
ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ, ਸਾਲਾਨਾ ਸਮਾਗਮ ਤੇ ਖੂਨਦਾਨ ਕੈਂਪ 3 ਦਸੰਬਰ ਨੂੰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਚੱਲਿਆ। ਜਿਸ ਵਿੱਚ ਭਾਈ ਬਲਬੀਰ ਸਿੰਘ ਪਾਰਸ ਦੇ ਇੰਟਰਨੈਸ਼ਨਲ ਢਾਡੀ ਜਥੇ ਨੇ ਗੁਰੂ ਨਾਨਕ ਦੇਵ ਦੇ ਜੀਵਨ ਬ੍ਰਿਤਾਂਤ ਅਤੇ ਚਾਰ ਉਦਾਸੀਆਂ ਦਾ ਪ੍ਰਸੰਗ ਢਾਡੀ ਵਾਰਾਂ ਵਿੱਚ ਸੁਣਾਇਆ। ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਆਪਣੇ ਰਸ-ਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਇਲਾਹੀ ਬਾਣੀ ਸੁਣਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਗਿਆਨੀ ਜਸਵੰਤ ਸਿੰਘ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਬਾਬਾ ਬੁੱਢਾ ਜੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗੰ੍ਰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਵਾਉਣ ਬਾਰੇ ਦੱਸਿਆ। ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲੇ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਮਹੱਤਤਾ ਦੱਸਦਿਆਂ ਸੰਗਤ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਪੇ੍ਰਰਿਆ।

ਇਸ ਮੌਕੇ ਸੰਤ ਬਾਬਾ ਹਰਪਾਲ ਸਿੰਘ ਰਤਵਾੜਾ ਸਾਹਿਬ, ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਲੁਧਿਆਣਾ ਵਾਲੇ, ਭਾਈ ਸੰਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ, ਭਾਈ ਗੁਰਦੀਪ ਸਿੰਘ, ਭਾਈ ਗੁਰਿੰਦਰ ਸਿੰਘ, ਭਾਈ ਅਮਰਜੀਤ ਸਿੰਘ ਖਾਲਸਾ, ਭਾਈ ਜਸਪਾਲ ਸਿੰਘ, ਬੀਬੀ ਰਵਿੰਦਰ ਕੌਰ ਖਾਲਸਾ, ਭਾਈ ਸੁਖਵਿੰਦਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਹਰਬਖ਼ਸ਼ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਜਸਵੰਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਾਰੇ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ।
ਉਧਰ, ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਜਨਮ ਦਿਹਾੜਾ ਭਲਕੇ 3 ਦਸੰਬਰ ਨੂੰ ਇਸ ਅਸਥਾਨ ’ਤੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਸਾਰਾ ਦਿਨ ਚੱਲਣ ਵਾਲੇ ਧਾਰਮਿਕ ਸਮਾਗਮ ਦੌਰਾਨ ਭਾਈ ਮਹਿਲ ਸਿੰਘ ਦਾ ਇੰਟਰਨੈਸ਼ਨਲ ਕਵੀਸ਼ਰੀ ਜਥਾ, ਬੀਬੀ ਦਲੇਰ ਕੌਰ ਖਾਲਸਾ ਪੰਡੋਰੀ ਖ਼ਾਸ ਵਾਲਿਆਂ ਦਾ ਇੰਟਰਨੈਸ਼ਨਲ ਦਾ ਪੰਥਕ ਢਾਡੀ ਜਥਾ, ਭਾਈ ਗੁਰਪ੍ਰੀਤ ਸਿੰਘ ਇੰਟਰਨੈਸ਼ਨਲ ਪੰਥਕ ਢਾਡੀ ਜਥਾ, ਭਾਈ ਜੁਝਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਪਿੰਦਰਪਾਲ ਸਿੰਘ ਲੁਧਿਆਣਾ ਵਾਲੇ ਅਤੇ ਹੋਰ ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰਚਾਰਕ ਸੰਗਤ ਨੂੰ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਮੈਗਾ ਖੂਨਦਾਨ ਕੈਂਪ ਲਗਾਇਆ ਜਾਵੇਗਾ। ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।