
ਮੁਹਾਲੀ ਦੇ ਵਾਰਡ ਨੰਬਰ-33 ਵਿੱਚ ਮਨਾਈ ‘ਧੀਆਂ ਦੀ ਲੋਹੜੀ’
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਮੁਹਾਲੀ ਦੇ ਵਾਰਡ ਨੰਬਰ-33 ਵਿਖੇ ਬੁੱਧਵਾਰ ਸ਼ਾਮ ਨੂੰ ਸ੍ਰੀਮਤੀ ਦਵਿੰਦਰ ਕੌਰ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ ਅਤੇ ਨਾਲ ਹੀ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਅਤੇ ਸਿਹਤ ਮੰਤਰੀ ਦੇ ਛੋਟੇ ਭਰਾ ਅਮਰਜੀਤ ਸਿੰਘ ਸਿੱਧੂ ਉਰਫ਼ ਜੀਤੀ ਸਿੱਧੂ, ਬੂਟਾ ਸਿੰਘ ਸੋਹਾਣਾ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਮੌਜੂਦਾ ਸਮੇਂ ਵਿੱਚ ਪੰਜਾਬ ਅੰਦਰ ਲਿੰਗ ਅਨੁਪਾਤ ਵਿੱਚ ਵਧੇਰੇ ਸੁਧਾਰ ਹੋਇਆ ਹੈ ਅਤੇ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ ਹੋਇਆ ਹੈ।
ਇਸ ਮੌਕੇ ਵਾਰਡ ਨੰਬਰ-33 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਦਵਿੰਦਰ ਕੌਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ‘ਅਜੋਕੇ ਸਮੇਂ ਵਿੱਚ ਕੁੜੀਆਂ ਅਤੇ ਮੁੰਡਿਆਂ ਵਿਚਕਾਰ ਕੋਈ ਫ਼ਰਕ ਨਹੀਂ ਰਿਹਾ ਹੈ, ਮੌਜੂਦਾ ਸਮੇਂ ਵਿੱਚ ਕੁੜੀਆਂ ਹਰ ਖੇਤਰ ਵਿੱਚ ਵੱਡੀਆਂ ਮੱਲ੍ਹਾਂ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਪੱਤ ਨੂੰ ਵੰਸ਼ ਵਿੱਚ ਵਾਧਾ ਕਰਨ ਵਾਲਾ ਮੰਨਿਆ ਜਾਂਦਾ ਹੈ ਪ੍ਰੰਤੂ ਵੰਸ਼ ਨੂੰ ਅੱਗੇ ਵਧਾਉਣ ਦੀ ਦਾਤ ਅਤੇ ਸ਼ਕਤੀ ਪ੍ਰਮਾਤਮਾ ਨੇ ਅੌਰਤ ਨੂੰ ਬਖ਼ਸ਼ੀ ਹੈ। ਇਸ ਲਈ ਸਾਨੂੰ ਧੀਆਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਜਨਮ ਬੜੇ ਚਾਵਾਂ ਨਾਲ ਜਸ਼ਨ ਮਨਾਉਣੇ ਚਾਹੀਦੇ ਹਨ।
ਇਸ ਮੌਕੇ ਰਾਜ ਕਰਨ ਬੈਦਵਾਨ ਨੇ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜਿਆ ਗਿਆ। ਉਨ੍ਹਾਂ ਕਿਹਾ ਕਿ ‘‘ਬੇਸ਼ੱਕ ਸੁਪਰੀਮ ਕੋਰਟ ਵੱਲੋਂ ਕਾਨੂੰਨਾਂ ਦੇ ਲਾਗੂ ਹੋਣ ’ਤੇ ਰੋਕ ਲਗਾ ਦਿੱਤੀ ਗਈ ਹੈ ਪਰ ਅਸੀਂ ਇਨ੍ਹਾਂ ਕਾਨੂੰਨਾਂ ਦੇ ਰੱਦ ਹੋਣ ਤੱਕ ਆਪਣਾ ਵਿਰੋਧ ਜਾਰੀ ਰੱਖਾਂਗੇ ਅਤੇ ਕਿਸਾਨ ਜਥੇਬੰਦੀਆਂ ਦਾ ਸਾਥ ਦਿੰਦੇ ਰਹਾਂਗੇ।’’