
ਪਿੰਡ ਦਾਊਂ ਵਿੱਚ ਤਿੰਨ ਦਿਨ ਤੋਂ ਨਹੀਂ ਮਿਲ ਰਿਹਾ ਲੋਕਾਂ ਨੂੰ ਪੀਣ ਵਾਲਾ ਪਾਣੀ
ਗੁਆਂਢੀਆਂ ਦੇ ਸਮਰਸੀਬਲ ਪੰਪ ਤੋਂ ਢੋਇਆ ਜਾ ਰਿਹਾ ਹੈ ਪਾਣੀ, ਬਾਜ਼ਾਰੋਂ ਮੰਗਵਾਉਣੇ ਪੈ ਰਹੇ ਪਾਣੀ ਦੇ ਟੈਂਕਰ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਇੱਥੋਂ ਦੇ ਨਜ਼ਦੀਕੀ ਪਿੰਡ ਦਾਊਂ ਦੇ ਬਾਸ਼ਿੰਦੇ ਪਿਛਲੇ ਤਿੰਨ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕ ਕਾਫੀ ਤੰਗ ਪ੍ਰੇਸ਼ਾਨ ਹਨ। ਲੋਕਾਂ ਵੱਲੋਂ ਆਪਣੇ ਖ਼ਰਚੇ ’ਤੇ ਸ਼ਹਿਰ ਤੋਂ ਪਾਣੀ ਦੇ ਟੈਂਕਰ ਮੰਗਵਾ ਕੇ ਆਪਣੀ ਪਿਆਸ ਬੁਝਾਉਣੀ ਪੈ ਰਹੀ ਹੈ। ਇਹੀ ਨਹੀਂ ਕਈ ਪਰਿਵਾਰ ਆਪਣੇ ਗੁਆਂਢੀਆਂ ਦੇ ਘਰਾਂ ’ਚੋਂ ਸਮਰਸੀਬਲ ਪੰਪ ਤੋਂ ਪਾਣੀ ਟੋਹਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸੰਸਦ ਗਰਾਮ ਯੋਜਨਾ ਅਧੀਨ ਪਿੰਡ ਦਾਊਂ ਨੂੰ ਗੋਦ ਲਿਆ ਗਿਆ ਸੀ ਅਤੇ ਆਗੂ ਵੱਲੋਂ ਵਿਕਾਸ ਪੱਖੋਂ ਪਿੰਡ ਦਾਊਂ ਦੀ ਨੁਹਾਰ ਬਦਲਣ ਅਤੇ ਪਿੰਡ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਸੀ। ਲੇਕਿਨ ਸੱਚਾਈ ਇਹ ਹੈ ਕਿ ਮੌਜੂਦਾ ਸਰਦੀ ਦੇ ਮੌਸਮ ਵਿੱਚ ਵੀ ਪਿੰਡ ਵਾਸੀ ਪਾਣੀ ਨੂੰ ਤਰਸ ਗਏ ਹਨ।
ਪਿੰਡ ਦੇ ਉੱਘੇ ਸਮਾਜ ਸੇਵਕ ਅਤੇ ਯੂਥ ਆਗੂ ਨਰੇਸ਼ ਨੇਸ਼ੀ, ਕੁਲਵੰਤ ਸਿੰਘ, ਕੁਲਦੀਪ ਸਿੰਘ, ਘੋਲਾ ਦਾਊਂ, ਗੁਰਮੀਤ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦਾਊਂ ਵਿੱਚ ਪਿਛਲੇ ਤਿੰਨ ਦਿਨ ਤੋਂ ਪਾਣੀ ਦੀ ਸਪਲਾਈ ਨਹੀਂ ਹੋਈ ਹੈ। ਜਿਸ ਕਾਰਨ ਪਿੰਡ ਵਾਸੀ ਪਾਣੀ ਬੂੰਦ ਬੂੰਦ ਨੂੰ ਤਰਸ ਗਏ ਹਨ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਪਾਣੀ ਮੋਟਰ ਵਿੱਚ ਤਕਨੀਕੀ ਨੁਕਸ ਪੈ ਗਿਆ ਹੈ। ਜਿਸ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਸ਼ੁਰੂ ਤੋਂ ਹੀ ਮੁੱਢਲੀ ਸਹੂਲਤਾਂ ਨੂੰ ਤਰਸ ਰਹੇ ਹਨ। ਪਿੰਡ ਦਾਊਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਉਚਿੱਤ ਪ੍ਰਬੰਧ ਨਹੀਂ ਹੈ ਅਤੇ ਕਈ ਹਿੱਸਿਆਂ ਵਿੱਚ ਗਲੀਆਂ-ਨਾਲੀਆਂ ਵੀ ਟੁੱਟੀਆਂ ਹੋਈਆਂ ਹਨ। ਸਫ਼ਾਈ ਦਾ ਵੀ ਮਾੜਾ ਹਾਲ ਹੈ। ਹਲਕੀ ਜਿਹੀ ਬਾਰਿਸ਼ ਹੋਣ ’ਤੇ ਪਿੰਡ ਦੀਆਂ ਗਲੀਆਂ ’ਚੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ।
ਸਮਾਜ ਸੇਵੀ ਆਗੂ ਨਰੇਸ਼ ਨੇਸ਼ੀ ਨੇ ਕਿਹਾ ਕਿ ਸੰਸਦ ਮੈਂਬਰ ਸ੍ਰੀ ਚੰਦੂਮਾਜਰਾ ਵੱਲੋਂ ਉਨ੍ਹਾਂ ਦੇ ਪਿੰਡ ਨੂੰ ਗੋਦ ਲੈਣ ਦੇ ਫੈਸਲੇ ਤੋਂ ਪਿੰਡ ਵਾਸੀਆਂ ਨੂੰ ਵਿਕਾਸ ਦੀ ਆਸ ਬੱਝੀ ਸੀ ਲੇਕਿਨ ਸੰਸਦ ਦੀ ਪਹਿਲਕਦਮੀ ਦੇ ਬਾਵਜੂਦ ਵੀ ਪਿੰਡ ਦੀ ਜੂਨ ਨਹੀਂ ਸੁਧਰੀ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ ਅਤੇ ਪਿੰਡ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਉਧਰ, ਇਸ ਸਬੰਧੀ ਪਿੰਡ ਦਾਊਂ ਦੇ ਸਰਪੰਚ ਅਵਤਾਰ ਸਿੰਘ ਗੋਸਲ ਨਾਲ ਲਗਾਤਾਰ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪ੍ਰੰਤੂ ਸ੍ਰੀ ਗੋਸਲ ਨੇ ਫੋਨ ਨਹੀਂ ਚੁੱਕਿਆ। ਉਧਰ, ਦੂਜੇ ਪਾਸੇ ਖਰੜ ਦੇ ਬੀਡੀਪੀਓ ਸ੍ਰੀ ਜੇ.ਐਸ. ਢਿੱਲੋਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਤੋਂ ਰਿਪੋਰਟ ਤਲਬ ਕਰਕੇ ਜਲਦੀ ਹੀ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਜਾਵੇਗੀ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਇਹ ਵੀ ਪਤਾ ਕਰਨ ਵਾਲੀ ਗੱਲ ਹੈ ਕਿ ਪਿੰਡ ਵਾਸੀਆਂ ਨੂੰ ਪਾਣੀ ਪੰਚਾਇਤੀ ਟਿਊਬਵੈਲ ਤੋਂ ਸਪਲਾਈ ਕੀਤਾ ਜਾ ਰਿਹਾ ਹੈ ਜਾਂ ਜਲ ਸਪਲਾਈ ਵਿਭਾਗ ਦੇ ਟਿਊਬਵੈਲ ਰਾਹੀਂ ਸਪਲਾਈ ਹੋ ਰਹੀ ਹੈ।