
ਡੀਸੀ ਅਮਿਤ ਤਲਵਾੜ ਨੇ ਖੇਤੀਬਾੜੀ ਨਾਲ ਸਬੰਧਤ ਵਿਭਾਗਾਂ ਦੇ ਕੰਮਾਂ ਦੀ ਕੀਤੀ ਸਮੀਖਿਆ
ਪੰਚਾਇਤੀ ਵਿਭਾਗ ਨਾਲ ਤਾਲਮੇਲ ਕਰਕੇ ਮੱਛੀ ਉਤਪਾਦਕਾਂ ਨੂੰ ਟੋਭੇ ਲੀਜ਼ ’ਤੇ ਦਿੱਤੇ ਜਾਣਗੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਖੇਤੀਬਾੜੀ ਦੇ ਅਲਾਈਡ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੀਖਿਆ ਕੀਤੀ। ਮੀਟਿੰਗ ਵਿੱਚ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਡੇਅਰੀ, ਸਹਿਕਾਰਤਾ ਅਤੇ ਮੱਛੀ ਪਾਲਣ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ।
ਡੀਸੀ ਤਲਵਾੜ ਨੇ ਦੱਸਿਆ ਕਿ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਦੀ ਮੰਗ ਅਨੁਸਾਰ ਡਿਮਾਂਡ ਸਰਵੇ ਕਰਵਾਇਆ ਜਾਵੇ ਤਾਂ ਜੋ ਕਿਸਾਨਾਂ ਦੇ ਅਸਲ ਮੁੱਦਿਆਂ ਨਾਲ ਫਸਲੀ ਵਿਭਿੰਨਤਾ ਵਰਗੇ ਉਪਰਾਲੇ ਅਮਲ ਵਿੱਚ ਲਿਆਂਦੇ ਜਾ ਸਕਣ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਟੋਭਿਆਂ ਦੀ ਰੈਨੋਵੇਸ਼ਨ, ਭੂਮੀ ਰੱਖਿਆ ਅਤੇ ਪੰਚਾਇਤੀ ਵਿਭਾਗ ਨਾਲ ਤਾਲਮੇਲ ਕਰਕੇ ਮੱਛੀ ਉਤਪਾਦਕਾਂ ਨੂੰ ਟੋਭੇ ਲੀਜ਼ ’ਤੇ ਦਿੱਤੇ ਜਾਣਗੇ।
ਸ੍ਰੀ ਤਲਵਾੜ ਵੱਲੋਂ ਡੇਅਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਅਰੀ ਦੇ ਧੰਦਿਆਂ ਨਾਲ ਸਬੰਧਤ ਮੌਕਿਆਂ ਦਾ ਪ੍ਰਚਾਰ ਕਰਨ ਲਈ ਅਵੇਅਰਨੈੱਸ ਕੈਂਪ ਲਗਾਏ ਜਾਣ ਅਤੇ ਕਿਸਾਨਾਂ ਨੂੰ ਡੇਅਰੀ ਦੇ ਕੰਮ ਨਾਲ ਜੋੜਨ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਸ ਤੋਂ ਇਲਾਵਾ ਚਾਹਵਾਨ ਕਿਸਾਨਾਂ ਨੂੰ ਟਰੇਨਿੰਗ ਅਤੇ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਮੋਹਾਲੀ ਦੇ ਨੇੜੇ ਸਬਜ਼ੀ ਅਤੇ ਫਲਾਂ ਦੀ ਮੰਗ ਝੋਨੇ ਦੀ ਥਾਂ ਵਧੇਰੇ ਹੈ ਇਸ ਲਈ ਨਵੇਂ ਬਾਗ ਅਤੇ ਖੇਤੀ ਵਿੱਚ ਸਬਜ਼ੀਆਂ ਦੀ ਉਗਵਾਈ ਨੂੰ ਉਤਸ਼ਾਹਿਤ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਤਿਆਰ ਕੀਤੇ ਗਏ ਉਤਪਾਦਕਾਂ ਦਾ ਮੰਡੀਕਰਨ ਲਈ ਪੰਜਾਬ ਐਗਰੋ ਸੰਸਥਾ ਨਾਲ ਅਗੇਤਾ ਪ੍ਰਬੰਧ ਕੀਤਾ ਜਾਵੇਗਾ ਇਸ ਤੋਂ ਇਲਾਵਾ ਬਾਗਬਾਨੀ ਦੇ ਧੰਦਿਆਂ ਸਬੰਧੀ ਕਰਜ਼ੇ ਲਈ ਬੈਂਕਾਂ ਨੂੰ ਨਾਲ ਜੋੜਿਆ ਜਾਵੇਗਾ। ਉਨ੍ਹਾਂ ਵੱਲੋਂ ਸਹਿਕਾਰਤਾ ਵਿਭਾਗ ਨੂੰ ਹਦਾਇਤ ਕੀਤੀ ਕਿ ਛੋਟੀਆਂ ਇਕਾਈਆਂ ਅਤੇ ਹੈਲਪ ਸੈੱਲਫ਼ ਗਰੁੱਪ ਅਤੇ ਐਫ਼ਪੀਓ ਨੂੰ ਨਾਲ ਲੈ ਕੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਇਸ ਮੌਕੇ ਸਹਾਇਕ ਕਮਿਸ਼ਨਰ ਤਰਸੇਮ ਚੰਦ, ਮੁੱਖ ਖੇਤੀਬਾੜੀ ਅਫ਼ਸਰ ਰਾਜੇਸ਼ ਰਹੇਜਾ, ਡਿਪਟੀ ਡਾਇਰੈਕਟਰ ਡੇਅਰੀ ਗੁਰਇੰਦਰ ਪਾਲ ਸਿੰਘ ਕਾਹਲੋਂ ਅਤੇ ਹੋਰ ਅਧਿਕਾਰੀ ਮੌਜੂਦ ਸਨ।