
ਸੈਰ ਸਪਾਟਾ ਸੰਮੇਲਨ ਦਾ ਦੂਜਾ ਦਿਨ: ਅਨਮੋਲ ਗਗਨ ਮਾਨ ਨੇ ਆਪਣੇ ਹੱਥੀਂ ਸੇਵੀਆਂ ਵੱਟੀਆਂ
ਪੰਜਾਬ ਦੇ ਵਿਕਾਸ ਤੇ ਸਮਾਜਿਕ ਪਰਿਵਰਤਨ ਲਈ ਅੌਰਤਾਂ ਦੀ ਭੂਮਿਕਾ ਅਹਿਮ: ਅਨਮੋਲ ਗਗਨ ਮਾਨ
ਨਬਜ਼-ਏ-ਪੰਜਾਬ, ਮੁਹਾਲੀ, 12 ਸਤੰਬਰ:
ਪੰਜਾਬ ਸਰਕਾਰ ਵੱਲੋਂ ਐਮਿਟੀ ਯੂਨੀਵਰਸਿਟੀ ਮੁਹਾਲੀ ਵਿੱਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਸੈਰ ਸਪਾਟਾ ਸੰਮੇਲਨ ਅਤੇ ਟਰੈਵਲ ਮਾਰਟ ਦੇ ਦੂਜੇ ਦਿਨ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਜਿੱਥੇ ਵਿਭਾਗ ਵੱਲੋਂ ਪੰਜਾਬ ਦੇ ਵਿਰਾਸਤ ਨੂੰ ਪੇਸ਼ ਕਰਦੀਆਂ ਝਾਕੀਆਂ ਨੂੰ ਗਹੁ ਨਾਲ ਤੱਕਿਆ, ਉੱਥੇ ਪੰਜਾਬ ਦੇ ਲੋਕ ਰੰਗ ਪੇਸ਼ ਕਰਦੇ ਭੰਗੜਾ, ਗਿੱਧਾ, ਕਢਾਈ, ਨਾਲ ਬੁਣਨ ਅਤੇ ਰੂੰ ਕੱਤਣ ਵਾਲੀਆਂ ਬੀਬੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਸਤਕਾਰੀ ਲਈ ਪ੍ਰੇਰਿਆ।
ਇਸ ਦੌਰਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਬੀਬੀਆਂ ਦੇ ਸਮੂਹ ਨਾਲ ਬੈਠ ਕੇ ਆਪਣੇ ਹੱਥੀਂ ਸੇਵੀਆਂ ਵੀ ਵੱਟੀਆਂ ਅਤੇ ਅੌਰਤਾਂ ਨਾਲ ਘਰੇਲੂ ਕੰਮਾਂ-ਕਾਰਾਂ ਸਬੰਧੀ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਅਤੇ ਸਮਾਜਿਕ ਪਰਿਵਰਤਨ ਲਈ ਅੌਰਤਾਂ ਆਪਣੀ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਲਿਹਾਜ਼ਾ ਉਨ੍ਹਾਂ ਨੂੰ ਹਰੇਕ ਕੰਮ ਅਤੇ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਨ੍ਹਾਂ ਸਟਾਲਾਂ ਲਗਾਉਣ ਵਾਲੀਆਂ ਬੀਬੀਆਂ ਅਤੇ ਹੋਰਨਾਂ ਉੱਦਮੀਆਂ ਨਾਲ ਸੈਰ ਸਪਾਟਾ ਸਮਿਟ ਅਤੇ ਟਰੈਵਲ ਮਾਰਟ ਬਾਰੇ ਉਨ੍ਹਾਂ ਦੇ ਵਿਚਾਰ ਜਾਣੇ ਅਤੇ ਇਸ ਦਿਸ਼ਾ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਲਈ। ਸਟਾਲਾਂ ਲਗਾਉਣ ਵਾਲਿਆਂ ਨੇ ਜਿੱਥੇ ਸਰਕਾਰ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ, ਉੱਥੇ ਨਾਲ ਹੀ ਉਨ੍ਹਾਂ ਗੁਆਂਢੀ ਰਾਜਾਂ ਵਿੱਚ ਬ੍ਰਾਂਡ ਪੰਜਾਬ ਨੂੰ ਹੋਰ ਵਧੀਆ ਢੰਗ ਨਾਲ ਪੇਸ਼ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਜਿਵੇਂ ਸਮਾਗਮ ਵਿੱਚ ਪੰਜਾਬ ਦੇ ਲੋਕ ਰੰਗ, ਵਿਰਾਸਤ, ਖਾਣ-ਪੀਣ ਅਤੇ ਪੰਜਾਬ ਦੀਆਂ ਅਣਡਿੱਠੀਆਂ ਥਾਵਾਂ ਨੂੰ ਪੇਸ਼ ਕੀਤਾ ਗਿਆ ਹੈ, ਉਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਲੱਗਣ ਵਾਲੇ ਮੇਲਿਆਂ ਵਿੱਚ ਵੀ ਪੰਜਾਬ ਸਰਕਾਰ ਨੂੰ ਅਜਿਹੇ ਸਟਾਲ ਜ਼ਰੂਰ ਲਗਾਉਣ ’ਤੇ ਜ਼ੋਰ ਦਿੱਤਾ। ਇਸ ਸਬੰਧੀ ਸੈਰ ਸਪਾਟਾ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਲੱਗਣ ਵਾਲੇ ਅਜਿਹੇ ਮੇਲਿਆਂ ਵਿੱਚ ਬ੍ਰਾਂਡ ਪੰਜਾਬ ਨੂੰ ਹੋਰ ਬਿਹਤਰ ਢੰਗ ਨਾਲ ਪੇਸ਼ ਕੀਤਾ ਜਾਵੇਗਾ।