਰਾਲੀ ਅਤੇ ਬ੍ਰਿਗੇਡੀਅਰ (ਰਿਟਾ.) ਰਾਜਿੰਦਰ ਸਿੰਘ ਕਾਹਲੋੋਂ ਅਤੇ ਸ੍ਰ. ਗੁਰਧਿਆਨ ਸਿੰਘ ਨੇ ਵੀ ਹਾਜ਼ਰੀ ਭਰੀ। ਐਡਵੋਕੇਟ ਸਿੱਧੂ ਨੇ ਕਲੱਬ ਵੱਲੋਂ ਧੀਆਂ ਦੀ ਲੋਹੜੀ ਦੀਆਂ ਮਨਾਉਣ ਦੀ ਪਰੰਪਰਾ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੇ ਪਿਤਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਅਖ਼ਤਿਆਰੀ ਕੋਟੇ ’ਚੋਂ ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਕਰਨ ਦਾ ਐਲਾਨ ਕੀਤਾ। ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਕਿ ਪ੍ਰੈੱਸ ਕਲੱਬ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਲਈ ਆਪਣੇ ਵਿਰਸੇ ਨੂੰ ਜਿੰਦਾ ਰੱਖਣ ਦਾ ਮੀਲ ਪੱਥਰ ਦੱਸਿਆ। ਉਨ੍ਹਾਂ ਦਿੱਲੀ ਵਿੱਚ ਕਿਸਾਨਾਂ ਦੇ ਸਫ਼ਲ ਧਰਨੇ ਨੂੰ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਅੰਦੋਲਨ ਦੱਸਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਦੀ ਜਿੱਤ ਯਕੀਨੀ ਹੋਵੇਗੀ।
ਇਸ ਮੌਕੇ ਪਿਛਲੇ ਸਾਲ ਕਲੱਬ ਮੈਂਬਰਾਂ ਦੇ ਪਰਿਵਾਰ ਵਿੱਚ ਸ਼ਾਮਲ ਹੋਈਆਂ ਨਵ-ਜੰਮੀਆਂ ਬੱਚੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਡਾ. ਯੋਗਰਾਜ ਅਤੇ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੇ ਸਾਂਝੇ ਤੌਰ ’ਤੇ ਮੁਹਾਲੀ ਪ੍ਰੈੱਸ ਕਲੱਬ ਦਾ ਕੈਲੰਡਰ ਅਤੇ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਉਨ੍ਹਾਂ ਵੱਲੋਂ ਆਏ ਕਲਾਕਾਰਾਂ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰੋਨਾ ਯੋਧੇ ਮੰਨੇ ਜਾਂਦੇ ਡਾਕਟਰਾਂ ਦੀ ਟੀਮ ਨੂੰ ਵੀ ਕੀਤਾ ਗਿਆ। ਐਫ.ਐਮ. ਰੇਡੀਓ-94.3 ਦੀ ਆਰ.ਜੇ. ਮੀਨਾਕਸ਼ੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ ਅਤੇ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ ਨੇ ਦੱਸਿਆ ਕਿ ਧੀਆਂ ਦੀ ਲੋਹੜੀ ਬਾਲਣ ਦੀ ਰਸਮ ਸਮਾਜ ਸੇਵੀ ਜਗਜੀਤ ਕੌਰ ਕਾਹਲੋਂ ਅਤੇ ਸ੍ਰੀਮਤੀ ਬਲਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਨਿਭਾਈ ਅਤੇ ਬੱਚਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਪ੍ਰੋਗਰਾਮ ਦਾ ਅਗਾਜ਼ ਸੁਰਾਂ ਦੇ ਜਾਦੂਗਰ ਬਲਦੇਵ ਕਾਕੜੀ ਨੇ ਧਾਰਮਿਕ ਗੀਤ ‘ਜੀਤੋ ਪੀ ਲੈ ਪਾਣੀ ਵਾਰ ਕੇ‘ ਅਤੇ ‘ਛੱਲਾ‘ ਗਾ ਕੇ ਕੀਤਾ। ਜੱਸ ਰਿਕਾਰਡਜ਼ ਦੀ ਪੇਸ਼ਕਸ਼ ਸੁਖਪ੍ਰੀਤ ਕੌਰ ਨੇ ਸੁਰੀਲੀ ਅਵਾਜ਼ ਵਿੱਚ ਚਰਚਿਤ ਗੀਤ ‘ਦੋ ਤਾਰਾ ਵੱਜਦਾ ਵੇ‘ ਅਤੇ ‘ਧੀਆਂ ਦੀ ਲੋਹੜੀ‘ ਪੇਸ਼ ਕਰਕੇ ਮੇਲੇ ਨੂੰ ਅੱਗੇ ਤੋਰਿਆ, ਨੌਜਵਾਨ ਗਾਇਕ ਏਕਮ ਸਿੰਘ ਨੇ ‘ਮੈਂ ਤੇਰੀ ਤੂੰ ਮੇਰਾ ਡੋਲ ਨਾ ਜਾਵੀਂ ਵੇ‘ ਅਤੇ ‘ਝਾਂਜਰ ਮੁਲਤਾਨ‘ ਪੇਸ਼ ਕਰਕੇ ਆਪਣੀ ਬੁਲੰਦ ਅਵਾਜ਼ ‘ਚ ਗਾ ਕੇ ਮੇਲੇ ਨੂੰ ਚਾਰ ਚੰਨ ਲਾਏ, ਨੌਜਵਾਨ ਗਾਇਕ ਅਮਰ ਸੈਂਬੀ ਨੇ ‘ਜੁੱਤੀ ਗੋਲਡ ਦੀ‘ ਅਤੇ ‘ਪੱਗ ਦਾ ਸਟਾਇਲ‘ ਪੇਸ਼ ਕਰ ਕੇ ਮੇਲੇ ਵਿੱਚ ਗਰਮੀ ਪੈਦਾ ਕੀਤੀ। ਪੰਜਾਬੀ ਫਿਲਮਾਂ ਦੀ ਪਿੱਠਵਰਤੀ ਗਾਇਕਾ ਮੰਨਤ ਨੂੁਰ ਨੇ ‘ਲੌਂਗ ਲਾਚੀ‘, ‘ਸ਼ੀਸ਼ਾ‘ ਅਤੇ ‘ਮੈਨੂੰ ਗੱਡੀ ਵਿੱਚ ਪੰਜਾਬ ਵਿੱਚ ਘੁਮਾ ਦੇ ਸੋਹਣਿਆਂ’ ਦੀ ਪੇਸ਼ ਕਰਕੇ ਮੇਲੇ ਨੂੰ ਸ਼ਿਖਰਾਂ ’ਤੇ ਪਹੁੰਚਾ ਦਿੱਤਾ। ਉੱਘੇ ਗਾਇਕ ਸਤਵਿੰਦਰ ਬੁੱਗਾ ਨੇ ‘ਛੱਲੇ ਨਾਲ ਜੁਗਨੀ ਅਟੈਚ’ ਹੋ ਗਈ ਅਤੇ ਤੂਤਾਂ ਵਾਲਾ ਖੂਹ ਪੇਸ਼ ਕਰਕੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਅੰਤ ਵਿੱਚ ਗਾਇਕ ਗੁਰਕ੍ਰਿਪਾਲ ਸਿੰਘ ਸੂਰਾਪੁਰੀ ਨੇ ’ਤੇਰੇ ਨਾਲ ਹੱਸ ਕੀ ਲਿਆ ਮੁੰਡਿਆ’, ਐਵੇਂ ਕਾਹਨੂੰ ਪਾਈ ਫਿਰੇ ਝਾਂਜਰਾਂ, ‘ਯਾਰੀ ਲਾ ਕੇ ਜਿਹੜੇ ਮੁੱਖ ਮੋੜ ਜਾਂਦੇ ਨੇ’ ਅਤੇ ਬੋਲੀਆਂ ਪਾ ਕੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਮੇਲੇ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਇਕਬਾਲ ਗੁੰਨੋਮਾਜਰਾ ਨੇ ਬਾਖੂਬੀ ਨਿਭਾਈ। ਉਨ੍ਹਾਂ ਆਪਣੀ ਸ਼ਾਇਰੋ ਸ਼ਾਇਰੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

Load More Related Articles

Check Also

Majitha Hooch Tragedy: Swift Government Action — All 10 Accused Arrested Within 6 Hours

Majitha Hooch Tragedy: Swift Government Action — All 10 Accused Arrested Within 6 Hours CM…